06 February 2008

ਛੱਪੜਾਂ ਦੀ ਗਾਥਾ

ਪੰਜਾਬ ਦਾ ਅਜਿਹਾ ਕੋੲੀ ਵੀ ਪਿੰਡ ਨਹੀਂ ਹੋਣਾ ਜਿਥੇ ਛੱਪੜ ਨਾ ਹੋਵੇ। ਵੱਡੇ ਪਿੰਡਾਂ ਵਿਚ ਤਾਂ ਛੱਪੜ ਤਿੰਨ-ਚਾਰ ਤੱਕ ਵੀ ਹੁੰਦੇ ਹਨ। ਪੁਰਾਤਨ ਸੱਭਿਆਚਾਰ ਵਿਚ ਲੋਕ ਗੀਤਾਂ, ਕਹਾਣੀਆਂ ’ਚ ਛੱਪੜ ਦਾ ਜ਼ਿਕਰ ਆਮ ਆਉਂਦਾ ਹੈ। ਪੁਰਾਣੇ ਸਮਿਆਂ ਵਿਚ ਲੋਕ ਆਪਣੇ ਪਸ਼ੂਆਂ ਨੂੰ ਛੱਪੜ ਦੇ ਨੇੜੇ ਚਾਰਿਆ ਕਰਦੇ ਸਨ। ਪਸ਼ੂਆਂ ਨੂੰ ਪਾਣੀ ਪਿਲਾਉਂਦੇ ਤੇ ਨਹਾਉਂਦੇ ਵੀ ਸਨ। ਔਰਤਾਂ ਛੱਪੜ ਦੇ ਕੰਢੇ ’ਤੇ ਬੋਰੀ ਜਾਂ ਪੋਲੀਥੀਨ ਵਿਛਾ ਕੇ ਕੱਪੜੇ ਧੋਇਆ ਕਰਦੀਆਂ ਸਨ। ਭਾਵੇਂ ਅੱਜ ਛੱਪੜਾਂ ’ਚ ਸਾਫ ਪਾਣੀ ਪਾਉਣ ਦੀ ਵਿਵਸਥਾ ਨਾ ਹੋਣ ਕਾਰਨ ਛੱਪੜ ਬਹੁਤ ਜ਼ਿਆਦਾ ਦੂਸ਼ਿਤ ਹੋ ਚੁੱਕੇ ਹਨ ਪਰ ਇਸ ਦੇ ਬਾਵਜੂਦ ਛੱਪੜ ਨੂੰ ਪਵਿੱਤਰ ਮੰਨਿਆ ਜਾਂਦਾ ਹੈ। ਅੱਜ ਵੀ ਕੲੀ ਥਾੲੀਂ ਪ੍ਰੰਰਪਰਾ ਹੈ ਕਿ ਘਰ ’ਚ ਜਦੋਂ ਕੋੲੀ ਮੱਝ ਜਾਂ ਗਾਂ ਸੂੰਦੀ ਹੈ ਤਾਂ ਪਹਿਲੀ ਵਾਰ ਉਸ ਦਾ ਚੋਇਆ ਦੁੱਧ ਛੱਪੜ ਵਿਚ ਵਹਾ ਦਿੱਤਾ ਜਾਂਦਾ ਹੈ। ਮੌਜੂਦਾ ਦੌਰ ਵਿਚ ਲੋਕਾਂ ਦੇ ਘਰਾਂ ਵਿਚ ਬਿਜਲੲੀ ਮੋਟਰਾਂ ਆ ਗੲੀਆਂ ਹਨ। ਮੱਝਾਂ ਨਹਾਉਣ, ਉਨ੍ਹਾਂ ਨੂੰ ਪਾਣੀ ਪਿਆਉਣ ਤੇ ਔਰਤਾਂ ਕੱਪੜੇ ਧੋਣ ਦਾ ਕੰਮ ਘਰਾਂ ਅੰਦਰ ਹੀ ਕਰਦੀਆਂ ਹਨ।
ਦੂਜੇ ਪਾਸੇ ਪੇਂਡੂ ਰਹਿਣ-ਸਹਿਣ ਵਿਚ ਭਾਰੀ ਬਦਲਾਅ ਆਉਣ ਕਰਕੇ ਦੂਸ਼ਿਤ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਵਧ ਗੲੀ ਹੈ। ਇਸ ਲੲੀ ਚਾਹੀਦਾ ਤਾਂ ਇਹ ਹੈ ਕਿ ਛੱਪੜ ਸਾਬਤ-ਸਬੂਤੇ ਰਹਿਣ ਪਰ ਅਜਿਹਾ ਨਹੀਂ ਹੋ ਰਿਹਾ। ਇਨ੍ਹਾਂ ਛੱਪੜਾਂ ਦੇ ਕੰਢਿਆਂ ’ਤੇ ਵਸੇ ਘਰ ਪਹਿਲਾਂ-ਪਹਿਲ ਛੱਪੜ ’ਚ ਰੂੜੀ ਲਾਉਂਦੇ ਹਨ ਜਾਂ ਥੋੜ੍ਹੀ ਜਿਹੀ ਭਰਤੀ (ਮਿੱਟੀ) ਪਾ ਕੇ ਪਸ਼ੂ ਬੰਨ੍ਹ ਦਿੰਦੇ ਹਨ ਤੇ ਕੲੀ ਸੁੱਕਾ ਬਾਲਣ ਵੀ ਰੱਖ ਦਿੰਦੇ ਹਨ। ਅਗਲੇ ਪੜਾਅ ’ਚ ਪਸ਼ੂਆਂ ਦਾ ਵਾੜਾ ਤੇ ਕੁਝ ਸਮੇਂ ਬਾਅਦ ਉਥੇ ਮਕਾਨ ਉਸਰ ਜਾਂਦਾ ਹੈ। ਇਉਂ ਛੱਪੜ ਦੀ ਹੋਂਦ ਖਤਰੇ ਵਿਚ ਪੈ ਜਾਂਦੀ ਹੈ ਤੇ ਬਾਰਸ਼ਾਂ ਦੇ ਦਿਨਾਂ ਵਿਚ ਛੱਪੜ ਦਾ ਪਾਣੀ ਓਵਰ ਫਲੋਅ ਹੋ ਜਾਂਦਾ ਹੈ। ਛੱਪੜ ਦਾ ਆਕਾਰ ਘਟਣ ਨਾਲ ਇਸ ਦਾ ਪਾਣੀ ਵਧੇਰੇ ਬਦਬੂ ਮਾਰਦਾ ਹੈ ਤੇ ਲੋਕਾਂ ਨੂੰ ਪ੍ਰੇਸ਼ਾਨ ਕਰਦਾ ਹੈ। ‘ਕਿਹੜਾ ਦੁਸ਼ਮਣੀ ਮੁੱਲ ਲਵੇ’ ਕਹਿ ਕੇ ਪਿੰਡ ਦਾ ਕੋੲੀ ਵੀ ਜ਼ਿੰਮੇਵਾਰ ਵਿਅਕਤੀ ਛੱਪੜ ’ਤੇ ਹੋ ਰਹੇ ਨਾਜਾਇਜ਼ ਕਬਜ਼ੇ ਖਿਲਾਫ ਮੂੰਹ ਖੋਲ੍ਹਣ ਨੂੰ ਤਿਆਰ ਨਹੀਂ ਹੁੰਦਾ।

-ਮੋਹਰ ਗਿੱਲ ਸਿਰਸੜੀ,
ਪਿੰਡ ਤੇ ਡਾਕ: ਸਿਰਸੜੀ, ਫਰੀਦਕੋਟ-151207. ਮੋਬਾ: 98156-59110.
ਧੰਨਵਾਦ ਸਹਿਤ (ਰੋਜ਼ਾਨਾ ਅਜੀਤ ਜਲੰਧਰ - 7 ਫਰਵਰੀ 2008) ਵਿੱਚੋਂ

No comments: