14 June 2007

ਰੁਲ ਰਹੀਂ ਪੰਜਾਬੀ ਮਾਂ ਬੋਲੀ ਆਪਣੇ ਹੀ ਸੂਬੇ 'ਚ

ਪੰਜਾਬੀ ਸੂਬਾ ਪੰਜਾਬ ਦੀ ਮਾਂ ਬੋਲੀ ਨੂੰ ਲੈ ਕੇ ਹੋਂਦ ਵਿਚ ਆਇਆ ਸੀ। ਪੰਜਾਬ ਵਿਚ ਬੇਸ਼ੱਕ ਅਨੇਕਾਂ ਮੁੱਖ ਮੰਤਰੀ ਆੲੇ ਪਰ ਪੰਜਾਬੀ ਮਾਂ ਬੋਲੀ ਪ੍ਰਤੀ ਜੋ ਸਖ਼ਤ ਕਦਮ ਸਾਬਕ ਮੁੱਖ ਮੰਤਰੀ ਸ: ਪ੍ਰਤਾਪ ਸਿੰਘ ਕੈਰੋਂ ਤੇ ਸ: ਲਛਮਣ ਸਿੰਘ ਗਿੱਲ ਨੇ ਉਠਾੲੇ ਸਨ, ਉਹ ਕਿਸੇ ਹੋਰ ਨੇ ਨਹੀਂ ਉਠਾੲੇ। ਦਿਨੋ-ਦਿਨ ਪੰਜਾਬੀ ਮਾਂ ਬੋਲੀ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ। ਇਸ ਵਿਚ ਸਭ ਤੋਂ ਵੱਡਾ ਹਿੱਸਾ ਪੰਜਾਬ ਦੀ ਅਫ਼ਸਰਸ਼ਾਹੀ ਦਾ ਹੈ ਜੋ ਪੰਜਾਬੀ ਨੂੰ ਛੱਡ ਕੇ ਅੰਗਰੇਜ਼ੀ ਵਿਚ ਕੰਮ ਕਰਨ ਨੂੰ ਤਰਜੀਹ ਦਿੰਦੀ ਹੈ। ਸਭ ਤੋਂ ਅਹਿਮ ਵਿਭਾਗ ਪੰਜਾਬ ਦਾ ਲੋਕ ਸੰਪਰਕ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਹਾਲ ਹੀ ਵਿਚ ਲੋਕ ਸੰਪਰਕ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਸਮੂਹ ਲੋਕ ਸੰਪਰਕ ਦਫ਼ਤਰਾਂ ਨੂੰ ਸਰਕਾਰ ਦੀ ਕਾਰਗੁਜ਼ਾਰੀ ਸਬੰਧੀ ਪੱਤਰ ਲਿਖਿਆ ਹੈ ਜੋ ਅੰਗਰੇਜ਼ੀ ਵਿਚ ਹੈ। ਸ਼੍ਰੋਮਣੀ ਅਕਾਲੀ ਦਲ ਇਕ ਅਜਿਹੀ ਪਾਰਟੀ ਹੈ ਜਿਸ ਨੇ ਪੰਜਾਬੀ ਸੂਬਾ ਸਥਾਪਿਤ ਕਰਨ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਪ੍ਰੰਤੂ ਅਕਾਲੀ ਸਰਕਾਰ ਮੌਕੇ ਹੀ ਪੰਜਾਬੀ ਨੂੰ ਉਹ ਰੁਤਬਾ ਨਹੀਂ ਦਿੱਤਾ ਜਾ ਸਕਿਆ ਜੋ ਦੇਣਾ ਬਣਦਾ ਸੀ। ਹਰ ਰੋਜ਼ ਪੰਜਾਬ ਦਾ ਲੋਕ ਸੰਪਰਕ ਵਿਭਾਗ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਵਾਲੇ ਇਸ਼ਤਿਹਾਰ ਨਸ਼ਰ ਕਰ ਰਿਹਾ ਹੈ। ਇਨ੍ਹਾਂ ਇਸ਼ਤਿਹਾਰਾਂ ਵਿਚ ਪਿੰਡਾਂ ਦੇ ਨਾਮ ਹੀ ਬਦਲ ਦਿੱਤੇ ਹਨ। ਜੋ ਇਸ਼ਤਿਹਾਰ ਮਾਰਗਾਂ ਸਬੰਧੀ ਛਪਿਆ ਹੈ ਉਸ ਵਿਚ ‘ਕੋਟ ਈਸੇ ਖਾਂ’ ਦੀ ਥਾਂ ’ਤੇ ‘ਕੋਟ ਇਸੇ ਖਾਨ’ ਲਿਖਿਆ ਹੈ। ਇਸੇ ਤਰ੍ਹਾਂ ਤਾਪ ਬਿਜਲੀ ਘਰ ‘ਲਹਿਰਾ ਮੁਹੱਬਤ’ ਦੀ ਥਾਂ ‘ਲਹਿਰਾ ਮੋਹੱਬਤ’ ਲਿਖਿਆ ਹੈ। ਦਿਲਚਸਪ ਗੱਲ ਇਹ ਹੈ ਕਿ ਦਿੱਲੀ-ਅੰਮ੍ਰਿਤਸਰ ਰਾਸ਼ਟਰੀ ਮਾਰਗ ਉਪਰ ਪੰਜਾਬੀ ਵਿਚ ਬੋਰਡ ਸ਼ੰਭੂ ਤੋਂ ਸ਼ੁਰੂ ਹੁੰਦੇ ਹਨ ਜੋ ਪੰਜਾਬੀ ਦੀਆਂ ਧੱਜੀਆਂ ਇਸ ਰਾਸ਼ਟਰੀ ਕੰਪਨੀ ਨੇ ਉਡਾਈਆਂ ਹਨ ਉਸ ਦਾ ਰੱਬ ਹੀ ਰਾਖਾ ਹੈ। ਇਥੋਂ ਤੱਕ ਕਿ ਟੌਹੜਾ ਪਿੰਡ ਨੂੰ ਟੌਡਾ, ਕੌੜੀ ਪਿੰਡ ਨੂੰ ਕੌਡੀ ਸਮੇਤ ਅੰਮ੍ਰਿਤਸਰ ਤੱਕ ਅਨੇਕਾਂ ਹੀ ਗਲਤੀਆਂ ਕਰਕੇ ਪਿੰਡਾਂ ਦੇ ਨਾਮਕਰਨ ਹੀ ਬਦਲ ਦਿੱਤੇ ਹਨ। ਸਰਕਾਰੀ ਵਿਭਾਗਾਂ ’ਚ ਪੰਜਾਬੀ ਮਾਂ ਬੋਲੀ ਦਾ ਦਰਜਾ : ਪੰਜਾਬ ਦੇ ਸਰਕਾਰੀ ਵਿਭਾਗਾਂ ਵਿਚ ਪੰਜਾਬੀ ਮਾਂ ਬੋਲੀ ਸਿਰਫ ਨਾਮਾਤਰ ਰਹਿ ਗਈ ਹੈ। ਕਈ ਵਿਭਾਗਾਂ ਨੇ ਜਿਥੇ ਪੱਤਰ ਜਾਣਾ ਹੁੰਦਾ ਹੈ ਅਤੇ ਜਿਸ ਵੱਲੋਂ ਭੇਜਿਆ ਜਾਂਦਾ ਹੈ, ਨੂੰ ਪੰਜਾਬੀ ਵਿਚ ਛਾਪ ਕੇ ਪੱਤਰ ਦਾ ਸਾਰਾ ਹੀ ਮਜ਼ਬੂਨ ਅੰਗਰੇਜ਼ੀ ਵਿਚ ਲਿਖਿਆ ਹੁੰਦਾ ਹੈ। ਪੰਜਾਬ ਬਿਜਲੀ ਬੋਰਡ ’ਚ ਇਹ ਵਰਤਾਰਾ ਅਕਸਰ ਦੇਖਿਆ ਜਾ ਸਕਦਾ ਹੈ। ਇਕ ਹੋਰ ਦਿਲਚਸਪ ਗੱਲ ਇਹ ਹੈ ਕਿ ਪੰਜਾਬ ਬਿਜਲੀ ਬੋਰਡ ਦੇ ਸਾਰੇ ਤਬਾਦਲੇ ਅੰਗਰੇਜ਼ੀ ਵਿਚ ਜਾਰੀ ਹੁੰਦੇ ਹਨ। ਬਹੁਤ ਸਾਰੇ ਨੌਕਰਸ਼ਾਹ (ਆਈ.ੲੇ.ਐਸ. ਜਾਂ ਆਈ.ਪੀ.ਐਸ.) ਪੰਜਾਬ ਵਿਚ ਸਥਾਪਿਤ ਹੋ ਗੲੇ ਹਨ ਪ੍ਰੰਤੂ ਇਨ੍ਹਾਂ ਦਾ ਨਾ ਤਾਂ ਪੰਜਾਬੀ ਮਾਂ ਬੋਲੀ ਨਾਲ ਕੋਈ ਸਬੰਧ ਹੈ ਅਤੇ ਨਾ ਹੀ ਪੰਜਾਬੀ ਸੱਭਿਆਚਾਰ ਤੋਂ ਜਾਣੂ ਹਨ। ਭਾਸ਼ਾ ਵਿਭਾਗ ਵੱਲੋਂ ਲਈ ਜਾਂਦੀ ਪ੍ਰਬੋਧ ਪ੍ਰੀਖਿਆ ਰਾਹੀਂ ਇਹ ਲੋਕ ਪੰਜਾਬੀ ’ਚ ਮੁਹਾਰਤ ਵਾਲੇ ਬਣ ਜਾਂਦੇ ਹਨ। ਇਸ ਪ੍ਰੀਖਿਆ ਦਾ ਪੱਧਰ ਇਹ ਹੈ ਕਿ ਅੱਧੇ ਤੋਂ ਵੱਧ ਪਰਚਾ ਅਬਜ਼ੈਕਟਿਵ ਟਾਈਪ (ਸਿਰਫ ਨਿਸ਼ਾਨੀਆਂ ਲਗਾਉਣਾ) ਵਾਲਾ ਹੁੰਦਾ ਹੈ। ਜੇਕਰ ਇਸ ਦਾ ਪੱਧਰ ਉੱਚਾ ਕਰ ਦਿੱਤਾ ਜਾਵੇ ਤਾਂ ਸਬੰਧਿਤ ਅਧਿਕਾਰੀ ਜ਼ਰੂਰ ਪੰਜਾਬੀ ਪੜ੍ਹ ਕੇ ਹੀ ਪਰਚਾ ਦੇਵੇ। 75 ਅਧਿਕਾਰੀ ਤੇ 79 ਕਰਮਚਾਰੀ ਕੋਤਾਹੀ ਕਰਦੇ ਪਾੲੇ : ਭਾਸ਼ਾ ਵਿਭਾਗ ਅਨੁਸਾਰ ਪਿਛਲੇ ਵਰ੍ਹੇ 2006 ਵਿਚ ਭਾਸ਼ਾ ਵਿਭਾਗ ਨੇ ਪੰਜਾਬ ਵਿਚ 1100 ਦਫਤਰਾਂ ਦੀ ਪੜਤਾਲ ਕੀਤੀ। ਇਨ੍ਹਾਂ ਵਿਚ 75 ਅਧਿਕਾਰੀ ਅਤੇ 79 ਕਰਮਚਾਰੀ ਪੰਜਾਬੀ ’ਚ ਕੰਮ ਨਾ ਕਰਨ ਦੀ ਕੋਤਾਹੀ ਕਰਦੇ ਪਾੲੇ ਗੲੇ। ਇਸੇ ਤਰ੍ਹਾਂ ਇਸ ਵਰ੍ਹੇ ਵਿਚ ਪਹਿਲੇ 4 ਮਹੀਨਿਆਂ ’ਚ 350 ਦਫਤਰ ਭਾਸ਼ਾ ਵਿਭਾਗ ਵੱਲੋਂ ਪੜਤਾਲੇ ਗੲੇ, 11 ਅਧਿਕਾਰੀ ਅਤੇ 30 ਕਰਮਚਾਰੀ ਪੰਜਾਬੀ ’ਚ ਕੰਮ ਨਾ ਕਰਨ ਦੇ ਦੋਸ਼ ਅਧੀਨ ਪਾੲੇ ਗੲੇ। ਇਨ੍ਹਾਂ ਵਿਰੁੱਧ ਜਦੋਂ ਸਬੰਧਤ ਵਿਭਾਗਾਂ ਨੂੰ ਲਿਖਿਆ ਤਾਂ 3 ਅਧਿਕਾਰੀਆਂ ਅਤੇ 7 ਕਰਮਚਾਰੀਆਂ ਵਿਰੁੱਧ ਰਾਜ ਸਰਕਾਰ ਨੇ ਕਾਰਵਾਈ ਕੀਤੀ।

13 June 2007

ਕਿਉਂ ਵਿਸਰ ਗੲੇ ਹਨ ਪੁਰਾਤਨ ਲੋਕ-ਗੀਤ

ਸਾਧਾਰਨ ਲੋਕਾਂ ਦੇ ਮੂੰਹੋਂ ਬੋਲੇ ਲਫਜ਼ਾਂ ਨੂੰ ਤੁਕਬੰਦੀ ਵਿਚ ਪਰੋ ਕੇ ਸੱਭਿਆਚਾਰ ਤੇ ਵਿਰਸੇ, ਸਮਾਜਿਕ ਰਿਸ਼ਤਿਆਂ ਨਾਲ ਜੁੜੀਆਂ ਲਾਈਨਾਂ ਨੂੰ ਪੁਰਾਣੇ ਜ਼ਮਾਨੇ ਵਿਚ ਕੇਵਲ ਗਾਇਕ ਹੀ ਨਹੀਂ, ਘਰਾਂ ਦੀਆਂ ਸੁਆਣੀਆਂ, ਹਲ ਵਾਹੁੰਦਾ ਕਿਸਾਨ, ਖੇਤ ਵਿਚ ਕੰਮ ਕਰਦਾ ਮਜ਼ਦੂਰ ਆਦਿ ਸਮੇਂ-ਸਮੇਂ ਗੁਣਗੁਣਾਉਂਦੇ ਰਹਿੰਦੇ ਸੀ ਅਤੇ ਇਨਸਾਨ ਦਾ ਜੀਵਨ ਗੀਤਾਂ ਦੀ ਸ਼ੁਰੂਆਤ ਤੋਂ ਹੁੰਦਾ ਸੀ ਅਤੇ ਉਹ ਗੀਤਾਂ ਵਿਚ ਮਰ ਜਾਂਦਾ ਸੀ। ਸੱਭਿਆਚਾਰ ਦਾ ਸ਼ੀਸ਼ਾ ਅਖਵਾਉਣ ਵਾਲੇ ਗੀਤਾਂ ਨੂੰ ਅੱਜ ਘਟੀਆ ਤੇ ਹਲਕੀ ਤੁਕਬੰਦੀ ਕਰਕੇ ਕੁਝ ਸੱਭਿਆਚਾਰ-ਦੋਖੀਆਂ ਨੇ ਲੀਰੋ-ਲੀਰ ਕਰ ਦਿੱਤਾ ਹੈ। ਕਲਮਾਂ ਦੇ ਧਨੀ ਕਹਾਉਣ ਵਾਲਿਓ, ਕਿਥੇ ਗੲੇ ਉਹ ਬੱਚੇ ਦੇ ਪਹਿਲੀ ਕਿਲਕਾਰੀ ਮਾਰਨ ਸਮੇਂ ਗਾੲੇ ਜਾਣ ਵਾਲੇ ਗੀਤ ‘ਤੈਂ ਘਰ ਜੰਮਿਆ ਪੁੱਤ ਵੇ ਨਰੰਜਣਾ, ਦਾਰੂ ਪੀ ਕੇ ਬੁੱਕ ਵੇ ਨਰੰਜਣਾ।’ ਕੰਮਾਂਕਾਰਾਂ ਵਿਚ ਰੁੱਝੀ ਮਾਂ ਨੂੰ ਬੱਚਾ ਜਦੋਂ ਤੰਗ ਕਰਦਾ ਸੀ ਤਾਂ ਮਾਂ ਲੋਰੀਆਂ ਦੇ ਕੇ ਸੁਲਾਉਣ ਦਾ ਯਤਨ ਕਰਦੀ ਕਹਿੰਦੀ :
ਲੈ ਲਾ ਕਾਕਾ ਲੋਰੀਆਂ, ਪਹਿਲੀ ਲੋਰੀ ਤੇਰੀ ਮੰਮੀ ਦੇਵੇ,
ਦੂਜੀ ਲੋਰੀ ਤੇਰੀ ਦਾਦੀ ਦੇਵੇ, ਤੇਰਾ ਬਾਪੂ ਵੰਡੇ ਦੰਮਾਂ ਦੀਆਂ ਬੋਰੀਆਂ,
ਲੈ ਲਾ ਕਾਕਾ ਲੋਰੀਆਂ।
ਵਿਆਹਾਂ ਵੇਲੇ ਕੁੜੀ ਦੇ ਘਰ ਸੁਹਾਗ ਗਾੲੇ ਜਾਂਦੇ ਸਨ ਤੇ ਮੁੰਡੇ ਦੇ ਘਰ ਘੋੜੀਆਂ ਗਾ ਕੇ ਸ਼ਗਨ ਪੂਰੇ ਕੀਤੇ ਜਾਂਦੇ ਸੀ। ਔਰਤਾਂ ਇਕੱਠੀਆਂ ਹੋ ਕੇ ਅੱਧੀ-ਅੱਧੀ ਰਾਤ ਤੱਕ ਵਿਆਹ ਦੇ ਕੰਮ ਕਰਦੀਆਂ ਤੇ ਗੀਤ ਗਾਉਂਦੀਆਂ ਸੀ ਪਰ ਆਹ ਨਹੀਂ ਸੀ ਕਿ ਸ਼ਰਾਬ ਪੀ ਕੇ, ਡੀ. ਜੇ. ਲਗਾ ਕੇ ਧੀਆਂ-ਭੈਣਾਂ ਸਾਹਮਣੇ ਦੂਜੀਆਂ ਲੜਕੀਆਂ ਨਾਲ ਡਾਂਸ ਕਰਕੇ ਖੁਦ ਨੂੰ ਆਧੁਨਿਕ ਅਖਵਾਉਣਾ। ਪਤੈ ਕੀ ਗਾਉਂਦੇ ਸੀ :
ਘੋੜੀ ਚੜ੍ਹਿਆ ਵੀਰਾ ਮਾਂ ਦਾ ਨੰਦ ਆ,
ਜਿਉਂ ਤੇਰ੍ਹਵੀਂ ਰਾਤ ਦਾ ਚੰਦ ਆ।
ਤੇ ਫਿਰ ਮੁਟਿਆਰਾਂ, ਭਰਜਾਈਆਂ, ਬੁੱਢੀਆਂ ਔਰਤਾਂ ਗਿੱਧੇ ਵਿਚ ਬੋਲੀਆਂ ਰਾਹੀਂ ਬਰਾਤੀਆਂ ਨੂੰ ਸਿੱਠਣੀਆਂ ਦਿੰਦੀਆਂ, ਪਤਾ ਕੀ ਕਹਿੰਦੀਆਂ ਸੀ-
ਸਾਡੇ ਤਾਂ ਵਿਹੜੇ ਮੁੱਢ ਮਕਈ ਦਾ, ਦਾਣੇ ਤਾਂ ਮੰਗਦਾ ਉਧਲ ਮਈ ਦਾ,
ਭੱਠੀ ਤਪਾਉਣੀ ਪਈ, ਨਿਰਲੱਜਿਓ, ਲੱਜ ਤੁਹਾਨੂੰ ਨਹੀਂ।
ਸੱਭਿਆਚਾਰ ਆਹ ਨਹੀਂ ਸੀ ਕਿ ਆਰਥਿਕਤਾ ਦੀਆਂ ਸ਼ਿਕਾਰ ਹੋ ਕੇ ਰੋਜ਼ੀ-ਰੋਟੀ ਲਈ ਪੇਸ਼ੇ ਵਜੋਂ ਕੰਮ ਕਰਦੀਆਂ ਆਰਕੈਸਟਰਾ ਵਾਲੀਆਂ ਲੜਕੀਆਂ ਦੇ ਸਿਰ ਤੋਂ ਹੱਥ ਫੜ ਕੇ ਨੋਟ ਵਾਰਨੇ। ਡੋਲੀ ਵੇਲੇ ਦਾ ਮਾਹੌਲ ਵੇਖਿਐ ਕਦੀ? ਕੁੜੀ ਸਾਰੇ ਸਮਾਜਿਕ ਰਿਸ਼ਤਿਆਂ ਤੋਂ ਵਿਛੜਨ ਲੱਗਿਆਂ ਅਰਜੋਈ ਕਿਵੇਂ ਕਰਦੀ ਐ-
‘ਬਾਬਲ ਵਿਦਾ ਕਰੇਂਦਿਆਂ, ਵੇ ਮੈਨੂੰ ਰੱਖ ਲੈ ਅੱਜ ਦੀ ਰਾਤ ਵੇ,
ਸਾਡਾ ਚਿੜੀਆਂ ਦਾ ਚੰਬਾ ਵੇ, ਬਾਬਲ ਅਸੀਂ ਉਡ ਜਾਣਾ।’
ਤੇ ਮਾਤਾ-ਪਿਤਾ ਵੀ ਧੀ ਦੀ ਡੋਲੀ ਸਮੇਂ ਕਿੱਡਾ ਜਿਗਰਾ ਕਰਕੇ ਆਖਦੇ ਸੀ-
‘ਛੱਡ ਦੇ ਬੀਬੀ ਪੀੜ੍ਹੀ ਦੀ ਡੋਰ, ਨੀ ਸਾਡਾ ਕਿਹੜਾ ਜ਼ੋਰ, ਜ਼ੋਰਾਂ ਵਾਲੇ ਲੈ ਨੀ ਗੲੇ।’
ਪਤਾ ਪੰਜਾਬ ਦੇ ਕਿਸਾਨ ਸਿਆਲਾਂ ਦੀ ਤਿੱਖੀ ਠੰਢ ਤੇ ਜੇਠ-ਹਾੜ੍ਹ ਦੀ ਧੁੱਪ ਨੂੰ ਲੋਕ-ਗੀਤਾਂ ਦੇ ਸਹਾਰੇ ਹੀ ਮਹਿਸੂਸ ਤੱਕ ਨਹੀਂ ਸੀ ਕਰਦੇ।
ਗੱਲ ਕੀ ਜੀਵਨ ਦੀ ਕਾਰਜ-ਸ਼ੈਲੀ ਨਾਲ ਸੰਬੰਧਿਤ ਹਰ ਖੇਤਰ ਨੂੰ ਪੰਜਾਬ ਦੇ ਲੋਕਾਂ ਨੇ ਪਿਆਰ ਭਰੇ ਤੇ ਸੁਰੀਲੇ ਗੀਤਾਂ ਨਾਲ ਸ਼ਿੰਗਾਰਿਆ ਹੋਇਆ ਸੀ। ਇਨ੍ਹਾਂ ਰਚਣਹਾਰਿਆਂ ਨੇ ਹਰ ਗੀਤ ਦੇ ਸ਼ਬਦ ਨੂੰ ਆਪਣੇ ਘਰ ਪਰਿਵਾਰ, ਸਮਾਜ, ਕੌਮ, ਦੇਸ਼ ਦੇ ਹਿਤਾਂ ਤੇ ਜਜ਼ਬਾਤਾਂ ਨੂੰ ਮੁੱਖ ਰੱਖ ਕੇ ਕਲਮਬੱਧ ਕੀਤਾ ਸੀ ਅਤੇ ਜੇਕਰ ਪਿਆਰ, ਵਿਛੋੜੇ ਦੇ ਜਜ਼ਬਾਤਾਂ ਨੂੰ ਲਿਖਿਆ ਤਾਂ ‘ਗੱਡੀ ਥੱਲੇ ਆ ਕੇ ਮਰਜੂੰ’, ‘ਘਰੋਂ ਕੱਢ ਕੇ ਲੈ ਜਾਊਂ’ ਵਰਗੇ ਗੀਤ ਨਹੀਂ ਲਿਖੇ, ਸਗੋਂ ਇਉਂ ਲਿਖਿਆ ਕਰਦੇ ਸੀ, ‘ਇਸ਼ਕ ਤੰਦੂਰ ਹੱਡਾਂ ਦਾ ਬਾਲਣ, ਹੌਕਿਆਂ ਨਾਲ ਤਪਾਵਾਂ। ਕੱਢ ਕੇ ਕਾਲਜਾ ਕਰ ਲੈ ਪੇੜੇ, ਹੁਸਨ ਪਲੇਥਣ ਲਾਵਾਂ।’
ਕਲਮਾਂ ਵਾਲਿਓ ਨਿੱਤ ਨਵੇਂ ਸੂਰਜ ਚੜ੍ਹੇ ਪਾਣੀ ਦੇ ਬੁਲਬੁਲੇ ਵਾਂਗ ਹਿੱਟ ਹੋਣ ਦਾ ਸੁਪਨਾ ਛੱਡ ਦਿਓ। ਪੰਜਾਬੀ ਲੋਕ-ਗੀਤ ਸਾਡੇ ਜੀਵਨ ਦੀ ਰੂਹ ਦੀ ਖੁਰਾਕ ਹਨ, ਜ਼ਿੰਦਗੀ ਦੇ ਦੁੱਖਾਂ-ਸੁੱਖਾਂ ਦੇ ਹਾਮੀ ਹਨ, ਧਰਵਾਸੇ ਹਨ ਤੇ ਅਜਿਹਾ ਲਿਖੋ, ਅਜਿਹੀ ਕਲਮ ਚੁੱਕੋ ਕਿ ਤੁਹਾਡੇ ਵੱਲੋਂ ਉਕਰਿਆ ਇਕ-ਇਕ ਸ਼ਬਦ ਸਮਾਜ ਨੂੰ ਹਮੇਸ਼ਾ ਖੁਸ਼ੀ ਦੀ ਮਿੱਠੀ ਮਹਿਕ ਦੇਵੇ।

-ਹਰਮਿੰਦਰ ਸਹਾਰਨ ਮਾਜਰਾ (ਪ੍ਰਸਾਰ ਅਫਸਰ),
ਪਿੰਡ ਤੇ ਡਾਕ: ਸਹਾਰਨ ਮਾਜਰਾ, ਜ਼ਿਲ੍ਹਾ ਲੁਧਿਆਣਾ।
(ਰੋਜ਼ਾਨਾ ਅਜੀਤ ਜਲੰਧਰ)

...ਰਿਸ਼ਤੇ ਭਾਵੇਂ ਲੱਖ ਹੰਢਾਈੲੇ ਪਰ ਨਾਨਕਿਆਂ ਜੇਡ ਨਾ ਕੋਈ

ਦਾਦਕੇ ਪਰਿਵਾਰ ਵੱਲੋਂ ਆਰੰਭੇ ਹਰ ਕਾਰਜ ਵਿਚ ਨਾਨਕਿਆਂ ਦੀ ਵਿਸ਼ੇਸ਼ ਮਹੱਤਤਾ ਰਹੀ ਹੈ। ਖੁਸ਼ੀ-ਖੇੜਿਆਂ ਦੇ ਸਮਾਗਮਾਂ ਵਿਚ ਤਾਂ ‘ਨਾਨਕਾ ਮੇਲ’ ਦੀ ਪੂਰੀ ਟੌਹਰ ਤੇ ਉਚੇਚੀ ਪੁੱਛ-ਪ੍ਰਤੀਤ ਵੀ ਹੁੰਦੀ ਆ ਰਹੀ ਹੈ। ਖੁਸ਼ੀਆਂ ਦੇ ਵੇਲੇ (ਵਿਆਹ-ਸ਼ਾਦੀ ਸਮੇਂ) ਕਿਸੇ ਕਾਰਨ ਹੋਈ ‘ਨਾਨਕਾ ਮੇਲ’ ਦੀ ਗ਼ੈਰ-ਹਾਜ਼ਰੀ ਖੂਬ ਰੜਕਦੀ। ਇਸ ਦਰਦ ਵੇਦਨਾ ਨੂੰ ਇੰਜ ਪ੍ਰਗਟਾਇਆ ਜਾਂਦਾ :
‘ਲੋਈ... ਈ... ਈ, ਰਿਸ਼ਤੇ ਭਾਵੇਂ ਲੱਖ ਹੰਢਾਈੲੇ, ਪਰ ਨਾਨਕਿਆਂ ਜੇਡ ਨਾ ਕੋਈ।’
ਦਾਦਕੇ ਪਰਿਵਾਰ ਵੱਲੋਂ ਜਦ ਕੋਈ ਵੀ ਕਾਰ-ਵਿਹਾਰ (ਧੀ-ਪੁੱਤ ਦੀ ਵਿਆਹ-ਸ਼ਾਦੀ) ਦੀ ਸ਼ੁਰੂਆਤ ਕਰਨੀ ਹੋਵੇ ਤਾਂ ਸਭ ਤੋਂ ਪਹਿਲਾਂ ਨਾਨਕੇ ਪਰਿਵਾਰ ਨਾਲ ਸਲਾਹ-ਮਸ਼ਵਰਾ ਕਰਨ ਦਾ ਮਾਣਮੱਤਾ ਰਿਵਾਜ ਚਲਦਾ ਆ ਰਿਹਾ ਹੈ। ਇਨ੍ਹਾਂ ਕਾਰ-ਵਿਹਾਰਾਂ ’ਤੇ ਪਹੁੰਚਣ ਲਈ ਸਭ ਤੋਂ ਪਹਿਲਾਂ ਨਿਉਂਦਾ ਵੀ ਨਾਨਕੇ ਪਰਿਵਾਰ ਨੂੰ ਹੀ ਦਿੱਤਾ ਜਾਂਦਾ ਹੈ।
ਵਿਆਂਹੁਦੜ (ਕੁੜੀ-ਮੁੰਡੇ) ਦੀ ਮਾਂ ਖੁਦ ਇਹ ਨਿਉਂਦਾ ਦੇਣ ਲਈ ਪੇਕੇ ਘਰ ਪਹੁੰਚਦੀ ਤੇ ਨਾਲ ਭਾਜੀ (ਪਤਾਸੇ, ਬੂੰਦੀ, ਲੱਡੂ ਤੇ ਗੁੰਦਵੇਂ ਲੱਡੂ ਆਦਿ) ਪੇਕੇ ਪਰਿਵਾਰ ਵਿਚ ਵੰਡਦੀ। ਆਪਣੇ ਪੇਕਿਆਂ ਦੀ ਸ਼ਰੀਕੇ-ਬਰਾਦਰੀ (ਚਾਚੇ-ਤਾਇਆਂ) ਨੂੰ ਰਚਾੲੇ ਜਾਣ ਵਾਲੇ ਕਾਰਜ ’ਤੇ ਪਹੁੰਚਣ ਦੀ ਤਾਕੀਦ ਕਰਦੀ। ਵਿਆਹੁਲੇ ਦੀ ਮਾਂ ਵੱਲੋਂ ਦਿੱਤੇ ਜਾਂਦੇ ਇਸ ਨਿਉਂਦੇ ਨੂੰ ਵਿਆਹ ਦੀ ‘ਭੇਲੀ’ ਜਾਂ ‘ਗੰਢੜੀ’ ਵੀ ਆਖਿਆ ਜਾਂਦਾ।
ਇਸ ਤਰ੍ਹਾਂ ਵਿਆਹ ਦੀ ਭੇਲੀ ਜਾਂ ਗੰਢ ਖੁੱਲ੍ਹਣ ਤੋਂ ਬਾਅਦ ‘ਨਾਨਕਾ ਮੇਲ’ ਨੇ ਵਿਆਹ ਤੋਂ ਇਕ ਜਾਂ ਦੋ ਦਿਨ ਪਹਿਲਾਂ ਪਹੁੰਚਣਾ ਹੁੰਦਾ। ਨਾਨਕਾ ਮੇਲ ਦੀ ਆਮਦ ਦੀ ਭਿਣਕ ਪੈਣ ’ਤੇ ਹੀ ਵਿਆਹ ਵਾਲੇ ਘਰ ਪਰਿਵਾਰ ਦੀਆਂ ਨੱਢੀਆਂ ਤੇ ਸੁਆਣੀਆਂ ਉਸ ਦੇ ਸੁਆਗਤ ਲਈ ਅਗਲਵਾਂਢੇ (ਅਗਾਉਂ) ਹੀ ਰਾਹ ਵਿਚ ਆਣ ਖਲੋਂਦੀਆਂ ਅਤੇ ਆਉਂਦੇ ਨਾਨਕੇ ਪਰਿਵਾਰ ਨੂੰ ਦੇਖ ਕੇ ਉੱਚੀ-ਉੱਚੀ ਤੇ ਲੰਮੀ ਹੇਕ ਵਿਚ ਇੰਜ ਗਾਉਣਾ ਸ਼ੁਰੂ ਕਰ ਦਿੰਦੀਆਂ :
‘ਹੁਣ ਕਿਧਰ ਗਈਆਂ ਵੇ ਮੁੰਡਿਆ,
ਨੀ ਕੁੜੀੲੇ ਤੇਰੀਆਂ ਨਾਨਕੀਆਂ।
ਸਭ ਉਧਲ ਗਈਆਂ ਵੇ,
ਨੀ ਤੇਰੀਆਂ ਨਾਨਕੀਆਂ।’
ਉਧਰ ਨਾਨਕਾ ਮੇਲ ਵੀ ਇਹ ਕਹਿੰਦਾ ਆਣ ਹਾਜ਼ਰ ਹੁੰਦਾ :
‘ਅਸੀਂ ਹਾਜ਼ਰ ਨਾਜਰ ਫੁੱਲਾਂ ਬਰਾਬਰ ਖੜ੍ਹੀਆਂ ਵੇ,
ਨੀ ਤੇਰੀਆਂ ਨਾਨਕੀਆਂ।’
ਇਸ ਦੇ ਨਾਲ ਹੀ ਦਾਦਕੀਆਂ ਤੇ ਨਾਨਕੀਆਂ ਵਿਚਕਾਰ ਚੋਭਾਂ ਤੇ ਹਾਸੇ-ਠੱਠੇ ਭਰੀਆਂ ਸਿੱਠਣੀਆਂ ਸ਼ੁਰੂ ਹੋ ਜਾਂਦੀਆਂ। ਕਾਫੀ ਰੌਣਕ ਭਰਿਆ ਹਾਸਾ-ਠੱਠਾ ਕਰਕੇ ਨੈਣ (ਲਾਗਣ) ਵੱਲੋਂ ਬਰੂਹਾਂ ’ਤੇ ਤੇਲ ਚੋ ਕੇ ਅੰਦਰ ਲੰਘਾਇਆ ਜਾਂਦਾ। ਵਿਆਹ ਵਾਲੇ ਘਰ ਵਿਚ ਬਣੇ ਵਧੀਆ ਤੇ ਉਚੇਚੇ ਪਕਵਾਨ ਨਾਨਕਾ ਮੇਲ ਅੱਗੇ ਪਰੋਸੇ ਜਾਂਦੇ। ਨਾਨਕਾ ਮੇਲ ਵੱਲੋਂ ਆਪਣੇ ਦੋਹਤੇ\ਦੋਹਤੀ ਲਈ ਵਿੱਤ ਮੁਤਾਬਿਕ ਲਿਆਂਦੇ ਸਾਜ਼ੋ-ਸਾਮਾਨ ਨੂੰ ‘ਜੋੜਾ ਜਾਮਾ’ ਜਾਂ ‘ਨਾਨਕੀ ਛੱਕ’ ਵੀ ਦਿੱਤਾ ਜਾਂਦਾ।
ਵਿਆਹੁਲੀ ਭਣੇਵੀ ਲਈ ਮਾਮੇ ਵੱਲੋਂ ਚੂੜਾ ਚੜ੍ਹਾਇਆ ਜਾਣਾ, ਖਾਰਿਓਂ ਉਠਾਇਆ ਜਾਣਾ ਤੇ ਵਿਆਹੁਲੇ (ਭਣੇਵੇਂ) ਦੀ ਸਿਹਰਾਬੰਦੀ ਵੀ ਕੀਤੀ ਜਾਣੀ ਆਦਿ ਅਹਿਮ ਰਸਮਾਂ ਸਨ। ਇਸ ਤੋਂ ਇਲਾਵਾ ਮਿਲਣੀ ਸਮੇਂ ਕੁੜੀ-ਮੁੰਡੇ ਦੇ ਬਾਬਲਾਂ (ਕੁੜਮਾਂ) ਦੀ ਮਿਲਣੀ ਤੋਂ ਬਾਅਦ ਮਾਮੇ ਦੀ ਮਿਲਣੀ ਦੀ ਖਾਸ ਮਹੱਤਤਾ ਚਲਦੀ ਆ ਰਹੀ ਹੈ।
ਭਾਵੇਂ ਨਾਨਕਾ ਮੇਲ ਦੀ ਹੁਣ ਵੀ ਆਪਣੇ ਦੋਹਤੇ-ਦੋਹਤੀਆਂ ਦੇ ਵਿਆਹ ’ਤੇ ਪੂਰੀ ਮਹੱਤਤਾ ਹੈ ਪਰ ਇਸ ਦੀ ਹੁਲਾਸ ਤੇ ਰੌਣਕ ਭਰੀ ਆਮਦ ਕਾਫੀ ਹੱਦ ਤੱਕ ਅਲੋਪ ਹੋ ਚੁੱਕੀ ਹੈ।

ਐਸ. ਐਸ. ਮਾਸਟਰ, ਸ. ਹਾ. ਸਕੂਲ, ਚੀਮਾ ਬਾਠ (ਅੰਮ੍ਰਿਤਸਰ)-143112
E-mail : lakhwinderhaveliana@yahoo.com
ਮੈਨੂੰ ਨਵਾਂ ਸਵੇਰਾ ਕੀ ਜਾਣੇ?
ਲਖਵਿੰਦਰ ਸਿੰਘ ਰਈਆ ਹਵੇਲੀਆਣਾ
(ਰੋਜ਼ਾਨਾ ਅਜੀਤ ਜਲੰਧਰ)

ਚਲਦਿਆਂ ਦੇ ਖੂਹ, ਮਿਲਦਿਆਂ ਦੇ ਸਾਕ (ਕਹਿੰਦੇ ਸੱਚ ਸਿਆਣੇ...)

ਖੇਤਾਂ ਦੀਆਂ ਆਡਾਂ ਵਿਚ ਚਾਂਦੀ ਰੰਗਾ ਪਾਣੀ ਵਗਾਉਣ ਵਾਲੇ, ਟਿੱਕ-ਟਿੱਕ ਦਾ ਸੰਗੀਤ ਵਜਾੳੁਂਦੇ ਹਲਟਾਂ ਵਾਲੇ ਖੂਹ ਸਾਡੇ ਸੱਭਿਆਚਾਰ ਦੇ ਬੀਤੇ ਹੋੲੇ ਸਮੇਂ ਦੀ ਦਾਸਤਾਨ ਬਣ ਗੲੇ ਹਨ। ਜਦੋਂ ਬਲਦਾਂ ਨੇ ਗਾਂਧੀ ਨਾਲ ਜੁੜ ਕੇ ਹਲਟ ਦੀਆਂ ਟਿੰਡਾਂ ਨੂੰ ਘੁਮਾਉਣਾ ਤਾਂ ਟਿੰਡਾਂ ਨੇ ਭਰ-ਭਰ ਕੇ ਪਾੜਸੇ ’ਚ ਡਿਗਣਾ। ਚਮਕਦਾ ਚਿੱਟਾ ਠੰਢੇ-ਠਾਰ ਅਹਿਸਾਸ ਵਾਲਾ ਪਾਣੀ ਧਾਰ ਬਣ ਕੇ ਵਗਣਾ। ਜੇਕਰ ਖੂਹ ਕਈ-ਕਈ ਦਿਨ ਨਾ ਚੱਲਣਾ ਤਾਂ ਉਸ ਵਿਚ ਪੱਤੇ ਜਾਂ ਹੋਰ ਗੰਦਗੀ ਡਿਗ ਕੇ ਖੂਹ ਦੇ ਪਾਣੀ ਦੀ ਉਪਰਲੀ ਸਤ੍ਹਾ ਸੜ-ਤਰੱਕ ਜਾਂਦੀ। ਖੂਹ ਦਾ ਪਾਣੀ ਬਦਬੂ ਮਾਰਨ ਲਗਦਾ ਪਰ ਉਹੀ ਖੂਹ ਜਦੋਂ ਹਰ ਰੋਜ਼ ਗਿੜਦਾ, ਹਰ ਰੋਜ਼ ਪਾਣੀ ਕੱਢਿਆ ਜਾਂਦਾ ਤਾਂ ਮੁੜ ਫਿਰ ਪਵਿੱਤਰ ਹੋ ਜਾਂਦਾ। ਇਸ ਲਈ ਸਿਆਣਿਆਂ ਨੇ ਕਿਹਾ ਸੀ ਕਿ ਖੂਹ ਤਾਂ ਜਿੰਨਾ ਚਿਰ ਗਿੜਦਾ ਹੈ, ਓਨਾ ਚਿਰ ਹੀ ਖੂਹ ਹੈ, ਨਹੀਂ ਤਾਂ ਇਹ ਬਦਬੂ ਮਾਰਦੇ ਪਾਣੀ ਦੇ ਨਰਕ ਕੁੰਡ ਦਾ ਰੂਪ ਧਾਰਨ ਕਰ ਜਾਂਦਾ ਹੈ। ਸਿਆਣਿਆਂ ਨੇ ਨਿੱਤ ਗਿੜਨ ਵਾਲੇ ਖੂਹ ਦੇ ਪਵਿੱਤਰ ਅਤੇ ਸਾਫ-ਸੁਥਰੇ ਪਾਣੀਆਂ ਨੂੰ ਧਿਆਨ ਵਿਚ ਰੱਖ ਕੇ ਇਸ ਕਹਾਵਤ ਵਿਚ ਕਿਹਾ ਹੈ ਕਿ ਖੂਹ ਉਹੀ ਹਨ ਜਿਹੜੇ ਨਿੱਤ ਚਲਦੇ ਹਨ। ਇਸ ਦੀ ਤੁਲਨਾ ਉਨ੍ਹਾਂ ਮਨੁੱਖ ਦੇ ਆਪਸ ਵਿਚ ਮਿਲਵਰਤਣ ਅਤੇ ਰਿਸ਼ਤਿਆਂ ਦੀ ਕਾਇਮੀ ਨਾਲ ਕੀਤੀ ਹੈ। ਸਾਡੇ ਵਡੇਰਿਆਂ ਨੇ ਇਸ ਅਖਾਣ ਰਾਹੀਂ ਸਾਨੂੰ ਸਮਝਾਇਆ ਕਿ ਜਿਵੇਂ ਖੂਹ ਜਿੰਨਾ ਚਿਰ ਲਗਾਤਾਰ ਗੇੜਿਆ ਜਾਂਦਾ ਹੈ, ਉਸ ਵਿਚੋਂ ਪਾਣੀ ਕੱਢਿਆ ਜਾਂਦਾ ਹੈ, ਓਨਾ ਚਿਰ ਹੀ ਸਹੀ ਅਤੇ ਸਾਫ-ਸੁਥਰਾ ਰਹਿੰਦਾ ਹੈ, ਉਵੇਂ ਹੀ ਮਨੁੱਖ ਦੇ ਆਪਸ ਵਿਚਲੇ ਰਿਸ਼ਤੇ ਵੀ ਓਨਾ ਚਿਰ ਹੀ ਕਾਇਮ ਰਹਿੰਦੇ ਹਨ, ਜਿੰਨਾ ਚਿਰ ਆਪਸ ਵਿਚ ਮਿਲਵਰਤਣ ਰੱਖੀ ਜਾਂਦੀ ਹੈ। ਜਿੰਨਾ ਚਿਰ ਅਸੀਂ ਮਿਲਦੇ ਹਾਂ, ਓਨਾ ਚਿਰ ਰਿਸ਼ਤੇ ਕਾਇਮ ਰਹਿੰਦੇ ਹਨ। ਅਗਰ ਆਪਸ ਵਿਚ ਆਉਣ-ਜਾਣ ਨਹੀਂ ਤਾਂ ਖੂਹ ਵਾਂਗ ਇਹ ਰਿਸ਼ਤੇ ਵੀ ਸੜ-ਤਰੱਕ ਜਾਂਦੇ ਹਨ। ਇਕ-ਦੂਜੇ ਦੇ ਆਉਣ-ਜਾਣ ਨਾਲ ਹੀ ਰਿਸ਼ਤਿਆਂ ਵਿਚ ਨਵਾਂਪਨ ਤੇ ਤਾਜ਼ਗੀ ਆਉਂਦੀ ਹੈ। ਨਹੀਂ ਤਾਂ ਗ਼ਲਤ-ਫਹਿਮੀਆਂ, ਭੁਲੇਖਿਆਂ ਅਤੇ ਅਜੀਬ ਤਰ੍ਹਾਂ ਦੀਆਂ ਨਫਰਤਾਂ ਦਾ ਗੰਦ ਇਨ੍ਹਾਂ ਰਿਸ਼ਤਿਆਂ ਵਿਚ ਮਨੁੱਖੀ ਭਾਵਨਾ ਤੋਂ ਰਹਿਤ ਇਕ ਅਜਿਹੀ ਬਦਬੂ ਫੈਲਾਅ ਦਿੰਦਾ ਹੈ ਕਿ ਸਦਾ-ਸਦਾ ਲਈ ਇਹ ਰਿਸ਼ਤੇ ਸੜ-ਬਲ ਕੇ ਖਾਕ ਹੋ ਜਾਂਦੇ ਹਨ। ਸਿਰਫ ਇਹ ਬੋਲ ਹੀ ਬੁੱਲ੍ਹਾਂ ’ਤੇ ਆਇਆ ਕਰਦੇ ਹਨ ਕਿ ਹਾਂ ਹੁੰਦਾ ਸੀ ਸਾਡਾ ਇਕ ਰਿਸ਼ਤੇਦਾਰ। ਰਿਸ਼ਤੇ ਦੀ ਹੰਢਣਸਾਰਤਾ ਮਿਲਵਰਤਣ ’ਤੇ ਨਿਰਭਰ ਕਰਦੀ ਹੈ। ਆਧੁਨਿਕ ਯੁੱਗ ਵਿਚ ਫੈਲੀ ਮਤਲਬਪ੍ਰਸਤੀ, ਸਵੈ-ਪੋਸ਼ਣ ਦੀ ਭਾਵਨਾ ਖੂਹ ਵਾਂਗ ਰਿਸ਼ਤਿਆਂ ਦੀ ਹੰਢਣਸਾਰਤਾ ਨੂੰ ਵੀ ਨਿਗਲ ਚੁੱਕੀ ਹੈ। ਖੂਹ ਵਾਂਗ ਕਈਆਂ ਰਿਸ਼ਤਿਆਂ ਨੂੰ ਕੇਵਲ ਯਾਦ ਕੀਤਾ ਜਾਇਆ ਕਰੇਗਾ। ਉਹ ਰਿਸ਼ਤੇ ਮਿਟ ਜਾਣਗੇ। ਭਰੂਣ ਹੱਤਿਆ ਵਰਗੇ ਪਾਪ ਨੇ ਰਿਸ਼ਤਿਆਂ ਨੂੰ ਮਿਟਾਉਣ ਅਤੇ ਸਾੜਨ ਦਾ ਕੰਮ ਆਰੰਭ ਕੀਤਾ ਹੋਇਆ ਹੈ, ਜਿਸ ਦੀ ਲਪੇਟ ਵਿਚ ਆ ਕੇ ਕਈ ਭਾਵਪੂਰਤ ਅਤੇ ਅਤਿ ਦਿਲ ਦੇ ਕਰੀਬ ਵਸਣ ਵਾਲੇ ਖੂਨ ਦੇ ਰਿਸ਼ਤੇ ਵੀ ਮਿਟ ਜਾਣਗੇ। ਰਿਸ਼ਤਿਆਂ ਵਿਚ ਪਾਕੀਜ਼ਗੀ ਤਦ ਹੀ ਰਹਿ ਸਕਦੀ ਹੈ ਜੇਕਰ ਸਾਫ ਦਿਲ ਨਾਲ ਇਕ-ਦੂਜੇ ਦੇ ਜਾਇਆ ਜਾਵੇ। ਔਖੇ-ਸੌਖੇ ਵੇਲਿਆਂ ਵਿਚ ਮੋਢੇ ਨਾਲ ਮੋਢਾ ਜੋੜ ਕੇ ਇਕ-ਦੂਜੇ ਦੇ ਨਾਲ ਖੜ੍ਹਿਆ ਜਾਵੇ। ਇਕ-ਦੂਜੇ ਦੀ ਪੀੜ ਨੂੰ, ਲੋੜ ਨੂੰ, ਔਖ ਨੂੰ ਸਮਝਿਆ ਜਾਵੇ। ਅਹਿਸਾਨ ਦੀ ਭਾਵਨਾ ਖਤਮ ਕਰਕੇ ਮਿਲਿਆ-ਵਰਤਿਆ ਜਾਵੇ। ਤਦ ਹੀ ਰਿਸ਼ਤਿਆਂ ਵਿਚ ਨਵਾਂਪਨ ਤੇ ਤਾਜ਼ਗੀ ਆ ਸਕਦੀ ਹੈ। ਨਹੀਂ ਤਾਂ ਜਿਵੇਂ ਪੰਜਾਬ ’ਚੋਂ ਪਾਣੀ ਦਾ ਸੋਮਾ ਖੂਹ ਮਿਟ ਗੲੇ ਹਨ, ਇਹ ਰਿਸ਼ਤੇ ਵੀ ਖਤਮ ਹੋ ਜਾਣਗੇ।

ਪਿੰਡ ਤੇ ਡਾਕ: ਲਧਾਣਾ ਉੱਚਾ, ਜ਼ਿਲ੍ਹਾ ਨਵਾਂਸ਼ਹਿਰ-144510.
ਸੁਰਿੰਦਰ ਸਿੰਘ ਕਰਮ
(ਰੋਜ਼ਾਨਾ ਅਜੀਤ ਜਲੰਧਰ)

ਅਜਨਾਲੇ ਦਾ ਕਾਲਿਆਂ ਵਾਲਾ ਖੂਹ (1857 ਗ਼ਦਰ ਵਿਚ ਜੂਝਣ ਵਾਲੇ ਸੈਂਕੜੇ ਪੰਜਾਬੀਆਂ ਦੀ ਇਤਿਹਾਸਕ ਯਾਦਗਾਰ)

ਅੱਜਕਲ੍ਹ ਭਾਰਤ ਸਰਕਾਰ ਆਜ਼ਾਦੀ ਦੀ ਪਹਿਲੀ ਲੜਾਈ 1857 ਦੀ 150ਵੀਂ ਵਰ੍ਹੇਗੰਢ ਬੜੇ ਜੋਸ਼ੋ-ਖਰੋਸ਼ ਨਾਲ ਮਨਾਉਣ ’ਚ ਰੁੱਝੀ ਹੋਈ ਹੈ। ਸਰਕਾਰੀ ਦੇਸ਼ ਪ੍ਰੇਮ ਦਾ ਪ੍ਰਗਟਾਵਾ ਕਰਦਿਆਂ ਕੇਂਦਰ ਸਰਕਾਰ ਦੇ ਮਨੁੱਖੀ ਸੋਮਿਆਂ ਦੇ ਵਿਕਾਸ ਬਾਰੇ ਮੰਤਰਾਲੇ ਵੱਲੋਂ 10 ਹਜ਼ਾਰ ਯੁਵਕਾਂ ਦੀ ਮੇਰਠ ਤੋਂ ਦਿੱਲੀ ਤੱਕ ਮੈਰਾਥਨ ਦੌੜ ਕਰਵਾ ਕੇ ਅਤੇ ਸੰਸਦ ਦੇ ਕੇਂਦਰੀ ਹਾਲ ’ਚ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਸਾਬਕਾ ਪ੍ਰਧਾਨ ਮੰਤਰੀਆਂ, ਸੰਸਦ ਮੈਂਬਰਾਂ ਅਤੇ ਬਾਹਰਲੇ ਮੁਲਕਾਂ ਦੇ ਰਾਜਦੂਤਾਂ ਦੀ ਮੌਜੂਦਗੀ ’ਚ 1857 ਦੇ ਗਦਰ\ਆਜ਼ਾਦੀ ਦੀ ਪਹਿਲੀ ਲੜਾਈ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਹੈ। ਖਬਰਾਂ ਹਨ ਕਿ ਕੇਂਦਰ ਸਰਕਾਰ ਇਨ੍ਹਾਂ ਸ਼ਹੀਦਾਂ ਦੀ ਯਾਦ ਵਿਚ ਕੌਮਾਂਤਰੀ ਸੈਮੀਨਾਰਾਂ, ਨਾਟਕਾਂ, ਸਮਾਰਕਾਂ, ਗਲੀ-ਮੁਹੱਲਿਆਂ, ਸੜਕਾਂ ਦੇ ਨਾਮਕਰਨ, ਡਾਕੂਮੈਂਟਰੀ ਫਿਲਮਾਂ, ਮਿਊਜ਼ਿਕ ਐਲਬਮਾਂ ਅਤੇ ਮੁਸ਼ਾਇਰਿਆਂ ਆਦਿ ’ਤੇ 100 ਕਰੋੜ ਰੁਪੲੇ ਖਰਚ ਕਰਨ ਜਾ ਰਹੀ ਹੈ ਪਰ ਖੂਨੀ ਸਾਕਾ ਕਾਨਪੁਰ ਤੇ ਖੂਨੀ ਸਾਕਾ ਕਲਕੱਤਾ ਤੋਂ ਇਲਾਵਾ ਕਈ ਹੋਰ ਬਲੈਕ ਹੋਲਾਂ ਨੂੰ ਵੀ ਮਾਤ ਪਾਉਂਦੇ ਅਤੇ 282 ਦੇਸ਼ ਭਗਤਾਂ ਦੀਆਂ ਮ੍ਰਿਤਕ ਦੇਹਾਂ ਨੂੰ ਆਪਣੀ ਬੁੱਕਲ ਵਿਚ ਹੁਣ ਤੱਕ ਸਮੋਈ ਬੈਠੇ ਅਜਨਾਲਾ (ਅੰਮ੍ਰਿਤਸਰ) ਕਾਲਿਆਂ ਵਾਲਾ ਦੇ ਸ਼ਹੀਦੀ ਖੂਹ ਦੇ ਵਿਕਾਸ ਲਈ ਕੇਂਦਰ ਸਰਕਾਰ ਵੱਲੋਂ ਕੋਈ ਵੀ ਉਚਿਤ ਕਦਮ ਨਾ ਚੁੱਕਣ ਅਤੇ ਨਾ ਹੀ ਇਸ ਸ਼ਹੀਦੀ ਖੂਹ ’ਚ ਪਿਛਲੇ 150 ਸਾਲਾਂ ਤੋਂ ਦੱਬੇ ਪੲੇ ਸੁਤੰਤਰਤਾ ਸੈਨਾਨੀਆਂ ਦੀਆਂ ਦੇਹਾਂ ਦੀਆਂ ਅੰਤਿਮ ਰਸਮਾਂ ਪੂਰੀਆਂ ਕਰਨ, ਅਸਥੀਆਂ ਜਲ ਪ੍ਰਵਾਹ ਕਰਨ ਲਈ ਅੱਗੇ ਨਾ ਆਉਣ ਕਾਰਨ ਸ਼ਹੀਦਾਂ ਪ੍ਰਤੀ ਸਰਕਾਰੀ ਦੇਸ਼ ਪ੍ਰੇਮ ’ਤੇ ਕਈ ਤਰ੍ਹਾਂ ਦੇ ਪ੍ਰਸ਼ਨ ਉਠਣੇ ਸ਼ੁਰੂ ਹੋ ਗੲੇ ਹਨ।
ਆਜ਼ਾਦੀ ਤੋਂ ਪਹਿਲਾਂ ਅੰਗਰੇਜ਼ ਹਾਕਮਾਂ ਨੇ ਆਜ਼ਾਦੀ ਲਈ ਮਰ ਮਿਟਣ ਦਾ ਸੰਦੇਸ਼ ਦਿੰਦੇ ਕਾਲਿਆਂ ਵਾਲਾ ਦੇ ਸ਼ਹੀਦੀ ਖੂਹ ਦਾ ਖੁਰਾ-ਖੋਜ ਮਿਟਾਉਣ ਲਈ ਹਰ ਸੰਭਵ ਯਤਨ ਕੀਤੇ ਸਨ। ਚਿੰਤਾਜਨਕ ਸਥਿਤੀ ਇਹ ਵੀ ਰਹੀ ਹੈ ਕਿ ਦੇਸ਼ ਆਜ਼ਾਦ ਹੋਣ ਤੋਂ ਬਾਅਦ ਅਜਨਾਲਾ ਸ਼ਹਿਰ ’ਚ 1962, 1975, 1976, 1982 ’ਚ ਕਾਂਗਰਸੀ ਸਰਕਾਰਾਂ ਵੇਲੇ ਕ੍ਰਮਵਾਰ ਤਤਕਾਲੀ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ, ਤਤਕਾਲੀ ਟਰਾਂਸਪੋਰਟ ਮੰਤਰੀ ਦਿਲਬਾਗ ਸਿੰਘ ਡਾਲੇਕੇ, ਤਤਕਾਲੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦੇ ਸਪੁੱਤਰ ਤੇ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਸੰਜੇ ਗਾਂਧੀ, ਤਤਕਾਲੀ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ, ਤਤਕਾਲੀ ਮੁੱਖ ਮੰਤਰੀ ਦਰਬਾਰਾ ਸਿੰਘ, ਤਤਕਾਲੀ ਸਿੱਖਿਆ ਮੰਤਰੀ ਹਰਚਰਨ ਸਿੰਘ ਅਜਨਾਲਾ ਅਤੇ ਤਤਕਾਲੀ ਪੇਂਡੂ ਵਿਕਾਸ ਮੰਤਰੀ ਸੰਤੋਖ ਸਿੰਘ ਰੰਧਾਵਾ ਨੇ ਇਥੇ ਵਿਸ਼ਾਲ ਕਾਨਫਰੰਸਾਂ ਨੂੰ ਸੰਬੋਧਨ ਕਰਦਿਆਂ ਇਨ੍ਹਾਂ ਸ਼ਹੀਦਾਂ ਦੀ ਯਾਦ ਵਿਚ ਸ਼ਹੀਦੀ ਸਮਾਰਕ\ਗੇਟ\ਲਾਟ ਉਸਾਰਨ ਤੋਂ ਇਲਾਵਾ ਕਾਲਿਆਂ ਵਾਲੇ ਸ਼ਹੀਦੀ ਖੂਹ ਦੀ ਖੁਦਾਈ ਕਰਕੇ ਸ਼ਹੀਦ ਕੌਮੀ ਪ੍ਰਵਾਨਿਆਂ ਦੀਆਂ ਅੰਤਿਮ ਰਸਮਾਂ ਪੂਰੀਆਂ ਕਰਨ ਦੇ ਮਤੇ ਪਕਾੲੇ ਗੲੇ ਸਨ ਜੋ ਅੱਜ ਤੱਕ ਵੀ ਹਕੀਕੀ ਰੂਪ ਅਖਤਿਆਰ ਨਹੀਂ ਕਰ ਸਕੇ।
ਕਾਲਿਆਂ ਵਾਲੇ ਸ਼ਹੀਦੀ ਖੂਹ ਦਾ ਇਤਿਹਾਸ ਬੋਲਦਾ ਹੈ ਕਿ 11 ਮਈ, 1857 ਨੂੰ ਮੇਰਠ ਤੋਂ ਸ਼ੁਰੂ ਹੋੲੇ ਗਦਰ\ਆਜ਼ਾਦੀ ਦੀ ਪਹਿਲੀ ਲੜਾਈ ਦੌਰਾਨ ਪੰਜਾਬ ਦੀ ਮੀਆਂ ਮੀਰ ਛਾਉਣੀ (ਲਾਹੌਰ) ਤੋਂ 500 ਦੇਸ਼ ਭਗਤ ਫੌਜੀਆਂ ਨੇ 30 ਜੁਲਾਈ ਦੀ ਰਾਤ ਨੂੰ ਬਰਤਾਨਵੀ ਸਰਕਾਰ ਵਿਰੁੱਧ ਬਗਾਵਤ ਦਾ ਬਿਗਲ ਵਜਾ ਦਿੱਤਾ। 31 ਜੁਲਾਈ ਦੀ ਸਵੇਰ ਨੂੰ ਅਜਨਾਲਾ ਸ਼ਹਿਰ ਤੋਂ ਪਿਛਾਂਹ 6-7 ਕਿਲੋਮੀਟਰ ਦੀ ਦੂਰੀ ’ਤੇ ਰਾਵੀ ਦਰਿਆ ਦੇ ਕੰਢੇ ’ਤੇ ਆਰਾਮ ਕਰਨ ਲਈ ਰੁਕੇ ਤਾਂ ਉਸ ਸਮੇਂ ਦੇ ਡਿਪਟੀ ਕਮਿਸ਼ਨਰ ਮਿਸਟਰ ਫਰੈਡਰਿਕ ਕੂਪਰ ਨੇ ਬਰਤਾਨਵੀ ਸੈਨਿਕਾਂ ਅਤੇ ਅਜਨਾਲਾ ਦੇ ਤਹਿਸੀਲਦਾਰ ਪ੍ਰੇਮ ਨਾਥ ਦੀ ਸਹਾਇਤਾ ਨਾਲ ਉਨ੍ਹਾਂ ਦੀ ਘੇਰਾਬੰਦੀ ਕਰ ਲਈ। ਘੇਰਾਬੰਦੀ ਦੌਰਾਨ 150 ਦੇ ਕਰੀਬ ਬਾਗੀ ਦੇਸ਼ ਭਗਤ ਫੌਜੀ ਬਰਤਾਨਵੀ ਸੈਨਿਕਾਂ ਵੱਲੋਂ ਡੀ. ਸੀ. ਮਿਸਟਰ ਕੂਪਰ ਦੇ ਹੁਕਮਾਂ ’ਤੇ ਚਲਾਈ ਗਈ ਗੋਲੀ ਨਾਲ ਲਹੂ-ਲੂਹਾਣ ਹੋੲੇ ਰਾਵੀ ਦਰਿਆ ਦੇ ਪਾਣੀ ਦੇ ਤੇਜ਼ ਵਹਾਅ ’ਚ ਵਹਿ ਕੇ ਸ਼ਹੀਦੀ ਦਾ ਜਾਮ ਪੀ ਗੲੇ ਅਤੇ 68 ਆਜ਼ਾਦੀ ਸੰਗਰਾਮੀਆਂ ਨੂੰ ਬਰਤਾਨਵੀ ਸੈਨਿਕਾਂ ਨੇ ਲਾਈਨਾਂ ’ਚ ਖੜ੍ਹੇ ਕਰਕੇ ਗੋਲੀਆਂ ਨਾਲ ਭੁੰਨ ਦਿੱਤਾ। ਬਾਕੀ ਬਚੇ 282 ਬਾਗੀਆਂ ਨੂੰ ਬੰਨ੍ਹ ਕੇ ਅਜਨਾਲਾ ਸ਼ਹਿਰ ਦੀ ਤਹਿਸੀਲ ਦੀ ਹਵਾਲਾਤ\ਬੁਰਜਾਂ ’ਚ ਬੰਦ ਕਰ ਦਿੱਤਾ। ਅਗਲੇ ਦਿਨ 1 ਅਗਸਤ ਨੂੰ ਮਿਸਟਰ ਕੂਪਰ ਨੇ ਇਨ੍ਹਾਂ ਦੇਸ਼ ਪ੍ਰੇਮੀਆਂ ਨੂੰ ਖ਼ਤਮ ਕਰਕੇ ਬਕਰੀਦ ਦਾ ਤਿਉਹਾਰ ਮਨਾਉਣ ਦਾ ਫੈਸਲਾ ਲਿਆ। 200 ਦੇ ਕਰੀਬ ਇਨ੍ਹਾਂ ਦੇਸ਼ ਭਗਤਾਂ ਨੂੰ 10-10 ਦੇ ਗਰੁੱਪ ਵਿਚ ਹਵਾਲਾਤ ’ਚੋਂ ਬਾਹਰ ਕੱਢ ਕੇ ਪੁਲਿਸ ਥਾਣੇ ਦੇ ਸਾਹਮਣੇ ਬਰਤਾਨਵੀ ਹਾਕਮਾਂ ਦੇ ਹੁਕਮਾਂ ਨਾਲ ਗੋਲੀਆਂ ਨਾਲ ਉਡਾ ਕੇ ਅਜਨਾਲੇ ਦੀ ਧਰਤੀ ਨੂੰ ਸ਼ਹੀਦਾਂ ਦੇ ਖੂਨ ਨਾਲ ਸਿੰਜ ਦਿੱਤਾ ਗਿਆ। 82 ਦੇ ਕਰੀਬ ਭੁੱਖੇ-ਪਿਆਸੇ ਦੇਸ਼ ਭਗਤ ਹਵਾਲਾਤ ਦੇ ਬੁਰਜ ਵਿਚ ਹੀ ਸਾਹ ਘੁਟਣ ਕਾਰਨ ਤੜਫ ਰਹੇ ਸਨ। ਇਨ੍ਹਾਂ ਤੜਫਦਿਆਂ ਨੂੰ ਘਸੀਟ-ਘਸੀਟ ਕੇ ਥਾਣੇ ਸਾਹਮਣੇ ਲਿਆਂਦਾ ਗਿਆ। ਥਾਣੇ ਦੇ ਕੋਲ ਖੜ੍ਹੇ ਪਿੰਡਾਂ ਦੇ ਲੋਕੀਂ ਇਹ ਕਹਿਰ ਦੇਖ ਕੇ ਦੂਰੋਂ ਹੀ ਤ੍ਰਾਹ-ਤ੍ਰਾਹ ਕਰ ਰਹੇ ਸਨ। ਇਨ੍ਹਾਂ ਸ਼ਹੀਦ ਕੀਤੇ ਗੲੇ 282 ਆਜ਼ਾਦੀ ਘੁਲਾਟੀਆਂ ਦੀਆਂ ਲਾਸ਼ਾਂ ਦਾ ਅੰਤਿਮ ਸੰਸਕਾਰ ਕਰਨ ਦੀ ਬਜਾੲੇ ਡੀ. ਸੀ. ਮਿਸਟਰ ਕੂਪਰ ਦੇ ਹੁਕਮਾਂ ਨਾਲ ਥਾਣੇ ਤੋਂ 100 ਗਜ਼ ਦੂਰੀ ’ਤੇ ਖੂਹ ਵਿਚ ਸ਼ਹੀਦਾਂ ਦੀਆਂ ਲਾਸ਼ਾਂ ਨੂੰ ਸੁੱਟ ਕੇ ਮਿੱਟੀ ਪਾ ਕੇ ਦਬਾ ਦਿੱਤਾ ਗਿਆ।
ਬਾਅਦ ਵਿਚ ਲੰਮੇ ਸਮੇਂ ਤੱਕ ਪੰਜਾਬ ’ਤੇ ਅੰਗਰੇਜ਼ੀ ਰਾਜ ਰਹਿਣ ਕਾਰਨ ਇਸ ਖੂਹ ਨੂੰ ਭੁਲਾ ਦਿੱਤਾ ਗਿਆ। ਪਿਛੋਂ ਇਸ ’ਤੇ ਇਕ ਛੋਟਾ ਜਿਹਾ ਕਮਰਾ ਬਣਾ ਕੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਇਕ ਬਜ਼ੁਰਗ ਸੇਵਾਦਾਰ ਭਾਈ ਹਰਬੰਸ ਸਿੰਘ ਇਸ ਦੇ ਸਹਾਰੇ ਪਿਛਲੇ 35 ਸਾਲਾਂ ਤੋਂ ਆਪਣੇ ਪਰਿਵਾਰ ਦੀ ਉਪਜੀਵਕਾ ਦਾ ਕੰਮ ਚਲਾਇਆ ਜਾ ਰਿਹਾ ਹੈ ਅਤੇ ਇਸ ਇਤਿਹਾਸਕ ਸਥਾਨ ਨੂੰ ਥਾਣੇ ਨੇੜਿਓਂ ਜਾਂਦਾ 14 ਫੁੱਟ ਚੌੜਾ ਰਸਤਾ ਨਜਾਇਜ਼ ਕਬਜ਼ਿਆਂ ਕਾਰਨ ਸੁੰਗੜ ਕੇ 3 ਫੁੱਟ ਰਹਿ ਗਿਆ ਹੈ। ਸ਼ਹੀਦੀ ਖੂਹ ਨਾਲ ਜੁੜੀ ਪੁਰਾਣੀ ਇਤਿਹਾਸਕ ਤਹਿਸੀਲ ਤੇ ਖੂਨੀ ਬੁਰਜਾਂ ਨੂੰ ਪੰਜਾਬ ਸਰਕਾਰ ਦੇ ਪੁਰਾਤਤਵ ਵਿਭਾਗ ਵੱਲੋਂ 1994 ਵਿਚ ਸੁਰੱਖਿਅਤ ਰੱਖਣ ਲਈ ਲਗਾੲੇ ਗੲੇ ਚਿਤਾਵਨੀ ਬੋਰਡ ਦੇ ਬਾਵਜੂਦ ਤਹਿਸੀਲ ਦੇ ਬਾਹਰੀ ਦ੍ਰਿਸ਼ ਨੂੰ ਕਈ ਤਰ੍ਹਾਂ ਦੀਆਂ ਦੁਕਾਨਾਂ ਗ੍ਰਹਿਣ ਲਗਾ ਰਹੀਆਂ ਹਨ। ਇਤਿਹਾਸਕ ਤਹਿਸੀਲ ਇਮਾਰਤ ਅੰਦਰ ਭਾਰਤ ਦੂਰਸੰਚਾਰ ਨਿਗਮ ਲਿਮ: ਵੱਲੋਂ ਪੁਰਾਤੱਤਵ ਵਿਭਾਗ ਦੇ ਚਿਤਾਵਨੀ ਬੋਰਡ ਦੀਆਂ ਧੱਜੀਆਂ ਉਡਾ ਕੇ ਆਪਣਾ ਟਾਵਰ ਸਥਾਪਤ ਕੀਤਾ ਹੋਇਆ ਹੈ।
ਲੋਕ ਸਭਾ ਹਲਕਾ ਤਰਨ ਤਾਰਨ ਤੋਂ ਅਕਾਲੀ ਸਾਂਸਦ ਡਾ: ਰਤਨ ਸਿੰਘ ਅਜਨਾਲਾ ਵੱਲੋਂ ਕੇਂਦਰੀ ਸਰਕਾਰ ਵੱਲੋਂ ਸਥਾਪਤ 1857 ਨਾਲ ਸਬੰਧਤ ਸ਼ਹੀਦਾਂ ਦੀ 150ਵੀਂ ਵਰ੍ਹੇਗੰਢ ਨਾਲ ਸਬੰਧਤ ਸਮਾਰੋਹ ਕਮੇਟੀ ਨੂੰ ਦਿੱਤੇ ਯਾਦ-ਪੱਤਰ ਅਤੇ ਫ੍ਰੀਡਮ ਫਾਇਟਰ ਸੁਰਜਨ ਸਿੰਘ ਚੋਗਾਵਾਂ ਵੱਲੋਂ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਦੇ ਸੰਗਤ ਦਰਸ਼ਨ ’ਚ ਉਠਾੲੇ ਮਾਮਲੇ ਅਤੇ ਕਾਲਿਆਂ ਵਾਲਾ ਸ਼ਹੀਦੀ ਖੂਹ ਯਾਦਗਾਰ ਕਮੇਟੀ ਦੇ ਪ੍ਰਧਾਨ ਅਮਰਜੀਤ ਸਿੰਘ ਸਰਕਾਰੀਆ ਤੇ ਜਨਰਲ ਸਕੱਤਰ ਭਾਈ ਵਰਿੰਦਰ ਸਿੰਘ ਨਿੱਝਰ ਵੱਲੋਂ ਕੇਂਦਰੀ ਸਰਕਾਰ ਨੂੰ ਕਾਲਿਆਂ ਵਾਲੇ ਖੂਹ ਦੇ ਇਤਿਹਾਸਕ ਸਥਾਨ ਦਾ ਵਿਕਾਸ ਕਰਨ ਲਈ ਲਿਖੇ ਗੲੇ ਪੱਤਰਾਂ ਦੇ ਸੰਦਰਭ ’ਚ ਜ਼ਿਲ੍ਹਾ ਅੰਮ੍ਰਿਤਸਰ ਦੇ ਮੌਜੂਦਾ ਡਿਪਟੀ ਕਮਿਸ਼ਨਰ ਸ: ਕਾਹਨ ਸਿੰਘ ਪੰਨੂ ਨੇ ਇਸ ਅਲੋਪ ਹੋਣ ਜਾ ਰਹੇ ਕਾਲਿਆਂ ਵਾਲਾ ਸ਼ਹੀਦੀ ਖੂਹ ਦੀ ਸਥਿਤੀ ਦਾ ਮੌਕੇ ’ਤੇ ਪੁੱਜ ਕੇ ਨਿਰੀਖਣ ਕੀਤਾ ਪਰ ਕਾਲਿਆਂ ਵਾਲੇ ਖੂਹ ਦੀ ਸਥਿਤੀ ਅਜੇ ਉਥੇ ਹੀ ਖੜ੍ਹੀ ਹੈ। ਸੀ. ਪੀ. ਐਮ. (ਪੰਜਾਬ) ਕਾਲਿਆਂ ਵਾਲੇ ਸ਼ਹੀਦੀ ਖੂਹ ਦੀ ਮੌਜੂਦਾ ਤਰਸਯੋਗ ਹਾਲਤ ਤੋਂ ਡਾਢੀ ਚਿੰਤਤ ਹੈ। ਸੀ. ਪੀ. ਐਮ. ਪੰਜਾਬ ਦੇ ਆਗੂ ਡਾ: ਸਤਨਾਮ ਸਿੰਘ ਪ੍ਰਧਾਨ ਦਾ ਕਹਿਣਾ ਹੈ ਕਿ ਜੇਕਰ ਆਜ਼ਾਦੀ ਦੀ ਪਹਿਲੀ ਲੜਾਈ 1857 ਦੇ ਸ਼ਹੀਦਾਂ ਨਾਲ ਜੁੜੀਆਂ ਦਿੱਲੀ, ਮੇਰਠ, ਝਾਂਸੀ, ਕਾਨਪੁਰ, ਲਖਨਊ ਆਦਿ ਸ਼ਹਿਰਾਂ ਦੇ ਸ਼ਹੀਦੀ ਸਮਾਰਕਾਂ ਵੱਲ ਧਿਆਨ ਦੇਣ ਦੇ ਨਾਲ ਕਾਲਿਆਂ ਵਾਲਾ ਸ਼ਹੀਦੀ ਖੂਹ ’ਤੇ ਨਵੀਨਤਮ ਸਮਾਰਕ ਦੀ ਉਸਾਰੀ ਅਤੇ ਇਤਿਹਾਸਕ ਤਹਿਸੀਲ ਇਮਾਰਤ ਨੂੰ ਸ਼ਹੀਦਾਂ ਦੇ ਅਜਾਇਬਘਰ ’ਚ ਕੇਂਦਰ ਸਰਕਾਰ ਵੱਲੋਂ ਤਬਦੀਲ ਨਹੀਂ ਕੀਤਾ ਜਾਂਦਾ ਤਾਂ 1857 ਦੀ ਪਹਿਲੀ ਲੜਾਈ ਦੇ 150ਵੀਂ ਵਰ੍ਹੇਗੰਢ ਦੇ ਸਮੁੱਚੇ ਸਰਕਾਰੀ ਦੇਸ਼ ਪ੍ਰੇਮ ਦੇ ਸਮਾਗਮ ਇਕ ਡਰਾਮਾ ਬਣ ਕੇ ਰਹਿ ਜਾਣਗੇ।

3, ਆਦਰਸ਼ ਨਗਰ, ਅਜਨਾਲਾ (ਅੰਮ੍ਰਿਤਸਰ)। ਮੋਬਾ: 98152-71246.
ਐਸ. ਪਰਸ਼ੋਤਮ
(ਰੋਜ਼ਾਨਾ ਅਜੀਤ ਜਲੰਧਰ)

1857 ਦੇ ਗ਼ਦਰ ਵਿੱਚ ਸਿੱਖ ਅੰਗਰੇਜ਼ਾਂ ਵਿਰੁੱਧ ਬਹਾਦਰੀ ਨਾਲ ਲੜੇ

ਕਹਿੰਦੇ ਹਨ, ਬਿੱਲੀ ਨੌਂ ਜਨਮ ਧਾਰਦੀ ਹੈ ਪਰ ਇਕ ਮਿਥ ਜਾਂ ਮਨੌਤ ਦੇ ਅਨੇਕਾਂ ਹੀ ਜਨਮ ਹੁੰਦੇ ਹਨ। ਮਾੜੇ ਤੋਂ ਮਾੜੇ ਹਾਲਾਤ ਵਿਚ ਵੀ ਉਹ ਤੁਰੀ ਰਹਿੰਦੀ ਹੈ ਅਤੇ ਪੱਕੀ ਹੁੰਦੀ ਜਾਂਦੀ ਹੈ। 1857 ਦੇ ਵਿਦਰੋਹ ਵਿਚ ਸਿੱਖ ਅੰਗਰੇਜ਼ਾਂ ਦੇ ਵਫ਼ਾਦਾਰ ਸਨ, ਇਹ ਵੀ ਇਕ ਇਹੋ ਜਿਹੀ ਮਨਘੜਤ ਮਿੱਥ ਹੀ ਹੈ।
ਅਸਲੀਅਤ ਇਹ ਹੈ ਕਿ ਸਿੱਖ ਅੰਗਰੇਜ਼ਾਂ ਦੇ ਵਫ਼ਾਦਾਰ ਨਹੀਂ ਸਨ। ਅੰਗਰੇਜ਼ਾਂ ਨੇ 1849 ਵਿਚ ਉਨ੍ਹਾਂ ਦੇ ਰਾਜ ਉੱਤੇ ਕਬਜ਼ਾ ਕਰ ਲਿਆ ਸੀ। ਗਵਰਨਰ ਜਨਰਲ ਲਾਰਡ ਡਲਹੌਜ਼ੀ ਇਸ ਗੱਲ ਉੱਤੇ ਖੁਸ਼ ਸੀ ਪਰ ਅੰਦਰੋਂ ਫਿਕਰਮੰਦ ਵੀ ਸੀ। ਉਸ ਨੇ ਆਪਣੇ ਕਮਾਂਡਰ-ਇਨ-ਚੀਫ਼ ਜਨਰਲ ਚਾਰਲਸ ਨੇਪੀਅਰ ਨੂੰ ਹਦਾਇਤ ਕੀਤੀ ਕਿ ‘ਰਾਵੀ ਅਤੇ ਬਿਆਸ ਜਾਂ ਸਤਲੁਜ ਵਿਚਾਲੇ ਜੋ ਮਾਝੇ ਦਾ ਇਲਾਕਾ ਹੈ, ਇਸ ਉੱਤੇ ਕਰੜੀ ਨਜ਼ਰ ਰੱਖੀ ਜਾਵੇ। ਇਹ ਤਕਰੀਬਨ ਸਾਰਾ ਇਲਾਕਾ ਸਿੱਖਾਂ ਦਾ ਹੈ। ਜੇਕਰ ਪੰਜਾਬ ਵਿਚ ਕਿਤੇ ਬਗਾਵਤ ਹੋਈ ਤਾਂ ਇਹ ਅੰਮ੍ਰਿਤਸਰ ਦੇ ਉੱਤਰੀ ਇਲਾਕੇ ਮਾਝੇ ਵਿਚ ਹੀ ਹੋਵੇਗੀ।’ ਜਨਰਲ ਨੇਪੀਅਰ ਨੇ ਗਵਰਨਰ ਜਨਰਲ ਦੇ ਹੁਕਮਾਂ ਦੀ ਪਾਲਣਾ ਕੀਤੀ ਪਰ ਉਹ ਸਿੱਖਾਂ ਨੂੰ ਬਗਾਵਤ ਤੋਂ ਰੋਕ ਨਹੀਂ ਸਕਿਆ।
10 ਮਈ, 1857 ਨੂੰ ਮੇਰਠ ਵਿਚ ਗਦਰ ਸ਼ੁਰੂ ਹੋਣ ਤੋਂ ਨੌਂ ਘੰਟੇ ਪਹਿਲਾਂ ਅੰਬਾਲੇ ਵਿਚ ਤਾਇਨਾਤ ਫੌਜੀਆਂ ਨੇ ਬਗਾਵਤ ਦਾ ਬਿਗਲ ਵਜਾ ਦਿੱਤਾ ਪਰ ਅੰਗਰੇਜ਼ ਸਰਕਾਰ ਵੱਲੋਂ ਤੁਰੰਤ ਕੀਤੀ ਕਾਰਵਾਈ ਅਤੇ ਫੌਜ ਭੇਜਣ ਨਾਲ ਹਾਲਾਤ ਉੱਤੇ ਕਾਬੂ ਪਾ ਲਿਆ ਗਿਆ ਅਤੇ ਬਾਗੀਆਂ ਨੂੰ ਅੱਗੇ ਨਹੀਂ ਵਧਣ ਦਿੱਤਾ ਗਿਆ। ਪਰ ਉਹ ਇਸ ਇਲਾਕੇ ਦੇ ਆਮ ਲੋਕਾਂ ਨੂੰ ਨਹੀਂ ਰੋਕ ਸਕੇ। ਰੋਪੜ ਦੇ ਇਲਾਕੇ ਦੇ ਇਕ ਸਿੱਖ ਕਾਰਦਾਰ ਸ: ਮੋਹਰ ਸਿੰਘ ਨੇ ਜਦੋਂ ਗਦਰ ਦੀ ਗੂੰਜ ਸੁਣੀ ਤਾਂ ਉਸ ਨੇ ਆਪਣੇ ਇਲਾਕੇ ਵਿਚੋਂ ਅੰਗਰੇਜ਼ਾਂ ਦਾ ਖੁਰਾ-ਖੋਜ ਮੁਕਾਉਣ ਦਾ ਫੈਸਲਾ ਕਰ ਲਿਆ। ਉਸ ਨੇ ਕੁਝ ਪਹਾੜੀ ਰਾਜਿਆਂ ਤੇ ਕੁਝ ਹੋਰ ਮੁਹਤਬਰ ਬੰਦਿਆਂ ਨਾਲ ਰਾਬਤਾ ਕਾਇਮ ਕੀਤਾ ਅਤੇ ਉਨ੍ਹਾਂ ਨੂੰ ਫ਼ਰੰਗੀ ਵਿਰੁੱਧ ਝੰਡਾ ਬੁਲੰਦ ਕਰਨ ਲਈ ਆਖਿਆ।
ਦੁਸ਼ਮਣ ਨੇ ਮੋਹਰ ਸਿੰਘ ਉੱਤੇ ਜ਼ੋਰਦਾਰ ਹੱਲਾ ਬੋਲਿਆ। ਉਸ ਨੇ ਵੀ ਅੱਗੋਂ ਡਟ ਕੇ ਮੁਕਾਬਲਾ ਕੀਤਾ ਪਰ ਮੈਦਾਨ ਫ਼ਰੰਗੀਆਂ ਦੇ ਹੱਥ ਰਿਹਾ। ਸ: ਮੋਹਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਅੰਬਾਲੇ ਲਿਆਂਦਾ ਗਿਆ ਅਤੇ ਫਾਂਸੀ ਚਾੜ੍ਹ ਦਿੱਤਾ ਗਿਆ। ਉਸ ਵੇਲੇ ਅੰਬਾਲੇ ਦਾ ਡਿਪਟੀ ਕਮਿਸ਼ਨਰ ਡਗਲਸ ਫੋਰਸਾਈਥ ਸੀ। ਉਸ ਵੱਲੋਂ ਸ: ਮੋਹਰ ਸਿੰਘ ਬਾਰੇ ਕਹੇ ਗੲੇ ਇਹ ਸ਼ਬਦ ਇਕ ਤਰ੍ਹਾਂ ਨਾਲ ਉਸ ਨੂੰ ਦਿੱਤੀ ਗਈ ਸ਼ਰਧਾਂਜਲੀ ਹਨ : ‘ਇਹ ਬੜਾ ਵਿਲੱਖਣ ਤੱਥ ਹੈ ਕਿ ਪੰਜਾਬ ਵਿਚ, ਨਹੀਂ ਸਾਰੇ ਉੱਤਰੀ ਭਾਰਤ ਵਿਚ ਜਿਸ ਬੰਦੇ ਨੂੰ ਬਗਾਵਤ ਦੇ ਦੋਸ਼ ਵਿਚ ਸਭ ਤੋਂ ਪਹਿਲਾਂ ਫਾਂਸੀ ’ਤੇ ਲਟਕਾਇਆ ਗਿਆ, ਉਹ ਇਕ ਸਿੱਖ ਸੀ (ਭਾਵੇਂ ਉਹ ਫੌਜੀ ਨਹੀਂ ਸੀ)।’
ਰਿਆਸਤ ਨਾਭਾ ਦੇ ਕਸਬੇ ਜੈਤੋ ਵਿਚ ਸ਼ਾਮ ਦਾਸ ਨਾਂਅ ਦੇ ਇਕ ਫਕੀਰ ਨੇ ਬਗਾਵਤ ਦਾ ਝੰਡਾ ਬੁਲੰਦ ਕਰ ਦਿੱਤਾ। ਰਿਆਸਤ ਨਾਭਾ ਅਤੇ ਫਰੀਦਕੋਟ ਦੇ ਬਹੁਤ ਸਾਰੇ ਸਿੱਖ ਇਸ ਫਕੀਰ ਨਾਲ ਰਲ ਗੲੇ। ਉਨ੍ਹਾਂ ਨੇ ਰਿਆਸਤ ਨਾਭਾ, ਜੀਂਦ ਅਤੇ ਅੰਗਰੇਜ਼ਾਂ ਦੀ ਸਾਂਝੀ ਫੌਜ ਦਾ ਸਿੱਖਾਂ ਦੇ ਇਕ ਪਿੰਡ ਦਾਬੜੀ ਵਿਚ ਡਟ ਕੇ ਮੁਕਾਬਲਾ ਕੀਤਾ। ਆਖਰ ਫਕੀਰ ਦੀ ਫੌਜ ਹਾਰ ਗਈ। ਫਕੀਰ ਨੂੰ ਅੰਬਾਲੇ ਲਿਆ ਕੇ ਫਾਂਸੀ ਦੇ ਦਿੱਤੀ ਗਈ। ਸਿੱਖਾਂ ਦੇ ਬਾਗੀ ਪਿੰਡ ਦਾਬੜੀ ਦਾ ਧਰਤੀ ਤੋਂ ਬਿਲਕੁਲ ਸਫਾਇਆ ਕਰ ਦਿੱਤਾ ਗਿਆ।
ਸਿੱਖ ਰਾਜੇ ਬਿਨਾਂ-ਸ਼ੱਕ ਅੰਗਰੇਜ਼ਾਂ ਦੇ ਵਫ਼ਾਦਾਰ ਸਨ ਪਰ ਉਨ੍ਹਾਂ ਦੀਆਂ ਰਿਆਸਤਾਂ ਦੀ ਸਿੱਖ ਪਰਜਾ ਅੰਗਰੇਜ਼-ਭਗਤ ਨਹੀਂ ਸੀ। ਸਰ ਐਵਲਿਨ ਵੁੱਡ (ਜੋ ਮਗਰੋਂ ਫੀਲਡ ਮਾਰਸ਼ਲ ਬਣ ਗਿਆ ਸੀ) ਲਿਖਦਾ ਹੈ, ‘ਮਹਾਰਾਜਾ ਨਾਭਾ ਦੀ ਪਰਜਾ ਅੰਗਰੇਜ਼ਾਂ ਦੇ ਵਿਰੁੱਧ ਸੀ ਅਤੇ ਉਸ ਦੇ ਸਲਾਹਕਾਰ ਵੀ ਦਿਲੋਂ ਅੰਗਰੇਜ਼ਾਂ ਦੇ ਵਫ਼ਾਦਾਰ ਨਹੀਂ ਸਨ।’ ਜਦੋਂ ਵੀ ਮੌਕਾ ਮਿਲਦਾ ਸੀ, ਉਹ ਅੰਗਰੇਜ਼ਾਂ ਦਾ ਵਿਰੋਧ ਹੀ ਕਰਦੇ ਸਨ। ਪਟਿਆਲੇ ਦੀ ਹਾਲਤ ਇਸ ਤੋਂ ਵੀ ਮਾੜੀ ਸੀ। ਅੰਬਾਲੇ ਦਾ ਡਿਪਟੀ ਕਮਿਸ਼ਨਰ ਫੋਰਸਾਈਥ ਦੱਸਦਾ ਹੈ ਕਿ ‘ਅੰਗਰੇਜ਼ਾਂ ਨੂੰ ਮਦਦ ਦੇਣ ਬਾਰੇ ਪਟਿਆਲੇ ਦੇ ਸ਼ਾਹੀ ਖਾਨਦਾਨ ਵਿਚ ਫੁੱਟ ਪਈ ਹੋਈ ਸੀ। ਮਹਾਰਾਜੇ ਦਾ ਆਪਣਾ ਭਰਾ ਹੀ ਅੰਗਰੇਜ਼ਾਂ ਨੂੰ ਮਦਦ ਦੇਣ ਦੇ ਵਿਰੁੱਧ ਸੀ। ਮਹਾਰਾਜੇ ਨੇ ਉਸ ਨੂੰ ਕਾਬੂ ਕਰਕੇ ਜੇਲ੍ਹ ਵਿਚ ਸੁੱਟ ਦਿੱਤਾ ਤਾਂ ਜੋ ਉਹ ਕੋਈ ਸ਼ਰਾਰਤ ਨਾ ਕਰ ਸਕੇ।’ ਇਸ ਦੇ ਬਾਵਜੂਦ ਮਹਾਰਾਜੇ ਦੀ ਪਰਜਾ, ਖਾਸ ਤੌਰ ’ਤੇ ਸਿੱਖ-ਵਸੋਂ ਅੰਗਰੇਜ਼ਾਂ ਦੇ ਵਿਰੁੱਧ ਹੀ ਰਹੀ। ਲੁਧਿਆਣੇ ਵਿਚ ਵੀ ਬਗਾਵਤ ਦੀ ਚੰਗਿਆੜੀ ਭਖ ਰਹੀ ਸੀ।
ਡਿਪਟੀ ਕਮਿਸ਼ਨਰ ਰਿਕਟਸ ਦੇ ਕਹਿਣ ਅਨੁਸਾਰ ਝਾਂਸੀ, ਨਿਮੱਚ ਅਤੇ ਬਰੇਲੀ ਵਿਚ ਸਥਿਤ ਬਾਗੀ ਸਿੱਖ ਸਿਪਾਹੀਆਂ ਨੇ ਵਿਦਰੋਹ ਵਿਚ ਚੰਗਾ ਯੋਗਦਾਨ ਪਾਇਆ। ਜਦੋਂ ਜਲੰਧਰ ਦੇ ਬਾਗੀ ਲੁਧਿਆਣੇ ਪਹੁੰਚੇ ਤਾਂ ਸਿੱਖਾਂ ਸਮੇਤ ਹਰ ਵਰਗ ਦੇ ਲੋਕ ਉਨ੍ਹਾਂ ਦੇ ਨਾਲ ਹੋ ਗੲੇ। ਜਦੋਂ ਇਹ ਭੀੜ ਲੁਧਿਆਣੇ ਤੋਂ ਰਵਾਨਾ ਹੋਈ ਤਾਂ ਅੰਗਰੇਜ਼ਾਂ ਨੇ ਕੁਝ ਸਥਾਨਕ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਹਰ ਵਰਗ ਦੇ ਨੁਮਾਇੰਦਿਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ।
ਇਸ ਵਿਦਰੋਹ ਵਿਚ ਸਿੱਖਾਂ ਦੇ ਯੋਗਦਾਨ ਬਾਰੇ ਲੋਕਾਂ ਨੂੰ ਗੁਮਰਾਹ ਕਰਨ ਲਈ ਝੂਠਾ ਪ੍ਰਚਾਰ ਕੀਤਾ ਗਿਆ। ਐਫ. ਬੀ. ਗੁਬਨਜ਼ ਨੇ ਇਸ ਝੂਠੇ ਪ੍ਰਚਾਰ ਦਾ ਕਾਫ਼ੀ ਹੱਦ ਤੱਕ ਖੰਡਨ ਕੀਤਾ ਹੈ। ਉਹ ਕਹਿੰਦੇ ਹਨ, ‘ਗਦਰ ਦੇ ਸੰਕਟ ਸਮੇਂ ਸਿੱਖਾਂ ਨੇ ਜੋ ਭੂਮਿਕਾ ਨਿਭਾਈ, ਉਸ ਨੂੰ ਵੱਡੇ ਪੱਧਰ ’ਤੇ ਗਲਤ ਸਮਝਿਆ ਗਿਆ ਹੈ। ਉਨ੍ਹਾਂ ਨੂੰ ਅੰਗਰੇਜ਼ਾਂ ਦੇ ਵਫ਼ਾਦਾਰ ਕਿਹਾ ਜਾਂਦਾ ਹੈ ਜੋ ਕਿ ਉਹ ਅਸਲ ਵਿਚ ਨਹੀਂ ਸਨ। ਆਮ ਤੌਰ ’ਤੇ ਸਾਰੇ ਪੰਜਾਬੀਆਂ ਨੂੰ ਸਿੱਖ ਸਮਝ ਲਿਆ ਜਾਂਦਾ ਹੈ, ਜਿਸ ਕਾਰਨ ਕਈ ਭੁਲੇਖੇ ਪੈਦਾ ਹੋ ਜਾਂਦੇ ਹਨ।’ ਅਸਲ ਵਿਚ ਵਰਦੀਧਾਰੀ ਸਿੱਖ ਫੌਜੀ ਹੈ ਹੀ ਕਿਥੇ ਸਨ, ਜੋ ਅੰਗਰੇਜ਼ਾਂ ਦੀ ਮਦਦ ਕਰਦੇ!
ਨਾ ਹੀ ਆਮ ਸਾਦੇ ਕੱਪੜੇ ਪਹਿਨਣ ਵਾਲੇ ਉਨ੍ਹਾਂ ਦੇ ਹੋਰ ਭਰਾਵਾਂ ਨੇ ਅੰਗਰੇਜ਼ਾਂ ਦੀ ਮਦਦ ਕਰਨ ਵਾਲੀ ਕੋਈ ਗੱਲ ਕੀਤੀ। ਇਹ ਧਾਰਨਾ ਬਿਲਕੁਲ ਨਿਰਮੂਲ ਹੈ ਕਿ ਪਿੰਡਾਂ ਦੇ ਸਿੱਖ ਫਿਰੰਗੀ ਦੇ ਵਫ਼ਾਦਾਰ ਸਨ। ਪੰਜਾਬ ਤੋਂ ਬਾਹਰ ਜਿਥੇ ਅੰਗਰੇਜ਼ਾਂ ਦਾ ਸ਼ਿਕੰਜਾ ਕੁਝ ਢਿੱਲਾ ਸੀ, ਸਿੱਖਾਂ ਨੇ ਵਿਦਰੋਹ ਵਿਚ ਵੱਧ-ਚੜ੍ਹ ਕੇ ਹਿੱਸਾ ਲਿਆ। 3 ਜੂਨ, 1857 ਨੂੰ ਗਦਰ ਕਾਰਨ ਝਾਂਸੀ ਵਿਚ ਬੜੀ ਗੰਭੀਰ ਸਥਿਤੀ ਪੈਦਾ ਹੋ ਗਈ। 12 ਐਨ. ਆਈ. ਫੌਜੀ ਟੁਕੜੀ ਦੇ ਜਵਾਨਾਂ ਨੇ ਬਗਾਵਤ ਵਿਚ ਮਹੱਤਵਪੂਰਨ ਹਿੱਸਾ ਲਿਆ। ਲੈਫਟੀਨੈਂਟ ਸਕਾਟ ਇਸ ਸਾਕੇ ਦੇ ਚਸ਼ਮਦੀਦ ਗਵਾਹ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਝਾਂਸੀ ਦੇ ਇਸ ਗਦਰ ਦੀ ਕਈ ਸਿੱਖ ਸਿਪਾਹੀਆਂ ਨੇ ਅਗਵਾਈ ਕੀਤੀ।
ਨੌਗੌਂਗ (ਯੂ. ਪੀ.) ਵਿਚ 10 ਜੂਨ, 1857 ਨੂੰ ਬਗਾਵਤ ਹੋਈ। ਉਥੇ ਵੀ 12 ਐਨ. ਆਈ. ਦੀ ਇਕ ਟੁਕੜੀ ਸਥਿਤ ਸੀ। ਇਸ ਟੁਕੜੀ ਵਿਚ ਸ਼ਾਮਿਲ ਸਿੱਖ ਸਿਪਾਹੀਆਂ ਨੇ ਵੀ ਉਥੇ ਵਿਦਰੋਹ ਦੀ ਅਗਵਾਈ ਕੀਤੀ। ਮਹੂ ਵਿਚ ਤਾਇਨਾਤ ਫੌਜ ਨੇ ਇਕ ਜੁਲਾਈ 1857 ਨੂੰ ਬਗਾਵਤ ਕੀਤੀ। ਇਸ ਬਗਾਵਤ ਵਿਚ 23 ਐਨ. ਆਈ. ਦੇ ਜਵਾਨਾਂ ਨੇ ਮੁੱਖ ਭੂਮਿਕਾ ਨਿਭਾਈ। ਰਜਮੈਂਟ ਦੇ ‘ਮਸਟਰ ਰੋਲ’ ਮੁਤਾਬਿਕ ਇਸ ਰਜਮੈਂਟ ਵਿਚ ਕੁੱਲ 124 ਪੰਜਾਬੀ ਜਵਾਨ ਸ਼ਾਮਿਲ ਸਨ, ਜਿਨ੍ਹਾਂ ਵਿਚੋਂ 68 ਸਿੱਖ ਸਨ। ਇਹ ਸਾਰੇ ਮਾਝੇ ਨਾਲ ਸੰਬੰਧਿਤ ਸਨ। ਸਿੱਖ ਸਿਪਾਹੀਆਂ ਨੇ ਇਥੇ ਬਹਾਦਰੀ ਦੇ ਕਈ ਕਾਰਨਾਮੇ ਕੀਤੇ। (ਚਲਦਾ)

-‘ਦੀ ਟ੍ਰਿਬਿਊਨ’ ਤੋਂ
ਅਨੁਵਾਦ : ਨਰਿੰਜਨ ਸਿੰਘ ਸਾਥੀ
(ਰੋਜ਼ਾਨਾ ਅਜੀਤ ਜਲੰਧਰ)