14 May 2008

ਅਲੋਪ ਹੋ ਰਿਹਾ "ਗੱਡਾ"

ਅੱਜ ਤੋਂ ਪੈਂਤੀ ਸਾਲ ਪਹਿਲਾਂ ਨਿੱਤ ਵਰਤੋਂ ਵਿਚ ਆਉਣ ਵਾਲੇ ਖੇਤੀ ਸੰਦਾਂ ਵਿਚੋਂ ਗੱਡਾ ਸਭ ਤੋਂ ਉੱਪਰ ਸੀ। ਖੇਤੋਂ ਪੱਠੇ ਲਿਆਉਣਾ, ਵੱਢੀ ਹੋੲੀ ਕਣਕ ਦਾ ‘ਲਾਂਗਾ’ ਖੇਤੋਂ ਪਿੰਡ ਲਿਆਉਣਾ ਜਾਂ ਖੇਤੋਂ ਤੂੜੀ ਢੋਣ ਵਰਗੇ ਸਭ ਕੰਮ ਗੱਡੇ ਨਾਲ ਕੀਤੇ ਜਾਂਦੇ ਸਨ ਪਰ ਹੁਣ ਖੇਤੀ ਦੇ ਰਵਾਇਤੀ ਸੰਦਾਂ ਵਾਂਗ ਗੱਡਾ ਵੀ ਅਲੋਪ ਹੁੰਦਾ ਜਾ ਰਿਹਾ ਹੈ।
ਗੱਡਾ ਆਮ ਕਰਕੇ ਦੋ ਬਲਦ ਜੋੜ ਕੇ ਇਕ ਥਾਂ ਤੋਂ ਦੂਜੀ ਥਾਂ ਲਿਜਾਇਆ ਜਾਂਦਾ ਸੀ। ਵਪਾਰੀਆਂ ਦਾ ਸਮਾਨ ਗੁੜ, ਖਲ ਆਦਿ ਸ਼ਹਿਰ ਤੋਂ ਇਸੇ ਉੱਪਰ ਲਿਆਂਦਾ ਜਾਂਦਾ ਸੀ। ਪਸ਼ੂਆਂ ਹੇਠ ਸੁੱਟਣ ਲੲੀ ਸੁੱਕੀ ਰੇਤਾ ਵੀ ਗੱਡਾ ਭਰ ਕੇ ਘਰ ਲਿਆਂਦਾ ਜਾਂਦਾ ਸੀ। ਗੱਲ ਕੀ ਕਿਸਾਨ ਦੇ ਤਕਰੀਬਨ ਹਰ ਕੰਮ ਵਿਚ ਹੀ ਗੱਡਾ ਸਹਾੲੀ ਹੁੰਦਾ ਸੀ। ਗੱਡਾ ਬਣਾਉਣ ਲੲੀ ਮਿਸਤਰੀ ਦਾ ਇਕ-ਇਕ ਮਹੀਨਾ ਵੀ ਲੱਗ ਜਾਂਦਾ ਸੀ। ਕੲੀ ਵਾਰ ਦੋ ਮਾਹਿਰ ਮਿਸਤਰੀ ਇਕੱਠੇ ਹੋ ਕੇ ਗੱਡਾ ਬਣਾ ਲੈਂਦੇ ਸਨ। ਬਲਦਾਂ ਦੇ ਜੋੜਨ ਵਾਲੀ ਜਗ੍ਹਾ ਨੂੰ ਗਲ ਆਖਿਆ ਜਾਂਦਾ ਸੀ, ਜਿਸ ਨੂੰ ਅੱਗੇ ਜੂਲੇ ਨਾਲ ਜੋੜਿਆ ਜਾਂਦਾ ਸੀ। ਜੂਲਾ ਵੀ ਬੱਲ (ਚਮੜੇ ਦਾ ਰੱਸਾ) ਨਾਲ ਬੰਨ੍ਹਿਆ ਜਾਂਦਾ ਸੀ। ਗੱਡੇ ਨੂੰ ਤੋਰਨ ਲੲੀ ਦੋ ਲੱਕੜ ਦੇ ਪਹੀੲੇ ਹੁੰਦੇ ਸਨ, ਜੋ ਇਕ ਧੁਰੇ ਦੇ ਨਾਲ ਜੁੜੇ ਹੁੰਦੇ ਸਨ, ਜਿਨ੍ਹਾਂ ਨੂੰ ਸਮੇਂ-ਸਮੇਂ ’ਤੇ ਗਰੀਸ ਜਾਂ ਕੲੀ ਵਾਰ ਮਖਣੀ ਨਾਲ ਵੀ ਚੋਪੜਿਆ ਜਾਂਦਾ ਸੀ ਤਾਂ ਜੋ ਪਹੀੲੇ ਸੌਖੇ ਤੁਰਨ ਅਤੇ ਬਲਦ ਸੌਖੇ ਰਹਿਣ ਪਰ ਹੁਣ ਤਾਂ ਇਹ ਸਾਰਾ ਕੁਝ ਬੀਤੇ ਦੀਆਂ ਬਾਤਾਂ ਬਣ ਕੇ ਰਹਿ ਗਿਆ ਹੈ। ਗੱਡਾ ਵੀ ਪੁਰਾਤਨ ਵਸਤਾਂ ਵਾਂਗ ਅਜਾਇਬ ਘਰਾਂ ਜਾਂ ਨੁਮਾਇਸ਼ਾਂ ’ਤੇ ਵਿਖਾਉਣ ਵਾਲਾ ਹੀ ਰਹਿ ਗਿਆ ਹੈ।

ਅੱਜਕਲ੍ਹ ਇਕ ਗੱਡਾ ਪਿੰਡ ਮਹਿਣਾ (ਜ਼ਿਲ੍ਹਾ ਮੋਗਾ) ਦੇ ਨੰਬਰਦਾਰ ਜਸਮੇਰ ਸਿੰਘ ਪੁੱਤਰ ਗੁਰਬਚਨ ਸਿੰਘ ਦੇ ਘਰ ਖੜ੍ਹਾ ਹੈ। ਜੋ ਉਸ ਨੇ ਬੜੇ ਸ਼ੌਕ ਨਾਲ 1948 ਵਿਚ ਬਣਾਇਆ ਸੀ। ਨੰਬਰਦਾਰ ਜਸਮੇਰ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਸ ਗੱਡੇ ਉੱਪਰ 10 ਕਿਲੋ ਪਿੱਤਲ, 40 ਕਿਲੋ ਲੋਹੇ ਦੇ ਪੱਤਰ ਲੱਗੇ ਹੋੲੇ ਹਨ। ਇਸ ਤੋਂ ਬਿਨਾਂ ਦੋ ਲੋਹੇ ਦੇ ਪਾੲੀਪ ਅਤੇ 05 ਕਿਲੋ ਬੈਂਤ ਦੇ ਰੱਸੇ ਨਾਲ ਬੁਣਿਆ ਹੋਇਆ ਹੈ। ਉਹ ਇਸ ਗੱਡੇ ਨੂੰ ਨੁਮਾਇਸ਼ਾਂ ’ਤੇ ਲਿਜਾ ਕੇ ਕੲੀ ਇਨਾਮ ਪ੍ਰਾਪਤ ਕਰ ਚੁੱਕਾ ਹੈ।

-ਗੋਪੀ ਰਾਊਕੇ, ਰਾਊਕੇ ਕਲਾਂ, ਮੋਗਾ।
(ਰੋਜ਼ਾਨਾ ਅਜੀਤ ਜਲੰਧਰ ਵਿੱਚੋਂ ਧੰਨਵਾਦ ਸਹਿਤ)
http://www.ajitjalandhar.com/20080515/mags/pind2.htm#k2

12 May 2008

ਨੰਦ ਲਾਲ ਨੂਰਪੁਰੀ - ਬਰਸੀ ਉੱਤੇ ਵਿਸ਼ੇਸ਼

ਅਨੇਕਾਂ ਦੇਸ਼ ਪਿਆਰ, ਰੋਮਾਂਟਿਕ, ਲੋਕ ਦਰਦ, ਪ੍ਰਕ੍ਰਿਤੀ ਪਿਆਰ, ਇਤਿਹਾਸਕ, ਰਾਜਨੀਤਕ, ਧਾਰਮਿਕ, ਸਮਾਜਿਕ, ਸੱਭਿਆਚਾਰਕ ਗੀਤਾਂ ਦੇ ਰਚਣਹਾਰ ਨੰਦ ਲਾਲ ਨੂਰਪੁਰੀ ਨੇ 13 ਮੲੀ 1966 ਨੂੰ ਖੂਹ ਵਿਚ ਰਾਤ ਵੇਲੇ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲੲੀ।
ਨੂਰਪੁਰੀ ਦਾ ਜਨਮ ਸੰਨ 1906 ਵਿਚ ਮਾਤਾ ਹੁਕਮ ਦੇੲੀ ਅਤੇ ਪਿਤਾ ਬਿਸ਼ਨ ਸਿੰਘ ਦੇ ਘਰ ਲਾਇਲਪੁਰ ਲਾਗੇ ਨੂਰਪੁਰ ਪਿੰਡ ਵਿਖੇ ਹੋਇਆ। ਖਾਲਸਾ ਹਾੲੀ ਸਕੂਲ ਲਾਇਲਪੁਰ ਵਿਚ ਦਸਵੀਂ ਤੱਕ ਪੜ੍ਹਨ ਉਪਰੰਤ ਖਾਲਸਾ ਕਾਲਜ ਲਾਇਲਪੁਰ ਵਿਚ ਦਾਖ਼ਲਾ ਲੈ ਲਿਆ। ਪੁਲਿਸ ਦੀ ਭਰਤੀ ਲੲੀ ਟਰਾਇਲ ਦੇਣ ਗੲੇ ਨੂਰਪੁਰੀ ਦਾ ਕੱਦਾਵਰ ਜੁੱਸਾ ਦੇਖ ਕੇ ਉਸ ਨੂੰ ਥਾਣੇਦਾਰ ਭਰਤੀ ਕਰ ਲਿਆ ਗਿਆ। ਨੂਰਪੁਰੀ ਨੇ ਬੀਕਾਨੇਰ ਦੇ ਇਕ ਥਾਣੇ ਵਿਚ ਨੌਕਰੀ ਕੀਤੀ। ਬੀਕਾਨੇਰ ਦੀ ਹੀ ਸੁਮਿੱਤਰਾ ਦੇਵੀ ਨਾਲ ਸ਼ਾਦੀ ਤੋਂ ਬਾਅਦ ਛੇ ਕੁੜੀਆਂ ਦੋ ਮੰੁਡੇ ਹੋੲੇ।
ਕਿਸੇ ਪਿੰਡ ਵਿਚ ਸ਼ਰਾਬ ਦੀ ਭੱਠੀ ’ਤੇ ਮਾਰੇ ਛਾਪੇ ਦੌਰਾਨ ਪੁਲਿਸ ਮੁਕਾਬਲਾ ਹੋ ਗਿਆ। ਇਸ ਭਗਦੜ ਵਿਚ ਚੱਲੀ ਗੋਲੀ ਨਾਲ ਤਿੰਨ ਬੰਦੇ ਹਲਾਕ ਹੋ ਗੲੇ। ਇਸ ਤਰ੍ਹਾਂ ਮਾਨਸਿਕ ਤਣਾਅ ਭਾਰੂ ਹੋ ਗਿਆ। ਸ਼ਾਇਦ ਇਹ ਗੀਤ-

ਇਥੇ ਦਰ ਦਰ ਫਾਹੀਆਂ ਗੱਡੀਆਂ
ਛੁਰੀਆਂ ਹੇਠ ਨਾ ਆ
ਇਥੇ ਡਾਕੇ ਪੈਣ ਦੁਪਹਿਰ ਨੂੰ
ਤੇਰਾ ਦੇਣਗੇ ਆਲਣਾ ਢਾਹ
ਇਥੇ ਜ਼ਹਿਰ ਭਰੀ ਵਿਚ ਦਾਣਿਆਂ
ਤੇਰੀ ਦਿੱਤੀ ਚੋਗ ਰਲਾ...
ਨੂਰਪੁਰੀ ਪਛਤਾੲੇਂਗਾ
ਮੁੜ ਵਤਨਾਂ ਨੂੰ ਜਾ

ਉਸੇ ਮਾਨਸਿਕ ਅਵਸਥਾ ਅਧੀਨ ਨੂਰਪੁਰੀ ਬੀਕਾਨੇਰ ਤੋਂ ਨੌਕਰੀ ਛੱਡ ਕੇ ਵਾਪਸ ਪਰਤ ਆੲੇ। 1940 ਵਿਚ ਉਪਰੋਕਤ ਗੀਤ ਸਮੇਤ ‘ਮੰਗਤੀ’ ਫ਼ਿਲਮ ਦੇ ਗੀਤ ਲਿਖੇ ਜੋ ਬਹੁਤ ਮਕਬੂਲ ਹੋੲੇ। ਇਸ ਤੋਂ ਬਾਅਦ ‘ਗੀਤ ਬਹਾਰਾਂ ਦੇ’, ‘ਵਲੈਤ ਪਾਸ’ ਆਦਿ ਫ਼ਿਲਮਾਂ ਦੇ ਗੀਤ ਲਿਖੇ। ਉਪੇਰਾ ‘ਮਿਰਜ਼ਾ ਸਾਹਿਬਾ’ ਬਹੁਤ ਮਕਬੂਲ ਹੋਇਆ। ਇਸ ਤੋਂ ਇਲਾਵਾ ਨੂਰਪੁਰੀ ਦੇ ਦਰਜਨਾਂ ਧਾਰਮਿਕ ਤੇ ਸੱਭਿਆਚਾਰਕ ਗੀਤ ਬੇਹੱਦ ਮਕਬੂਲ ਹੋੲੇ ਤੇ ਬੱਚੇ-ਬੱਚੇ ਦੀ ਜ਼ਬਾਨ ’ਤੇ ਚੜ੍ਹੇ।
ਦੇਸ਼ ਦੀ ਵੰਡ ਤੋਂ ਬਾਅਦ ਉਸ ਦੇ ਗੀਤਾਂ ਦੀ ਕਿਤਾਬ ‘ਸੌਗਾਤ’ ਨੂੰ ਭਾਸ਼ਾ ਵਿਭਾਗ ਪੰਜਾਬ ਦਾ ਪਹਿਲਾ ਇਨਾਮ 1960-61 ਵਿਚ ਮਿਲਿਆ। ‘ਸੌਗਾਤ’ ਤੋਂ ਇਲਾਵਾ ਪਹਿਲੀ ਕਿਤਾਬ ‘ਨੂਰਪੁਰੀਆਂ’ 1947 ਤੋਂ ਪਹਿਲਾਂ ਲਾਹੌਰ ਤੋਂ ਛਪਵਾੲੀ। ‘ਵੰਗਾਂ’, ‘ਜਿਊਂਦਾ ਪੰਜਾਬ’, ‘ਨੂਰਪੁਰੀ ਦੇ ਗੀਤ’ ਅਤੇ ‘ਆਖਰੀ ਸੌਗਾਤ’ ਕਿਤਾਬਾਂ ਵੀ ਛਪੀਆਂ। ਭਾਸ਼ਾ ਵਿਭਾਗ ਪੰਜਾਬ ਨੇ ਨੌਕਰੀ ਵੀ ਪ੍ਰਦਾਨ ਕੀਤੀ ਪਰ ਦੋ ਸਾਲ ਤੋਂ ਬਾਅਦ ਨੌਕਰੀ ਛੱਡ ਦਿੱਤੀ। ਨੂਰਪੁਰੀ ਦੇ ਗੀਤਾਂ ਵਿਚ ਪੇਂਡੂ ਸੱਭਿਆਚਾਰ ਕੁੱਟ-ਕੁੱਟ ਕੇ ਭਰਿਆ ਹੋਇਆ ਹੈ। ਕਵਿਤਾਵਾਂ ਵਿਚ ਆਮ ਤੌਰ ’ਤੇ ਖੇਤ, ਥੇਹ, ਜੂਹ, ਚਿੱਕੜ, ਮੜੀਆਂ, ਚਰਖੇ, ਪੂਣੀਆਂ, ਕਿਸਾਨ, ਮਜ਼ਦੂਰ, ਅੰਬ, ਪਿੱਪਲ, ਕਿੱਕਰ, ਬੇਰੀ ਆਦਿ ਦਰੱਖਤਾਂ ਤੋਂ ਇਲਾਵਾ ਨਦੀਆਂ, ਦਰਿਆਵਾਂ ਆਦਿ ਦਾ ਜ਼ਿਕਰ ਆਉਂਦਾ ਹੈ। ਨੂਰਪੁਰੀ ਨੂੰ ਭਾਸ਼ਾ ਵਿਭਾਗ ਨੇ 75 ਰੁਪੲੇ ਮਹੀਨਾ ਵਜ਼ੀਫਾ ਵੀ ਪ੍ਰਵਾਨ ਕੀਤਾ।
ਨੂਰਪੁਰੀ ਦੇ ਗੀਤਾਂ ਦੀ ਬਦੌਲਤ ਲੋਕੀਂ, ਦਿੱਲੀ\ਬੰਬੲੀ ਵਰਗੇ ਸ਼ਹਿਰਾਂ ਵਿਚ ਬੰਗਲੇ ਬਣਾ ਕੇ ਰਹਿਣ ਲੱਗ ਪੲੇ ਸਨ। ਪਰ ਇਹ ਫ਼ਕੀਰ ਸੁਭਾਅ ਦਾ ਰੱਬੀ ਲੋਕ ਮਾਡਲ ਹਾਊਸ ਕਾਲੋਨੀ ਜਲੰਧਰ ਵਿਚ ਕਿਰਾੲੇ ’ਤੇ ਰਹਿ ਕੇ ਗੁਜ਼ਾਰਾ ਕਰਦਾ ਰਿਹਾ। ਨੂਰਪੁਰੀ ਦੇ ਸ਼ਬਦਾਂ ਵਿਚ ਕੲੀ ਵਾਰ ਆਤਮ ਹੱਤਿਆ ਦਾ ਖਿਆਲ ਆਉਂਦਾ ਰਿਹਾ। ਉਸ ਅਨੁਸਾਰ ਇਕ ਵਾਰ ਮਨਿਆਰੀ ਦੀ ਦੁਕਾਨ ’ਤੇ ਲੱਗੀ ਭਗਤ ਸਿੰਘ ਦੀ ਫੋਟੋ ਨੂੰ ਅਚਾਨਕ ਦੇਖ ਕੇ ਖ਼ੁਦਕੁਸ਼ੀ ਕਰਨ ਜਾ ਰਿਹਾ ਵਾਪਸ ਮੁੜ ਆਇਆ ਸੀ। ਪਰ ਸਦਾ ਲੲੀ ਇਹ ਵਿਚਾਰ ਮਨ ਵਿਚੋਂ ਕੱਢ ਨਾ ਸਕਿਆ। ਨਾ ਜਾਣੇ ਪੰਜਾਬੀ ਮਾਂ ਬੋਲੀ ਦਾ ਕਿੰਨਾ ਹੋਰ ਸਰਮਾਇਆ ਜ਼ਿਹਨ ਵਿਚ ਲੈ ਕੇ ਆਖਿਰ ਤੁਰ ਹੀ ਗਿਆ ਸਾਡਾ ਨੰਦ ਲਾਲ ਨੂਰਪੁਰੀ।

-ਦਲਜੀਤ ਸਿੰਘ ਧਾਲੀਵਾਲ
6\1 ਅਗਰ ਨਗਰ, ਸੰਗਰੂਰ।
(ਰੋਜ਼ਾਨਾ ਅਜੀਤ ਵਿੱਚੋਂ ਧੰਨਵਾਦ ਸਹਿਤ)


ਸ਼ਾਇਦ ਕਿਸੇ ਨੂੰ ਦਸਵੀਂ ਦੀ ਕਿਤਾਬ 'ਚ ਕਵਿਤਾ - ਭਾਖੜੇ ਤੋਂ ਆਉਦੀ ਮੁਟਿਆਰ ਨੱਚਦੀ ਚੇਤੇ ਹੋਵੇ!!!

09 May 2008

ਹਰਭਜਨ ਮਾਨ - ਚੰਨ ਜੇਹੇ ਮੁਖੜੇ

ਸੋਹਣੇ ਚੰਨ ਜੇਹੇ ਮੁਖੜੇ ਤੋਂ ਜ਼ੁਲਫ਼ਾਂ ਨੂੰ ਪਿਛ੍ਹਾ ਕਰਕੇ
ਹਾੜਾ ਹੱਸਿਆ ਨਾ ਕਰ ਕੁੜੀਏ, ਇਨ੍ਹਾਂ ਅੱਖੀਆਂ 'ਚ ਦਿਲ ਧਰ ਕੇ

ਡੱਬੀ ਦੇ 'ਚ ਪਾ ਕੇ ਰੱਖ ਲਾਂ, ਜੇ ਵੱਸ ਹੋਵੇ ਮੇਰੇ
ਸੱਪਣੀ ਵਰਗੀ ਤੋਰ ਤੇਰੀ ਦੇ ਨੀਂ ਚਰਚੇ ਚਾਰ ਚੁਫੇਰੇ
ਇੰਝ ਲਟਕ ਮਟਕ ਤੁਰਨਾ
ਨੀਂ ਲੱਕ ਝਟਕ ਝਟਕ ਤੁਰਨਾ
ਕੀ ਕਾਹਲ੍ਹੀਆਂ ਨੇ ਤੈਨੂੰ
ਜ਼ਰਾ ਅਟਕ ਅਟਕ ਤੁਰਨਾ
ਤੱਕ ਲੈਣ ਦੇ ਸੱਜਣਾ ਨੂੰ ਤੇਰਾ ਰੂਪ ਨਜ਼ਰ ਭਰ ਕੇ
ਹਾੜਾ ਹੱਸਿਆ ਨਾ ਕਰ ਕੁੜੀਏ...

ਨਜ਼ਰ ਤੇਰੀ ਨੂੰ ਨਜ਼ਰ ਨਾ ਲੱਗ ਜੇ, ਰਹਿ ਨਜ਼ਰਾਂ ਤੋਂ ਡਰ ਕੇ
ਜਿਸ ਨੇ ਤੱਕਿਆ ਰੂਪ ਤੇਰੇ ਨੂੰ ਰਹਿ ਕੇ ਹਾਉਕਾ ਭਰ ਕੇ
ਮੈਂ ਹੀਰ ਕਹਾਂ ਤੈਨੂੰ
ਕਿ ਹੂਰ ਕਹਾਂ ਤੈਨੂੰ
ਤੂੰ ਨੂਰ ਹੀ ਨੂਰ ਜੇਹਾ
ਕੋਹੇਨੂਰ ਕਹਾਂ ਤੈਨੂੰ
ਤੈਨੂੰ ਵੇਖ ਜਿਉਨੇ ਆਂ, ਤੈਨੂੰ ਲੱਭਿਆ ਮਰ ਮਰ ਕੇ
ਹਾੜਾ ਹੱਸਿਆ ਨਾ ਕਰ ਕੁੜੀਏ...

ਅਜੇ ਉਮਰ ਤੇਰੀ ਹੋਈ ਨਾ ਰੂਹ ਦੀਆਂ ਰਮਜ਼ਾਂ ਸਮਝਣ ਵਾਲੀ
ਰੁੜ ਪੁੜ ਜਾਣੀ ਹੜ੍ਹ ਦਾ ਪਾਣੀ, ਜਾਂਦੀ ਨਹੀਂ ਸੰਭਾਲੀ
ਜ਼ਰਾ ਰੋਕ ਰੋਕ ਇਹਨੂੰ
ਕੁਝ ਟੋਕ ਟੋਕ ਇਹਨੂੰ
ਦੱਸ ਮਾਨਾ ਕੀ ਆਖਣਗੇ
ਦੁਨਿਆਂ ਦੇ ਲੋਕ ਇਹਨੂੰ
ਖਤਰਿਆਂ ਨਾਲ ਖੇਡ ਦੀਏ, ਕੱਚਿਆਂ 'ਤੇ ਤਰ ਤਰ ਕੇ
ਹਾੜਾ ਹੱਸਿਆ ਨਾ ਕਰ ਕੁੜੀਏ...

ਗਾਇਕ - ਹਰਭਜਨ ਮਾਨ
ਗੀਤਕਾਰ - ਮਾਨ ਮਰਾੜ੍ਹਾ ਵਾਲਾ
ਐਲਬਮ - ਪਹਿਲੀ ਵਾਰ ਜਦੋਂ ਨਜ਼ਰਾਂ ਮਿਲੀਆਂ