21 April 2008

ਜੇ ਅੱਗ ਲਾਇਆ ਹੀ ਸੜਨੀ ਸੀ - ਸਾਬਰਕੋਟੀ

ਜੇ ਅੱਗ ਲਾਇਆ ਹੀ ਸੜਨੀ ਸੀ ਤੇਰੇ ਖਤਾਂ ਨਾਲ ਸੜ ਜਾਣੀ ਸੀ
ਜੇ ਪਾਣੀਆਂ ਦੇ ਵਿੱਚ ਹੜਨੀ ਸੀ ਤੇਰੇ ਫੋਟੋ ਨਾਲ ਹੜ੍ਹ ਜਾਣੀ ਸੀ

ਤੇਰੇ ਸਾਰੇ ਵਾਅਦੇ ਟੁੱਟ ਗਏ ਨੇ, ਸਾਡੀ ਆਸ ਦਾ ਟੁੱਟਣਾ ਬਾਕੀ ਏ
ਜ੍ਹੀਦੇ ਵਿੱਚ ਤੇਰੀ ਯਾਦ ਪਈ, ਦਿਲ ਕੱਢ ਕੇ ਸੁੱਟਣਾ ਬਾਕੀ ਏ।

ਦੁੱਖ ਦੇਣੀਏ ਕੀ ਕਰੀਏ, ਸਾਨੂੰ ਰੋਗ ਅਵੱਲੜੇ ਲਾ ਗਈ ਏ
ਅਸੀਂ ਉਜੜੇ ਉਜੜੇ ਫਿਰਦੇ ਆਂ ਟੇਡੇ ਰਾਹਾਂ ਵਿੱਚ ਪਾ ਗਈ ਏ
ਸਾਡੀ ਜਿੰਦ ਸੂਲੀ 'ਤੇ ਟੰਗੀ ਗਈ, ਇੱਕ ਸਾਹ ਦਾ ਮੁੱਕਣਾ ਬਾਕੀ ਏ

ਸਾਡੇ ਹਾਸੇ ਸਾਥੋਂ ਰੁੱਸ ਗਏ ਨੇ, ਹੰਝੂਆਂ ਨਾਲ ਪੈ ਗਈ ਯਾਰੀ ਨੀਂ
ਜੀਹਦਾ ਦੁਨਿਆਂ 'ਤੇ ਕੋਈ ਦਾਰੂ ਨਾ, ਲਾਈ ਐਸੀ ਬੀਮਾਰੀ ਨੀਂ
ਫੱਟ ਰਿਸਦੇ ਤਾਂ ਰੋਕ ਲਏ, ਧੜਕਣ ਦਾ ਰੁੱਕਣਾ ਬਾਕੀ ਏ

ਤੂੰ ਕੀ ਨਹੀਂ ਕੀਤਾ ਬੇਦਰਦੇ ਸਾਨੂੰ ਮਿੱਟੀ ਵਿੱਚ ਮਿਲਾਉਣ ਲਈ,
ਨਿਜ਼ਾਮਪੁਰੀਏ ਕਾਲੇ ਨੇ ਲਾਈਆਂ ਸੀਂ ਤੋੜ ਨਿਭਾਉਣ ਲਈ,
ਅਸੀਂ ਵਾਂਗ ਤਵੀਤਾਂ ਸੁੱਕ ਗਏ ਆਂ, ਦਰ ਮੌਤ ਦੇ ਢੁੱਕਣਾ ਬਾਕੀ ਏ

- ਸਾਬਰਕੋਟੀ
()

No comments: