ਅੱਜ ਤੋਂ ਪੈਂਤੀ ਸਾਲ ਪਹਿਲਾਂ ਨਿੱਤ ਵਰਤੋਂ ਵਿਚ ਆਉਣ ਵਾਲੇ ਖੇਤੀ ਸੰਦਾਂ ਵਿਚੋਂ ਗੱਡਾ ਸਭ ਤੋਂ ਉੱਪਰ ਸੀ। ਖੇਤੋਂ ਪੱਠੇ ਲਿਆਉਣਾ, ਵੱਢੀ ਹੋੲੀ ਕਣਕ ਦਾ ‘ਲਾਂਗਾ’ ਖੇਤੋਂ ਪਿੰਡ ਲਿਆਉਣਾ ਜਾਂ ਖੇਤੋਂ ਤੂੜੀ ਢੋਣ ਵਰਗੇ ਸਭ ਕੰਮ ਗੱਡੇ ਨਾਲ ਕੀਤੇ ਜਾਂਦੇ ਸਨ ਪਰ ਹੁਣ ਖੇਤੀ ਦੇ ਰਵਾਇਤੀ ਸੰਦਾਂ ਵਾਂਗ ਗੱਡਾ ਵੀ ਅਲੋਪ ਹੁੰਦਾ ਜਾ ਰਿਹਾ ਹੈ।
ਗੱਡਾ ਆਮ ਕਰਕੇ ਦੋ ਬਲਦ ਜੋੜ ਕੇ ਇਕ ਥਾਂ ਤੋਂ ਦੂਜੀ ਥਾਂ ਲਿਜਾਇਆ ਜਾਂਦਾ ਸੀ। ਵਪਾਰੀਆਂ ਦਾ ਸਮਾਨ ਗੁੜ, ਖਲ ਆਦਿ ਸ਼ਹਿਰ ਤੋਂ ਇਸੇ ਉੱਪਰ ਲਿਆਂਦਾ ਜਾਂਦਾ ਸੀ। ਪਸ਼ੂਆਂ ਹੇਠ ਸੁੱਟਣ ਲੲੀ ਸੁੱਕੀ ਰੇਤਾ ਵੀ ਗੱਡਾ ਭਰ ਕੇ ਘਰ ਲਿਆਂਦਾ ਜਾਂਦਾ ਸੀ। ਗੱਲ ਕੀ ਕਿਸਾਨ ਦੇ ਤਕਰੀਬਨ ਹਰ ਕੰਮ ਵਿਚ ਹੀ ਗੱਡਾ ਸਹਾੲੀ ਹੁੰਦਾ ਸੀ। ਗੱਡਾ ਬਣਾਉਣ ਲੲੀ ਮਿਸਤਰੀ ਦਾ ਇਕ-ਇਕ ਮਹੀਨਾ ਵੀ ਲੱਗ ਜਾਂਦਾ ਸੀ। ਕੲੀ ਵਾਰ ਦੋ ਮਾਹਿਰ ਮਿਸਤਰੀ ਇਕੱਠੇ ਹੋ ਕੇ ਗੱਡਾ ਬਣਾ ਲੈਂਦੇ ਸਨ। ਬਲਦਾਂ ਦੇ ਜੋੜਨ ਵਾਲੀ ਜਗ੍ਹਾ ਨੂੰ ਗਲ ਆਖਿਆ ਜਾਂਦਾ ਸੀ, ਜਿਸ ਨੂੰ ਅੱਗੇ ਜੂਲੇ ਨਾਲ ਜੋੜਿਆ ਜਾਂਦਾ ਸੀ। ਜੂਲਾ ਵੀ ਬੱਲ (ਚਮੜੇ ਦਾ ਰੱਸਾ) ਨਾਲ ਬੰਨ੍ਹਿਆ ਜਾਂਦਾ ਸੀ। ਗੱਡੇ ਨੂੰ ਤੋਰਨ ਲੲੀ ਦੋ ਲੱਕੜ ਦੇ ਪਹੀੲੇ ਹੁੰਦੇ ਸਨ, ਜੋ ਇਕ ਧੁਰੇ ਦੇ ਨਾਲ ਜੁੜੇ ਹੁੰਦੇ ਸਨ, ਜਿਨ੍ਹਾਂ ਨੂੰ ਸਮੇਂ-ਸਮੇਂ ’ਤੇ ਗਰੀਸ ਜਾਂ ਕੲੀ ਵਾਰ ਮਖਣੀ ਨਾਲ ਵੀ ਚੋਪੜਿਆ ਜਾਂਦਾ ਸੀ ਤਾਂ ਜੋ ਪਹੀੲੇ ਸੌਖੇ ਤੁਰਨ ਅਤੇ ਬਲਦ ਸੌਖੇ ਰਹਿਣ ਪਰ ਹੁਣ ਤਾਂ ਇਹ ਸਾਰਾ ਕੁਝ ਬੀਤੇ ਦੀਆਂ ਬਾਤਾਂ ਬਣ ਕੇ ਰਹਿ ਗਿਆ ਹੈ। ਗੱਡਾ ਵੀ ਪੁਰਾਤਨ ਵਸਤਾਂ ਵਾਂਗ ਅਜਾਇਬ ਘਰਾਂ ਜਾਂ ਨੁਮਾਇਸ਼ਾਂ ’ਤੇ ਵਿਖਾਉਣ ਵਾਲਾ ਹੀ ਰਹਿ ਗਿਆ ਹੈ।
ਅੱਜਕਲ੍ਹ ਇਕ ਗੱਡਾ ਪਿੰਡ ਮਹਿਣਾ (ਜ਼ਿਲ੍ਹਾ ਮੋਗਾ) ਦੇ ਨੰਬਰਦਾਰ ਜਸਮੇਰ ਸਿੰਘ ਪੁੱਤਰ ਗੁਰਬਚਨ ਸਿੰਘ ਦੇ ਘਰ ਖੜ੍ਹਾ ਹੈ। ਜੋ ਉਸ ਨੇ ਬੜੇ ਸ਼ੌਕ ਨਾਲ 1948 ਵਿਚ ਬਣਾਇਆ ਸੀ। ਨੰਬਰਦਾਰ ਜਸਮੇਰ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਸ ਗੱਡੇ ਉੱਪਰ 10 ਕਿਲੋ ਪਿੱਤਲ, 40 ਕਿਲੋ ਲੋਹੇ ਦੇ ਪੱਤਰ ਲੱਗੇ ਹੋੲੇ ਹਨ। ਇਸ ਤੋਂ ਬਿਨਾਂ ਦੋ ਲੋਹੇ ਦੇ ਪਾੲੀਪ ਅਤੇ 05 ਕਿਲੋ ਬੈਂਤ ਦੇ ਰੱਸੇ ਨਾਲ ਬੁਣਿਆ ਹੋਇਆ ਹੈ। ਉਹ ਇਸ ਗੱਡੇ ਨੂੰ ਨੁਮਾਇਸ਼ਾਂ ’ਤੇ ਲਿਜਾ ਕੇ ਕੲੀ ਇਨਾਮ ਪ੍ਰਾਪਤ ਕਰ ਚੁੱਕਾ ਹੈ।
-ਗੋਪੀ ਰਾਊਕੇ, ਰਾਊਕੇ ਕਲਾਂ, ਮੋਗਾ।
(ਰੋਜ਼ਾਨਾ ਅਜੀਤ ਜਲੰਧਰ ਵਿੱਚੋਂ ਧੰਨਵਾਦ ਸਹਿਤ)
http://www.ajitjalandhar.com/20080515/mags/pind2.htm#k2
14 May 2008
Subscribe to:
Post Comments (Atom)
No comments:
Post a Comment