20 March 2008

ਉਨ੍ਹਾਂ ਦਿਨਾਂ ਵਿੱਚ ਚਾਹੁੰਦੀ ਸੀ ਕਿ ਨਹੀਂ - ਦੇਬੀ

ਕੀ ਹਾਲ ਏ ਤੇਰਾ ਮੁੱਦਤ ਪਿੱਛੋਂ ਟੱਕਰੀ ਏ
ਮੈਂ ਵੀ ਬਦਲਿਆ ਹੋਵੇਗਾ, ਪਰ ਤੂੰ ਵੀ ਵੱਖਰੀ ਏ
ਦੂਰੋਂ ਦੂਰੋਂ ਤੱਕਦਾ ਰਿਹਾ, ਬੁਲਾ ਵੀ ਨਹੀਂ ਸਕਿਆ
ਮੈਂ ਕਮ-ਦਿਲ ਜੇਹਾ ਤੇਰੇ ਨੇੜੇ ਆ ਵੀ ਨਹੀਂ ਸਕਿਆ
ਲਿਖ ਕੇ ਤੇਰਾ ਨਾਮ ਮੈਂ ਸੱਜਦੇ ਕਰਦਾ ਰਹਿੰਦਾ ਸਾਂ
ਤੂੰ ਮੇਰਾ ਨਾਂ ਲਿਖ ਕੇ ਕਦੇ ਮਿਟਾਉਦੀ ਸੀ ਕਿ ਨਹੀਂ
ਮੇਰੇ ਬਾਰੇ ਹੁਣ ਕੀ ਤੇਰਾ ਖਿਆਲ ਮੈਂ ਨਹੀਂ ਪੁੱਛਦਾ
ਉਨ੍ਹਾਂ ਦਿਨਾਂ ਵਿੱਚ ਦੱਸਦੇ ਮੈਨੂੰ ਚਾਹੁੰਦੀ ਸੀ ਕਿ ਨਹੀਂ
ਮੇਰੇ ਬਾਰੇ ਹੁਣ ਕੀ ਤੇਰਾ ਖਿਆਲ...


ਛੁੱਟੀ ਵੇਲ਼ੇ ਆਪੋ ਆਪਣੇ ਪਿੰਡਾਂ ਨੂੰ ਜਾਣਾ
ਤੇਰਾ ਪਤਾ ਨੀਂ ਪਰ ਮੇਰਾ ਦਿਲ ਘੱਟਦਾ ਹੀ ਜਾਣਾ
ਜੇਹੜੀ ਥਾਂ ਤੋਂ ਆਪਣੇ ਪਿੰਡ ਦੇ ਰਾਹ ਨਿਖੜਦੇ ਸੀ
ਜੇਹੜੀ ਥਾਂ ਤੇ ਉਹ ਵੀ ਆਪਣੇ ਵਾਂਗ ਵਿਛੜਦੇ ਸੀ
ਬੁੱਲੀਆਂ ਵਿੱਚ ਮੁਸਕਾ ਕੇ ਤੇਰਾ ਮੁੜ ਕੇ ਵੇਖਣਾ ਓਹ
ਜਾਂਦੇ ਜਾਂਦੇ ਨਜ਼ਰਾਂ ਦੇ ਨਾਲ ਮੱਥਾ ਟੇਕਣਾ ਓਹ
ਕੀ ਦੱਸਾਂ ਕਿ ਪੈਂਡਲ ਕਿੰਨੇ ਭਾਰੇ ਲੱਗਦੇ ਸਨ,
ਸਾਈਕਲ ਹੌਲੀ ਮੇਰੇ ਵਾਂਗ ਚਲਾਉਦੀ ਸੀ ਕਿ ਨਹੀਂ
ਮੇਰੇ ਬਾਰੇ ਹੁਣ ਕੀ ਤੇਰਾ ਖਿਆਲ...

ਖੋ ਖੋ ਵਾਲੀਬਾਲ ਦੇ ਪਿੜ 'ਚ ਫਿਰਦੀਆਂ ਮੇਲਦੀਆਂ
ਵੇਹਲੇ ਪੀਰਡ ਦੇ ਵਿੱਚ ਬਾਰਾਂ ਟਾਹਣੀ ਖੇਡਦੀਆਂ
ਮੈਨੂੰ ਯਾਦ ਹੈ ਕਿ ਮੇਰੇ ਵੱਲ ਇਸ਼ਾਰੇ ਹੁੰਦੇ ਸੀ
ਨੀਂ ਸੱਚ ਦੱਸੀ ਕੀ ਚਰਚੇ ਮੇਰੇ ਬਾਰੇ ਹੁੰਦੇ ਸੀ
ਤੇਰੇ ਨਾਂ ਤੇ ਯਾਦ ਹੈ ਮੈਨੂੰ ਛੇੜਿਆਂ ਕਈਆਂ ਨੇ
ਮੇਰੇ ਨਾਂ ਤੇ ਤੈਨੂੰ ਕੋਈ ਬਲਾਉਦੀ ਸੀ ਕਿ ਨਹੀਂ
ਮੇਰੇ ਬਾਰੇ ਹੁਣ ਕੀ ਤੇਰਾ ਖਿਆਲ...

ਪੜ੍ਹਨ ਲਿਖਣ ਵੇਲੇ ਦੀ ਜਿੰਦਗੀ ਚੰਗੀ ਹੁੰਦੀ ਏ
ਚੜ੍ਹੀ ਨਾ ਲੱਥੀ ਨਾ ਫਿਕਰ ਨਾ ਤੰਗੀ ਹੁੰਦੀ ਏ
ਚੁਟਕਲ ਜਾਂ ਕਹਾਣੀ ਜਾਂ ਕੁਝ ਹੋਰ ਸੁਣਾਉਦੇ ਨੇ
ਕਲਾਸ ਰੂਮ ਦੇ ਵਿੱਚ ਸਟੂਡੈਂਟ ਗਾਣੇ ਗਾਉਦੇ ਨੇ
ਮੇਰੇ ਜੋ ਕਲਾਮ ਉਹ ਬਹੁਤੇ ਤੇਰੇ ਨਾਵੇਂ ਨੇ
ਨੀਂ ਤੂੰ ਕੋਈ ਗਾਣਾ ਮੇਰੇ ਬਾਰੇ ਗਾਉਦੀ ਸੀ ਨਹੀਂ
ਉਨ੍ਹਾਂ ਦਿਨਾਂ ਵਿੱਚ ਦੱਸਦੇ ਮੈਨੂੰ ਚਾਹੁੰਦੀ ਸੀ ਕਿ ਨਹੀਂ...
ਮੇਰੇ ਬਾਰੇ ਹੁਣ ਕੀ ਤੇਰਾ ਖਿਆਲ

ਖ਼ਬਰੇ ਤੂੰ ਆਖੇ ਉਹ ਪਿਆਰ ਨਹੀਂ ਕੁਝ ਹੋਰ ਹੀ ਸੀ
ਚੜ੍ਹੀ ਜਵਾਨੀ ਦੀ ਭੁੱਲ ਸੀ, ਕੁਝ ਚਿਰ ਦੀ ਲੋਰ ਹੀ ਸੀ
ਪਰ ਆਸ਼ਕ. ਸ਼ਾਇਰ ਬਚਪਨ ਵਾਂਗ ਮਾਸੂਮ ਹੀ ਰਹਿੰਦੇ ਨੇ
ਇਕ ਪਾਸੜ ਵਿਸਵਾਸ਼ 'ਚ ਹੀ ਜਿੰਦਗੀ ਕੱਢ ਲੈਂਦੇ ਨੇ
ਦੇਬੀ ਨੇ ਕਈ ਸਾਲ ਤੇਰਾ ਨਾਂ ਲਿਖਿਆ ਤਾਰਿਆਂ ਤੇ
ਤੂੰ ਵੀ ਦੱਸ ਕਦੇ ਹਵਾ 'ਚ ਉਂਗਲਾਂ ਵ੍ਹਾਉਦੀ ਸੀ ਕਿ ਨਹੀਂ
ਮੇਰੇ ਬਾਰੇ ਹੁਣ ਕੀ ਤੇਰਾ ਖਿਆਲ...

ਗਾਇਕ - ਦੇਬੀ
ਐਲਬਮ - ਦੇਬੀ ਲਾਈਵ 3
ਬੋਲ - ਦੇਬੀ

No comments: