13 June 2007

1857 ਦੇ ਗ਼ਦਰ ਵਿੱਚ ਸਿੱਖ ਅੰਗਰੇਜ਼ਾਂ ਵਿਰੁੱਧ ਬਹਾਦਰੀ ਨਾਲ ਲੜੇ

ਕਹਿੰਦੇ ਹਨ, ਬਿੱਲੀ ਨੌਂ ਜਨਮ ਧਾਰਦੀ ਹੈ ਪਰ ਇਕ ਮਿਥ ਜਾਂ ਮਨੌਤ ਦੇ ਅਨੇਕਾਂ ਹੀ ਜਨਮ ਹੁੰਦੇ ਹਨ। ਮਾੜੇ ਤੋਂ ਮਾੜੇ ਹਾਲਾਤ ਵਿਚ ਵੀ ਉਹ ਤੁਰੀ ਰਹਿੰਦੀ ਹੈ ਅਤੇ ਪੱਕੀ ਹੁੰਦੀ ਜਾਂਦੀ ਹੈ। 1857 ਦੇ ਵਿਦਰੋਹ ਵਿਚ ਸਿੱਖ ਅੰਗਰੇਜ਼ਾਂ ਦੇ ਵਫ਼ਾਦਾਰ ਸਨ, ਇਹ ਵੀ ਇਕ ਇਹੋ ਜਿਹੀ ਮਨਘੜਤ ਮਿੱਥ ਹੀ ਹੈ।
ਅਸਲੀਅਤ ਇਹ ਹੈ ਕਿ ਸਿੱਖ ਅੰਗਰੇਜ਼ਾਂ ਦੇ ਵਫ਼ਾਦਾਰ ਨਹੀਂ ਸਨ। ਅੰਗਰੇਜ਼ਾਂ ਨੇ 1849 ਵਿਚ ਉਨ੍ਹਾਂ ਦੇ ਰਾਜ ਉੱਤੇ ਕਬਜ਼ਾ ਕਰ ਲਿਆ ਸੀ। ਗਵਰਨਰ ਜਨਰਲ ਲਾਰਡ ਡਲਹੌਜ਼ੀ ਇਸ ਗੱਲ ਉੱਤੇ ਖੁਸ਼ ਸੀ ਪਰ ਅੰਦਰੋਂ ਫਿਕਰਮੰਦ ਵੀ ਸੀ। ਉਸ ਨੇ ਆਪਣੇ ਕਮਾਂਡਰ-ਇਨ-ਚੀਫ਼ ਜਨਰਲ ਚਾਰਲਸ ਨੇਪੀਅਰ ਨੂੰ ਹਦਾਇਤ ਕੀਤੀ ਕਿ ‘ਰਾਵੀ ਅਤੇ ਬਿਆਸ ਜਾਂ ਸਤਲੁਜ ਵਿਚਾਲੇ ਜੋ ਮਾਝੇ ਦਾ ਇਲਾਕਾ ਹੈ, ਇਸ ਉੱਤੇ ਕਰੜੀ ਨਜ਼ਰ ਰੱਖੀ ਜਾਵੇ। ਇਹ ਤਕਰੀਬਨ ਸਾਰਾ ਇਲਾਕਾ ਸਿੱਖਾਂ ਦਾ ਹੈ। ਜੇਕਰ ਪੰਜਾਬ ਵਿਚ ਕਿਤੇ ਬਗਾਵਤ ਹੋਈ ਤਾਂ ਇਹ ਅੰਮ੍ਰਿਤਸਰ ਦੇ ਉੱਤਰੀ ਇਲਾਕੇ ਮਾਝੇ ਵਿਚ ਹੀ ਹੋਵੇਗੀ।’ ਜਨਰਲ ਨੇਪੀਅਰ ਨੇ ਗਵਰਨਰ ਜਨਰਲ ਦੇ ਹੁਕਮਾਂ ਦੀ ਪਾਲਣਾ ਕੀਤੀ ਪਰ ਉਹ ਸਿੱਖਾਂ ਨੂੰ ਬਗਾਵਤ ਤੋਂ ਰੋਕ ਨਹੀਂ ਸਕਿਆ।
10 ਮਈ, 1857 ਨੂੰ ਮੇਰਠ ਵਿਚ ਗਦਰ ਸ਼ੁਰੂ ਹੋਣ ਤੋਂ ਨੌਂ ਘੰਟੇ ਪਹਿਲਾਂ ਅੰਬਾਲੇ ਵਿਚ ਤਾਇਨਾਤ ਫੌਜੀਆਂ ਨੇ ਬਗਾਵਤ ਦਾ ਬਿਗਲ ਵਜਾ ਦਿੱਤਾ ਪਰ ਅੰਗਰੇਜ਼ ਸਰਕਾਰ ਵੱਲੋਂ ਤੁਰੰਤ ਕੀਤੀ ਕਾਰਵਾਈ ਅਤੇ ਫੌਜ ਭੇਜਣ ਨਾਲ ਹਾਲਾਤ ਉੱਤੇ ਕਾਬੂ ਪਾ ਲਿਆ ਗਿਆ ਅਤੇ ਬਾਗੀਆਂ ਨੂੰ ਅੱਗੇ ਨਹੀਂ ਵਧਣ ਦਿੱਤਾ ਗਿਆ। ਪਰ ਉਹ ਇਸ ਇਲਾਕੇ ਦੇ ਆਮ ਲੋਕਾਂ ਨੂੰ ਨਹੀਂ ਰੋਕ ਸਕੇ। ਰੋਪੜ ਦੇ ਇਲਾਕੇ ਦੇ ਇਕ ਸਿੱਖ ਕਾਰਦਾਰ ਸ: ਮੋਹਰ ਸਿੰਘ ਨੇ ਜਦੋਂ ਗਦਰ ਦੀ ਗੂੰਜ ਸੁਣੀ ਤਾਂ ਉਸ ਨੇ ਆਪਣੇ ਇਲਾਕੇ ਵਿਚੋਂ ਅੰਗਰੇਜ਼ਾਂ ਦਾ ਖੁਰਾ-ਖੋਜ ਮੁਕਾਉਣ ਦਾ ਫੈਸਲਾ ਕਰ ਲਿਆ। ਉਸ ਨੇ ਕੁਝ ਪਹਾੜੀ ਰਾਜਿਆਂ ਤੇ ਕੁਝ ਹੋਰ ਮੁਹਤਬਰ ਬੰਦਿਆਂ ਨਾਲ ਰਾਬਤਾ ਕਾਇਮ ਕੀਤਾ ਅਤੇ ਉਨ੍ਹਾਂ ਨੂੰ ਫ਼ਰੰਗੀ ਵਿਰੁੱਧ ਝੰਡਾ ਬੁਲੰਦ ਕਰਨ ਲਈ ਆਖਿਆ।
ਦੁਸ਼ਮਣ ਨੇ ਮੋਹਰ ਸਿੰਘ ਉੱਤੇ ਜ਼ੋਰਦਾਰ ਹੱਲਾ ਬੋਲਿਆ। ਉਸ ਨੇ ਵੀ ਅੱਗੋਂ ਡਟ ਕੇ ਮੁਕਾਬਲਾ ਕੀਤਾ ਪਰ ਮੈਦਾਨ ਫ਼ਰੰਗੀਆਂ ਦੇ ਹੱਥ ਰਿਹਾ। ਸ: ਮੋਹਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਅੰਬਾਲੇ ਲਿਆਂਦਾ ਗਿਆ ਅਤੇ ਫਾਂਸੀ ਚਾੜ੍ਹ ਦਿੱਤਾ ਗਿਆ। ਉਸ ਵੇਲੇ ਅੰਬਾਲੇ ਦਾ ਡਿਪਟੀ ਕਮਿਸ਼ਨਰ ਡਗਲਸ ਫੋਰਸਾਈਥ ਸੀ। ਉਸ ਵੱਲੋਂ ਸ: ਮੋਹਰ ਸਿੰਘ ਬਾਰੇ ਕਹੇ ਗੲੇ ਇਹ ਸ਼ਬਦ ਇਕ ਤਰ੍ਹਾਂ ਨਾਲ ਉਸ ਨੂੰ ਦਿੱਤੀ ਗਈ ਸ਼ਰਧਾਂਜਲੀ ਹਨ : ‘ਇਹ ਬੜਾ ਵਿਲੱਖਣ ਤੱਥ ਹੈ ਕਿ ਪੰਜਾਬ ਵਿਚ, ਨਹੀਂ ਸਾਰੇ ਉੱਤਰੀ ਭਾਰਤ ਵਿਚ ਜਿਸ ਬੰਦੇ ਨੂੰ ਬਗਾਵਤ ਦੇ ਦੋਸ਼ ਵਿਚ ਸਭ ਤੋਂ ਪਹਿਲਾਂ ਫਾਂਸੀ ’ਤੇ ਲਟਕਾਇਆ ਗਿਆ, ਉਹ ਇਕ ਸਿੱਖ ਸੀ (ਭਾਵੇਂ ਉਹ ਫੌਜੀ ਨਹੀਂ ਸੀ)।’
ਰਿਆਸਤ ਨਾਭਾ ਦੇ ਕਸਬੇ ਜੈਤੋ ਵਿਚ ਸ਼ਾਮ ਦਾਸ ਨਾਂਅ ਦੇ ਇਕ ਫਕੀਰ ਨੇ ਬਗਾਵਤ ਦਾ ਝੰਡਾ ਬੁਲੰਦ ਕਰ ਦਿੱਤਾ। ਰਿਆਸਤ ਨਾਭਾ ਅਤੇ ਫਰੀਦਕੋਟ ਦੇ ਬਹੁਤ ਸਾਰੇ ਸਿੱਖ ਇਸ ਫਕੀਰ ਨਾਲ ਰਲ ਗੲੇ। ਉਨ੍ਹਾਂ ਨੇ ਰਿਆਸਤ ਨਾਭਾ, ਜੀਂਦ ਅਤੇ ਅੰਗਰੇਜ਼ਾਂ ਦੀ ਸਾਂਝੀ ਫੌਜ ਦਾ ਸਿੱਖਾਂ ਦੇ ਇਕ ਪਿੰਡ ਦਾਬੜੀ ਵਿਚ ਡਟ ਕੇ ਮੁਕਾਬਲਾ ਕੀਤਾ। ਆਖਰ ਫਕੀਰ ਦੀ ਫੌਜ ਹਾਰ ਗਈ। ਫਕੀਰ ਨੂੰ ਅੰਬਾਲੇ ਲਿਆ ਕੇ ਫਾਂਸੀ ਦੇ ਦਿੱਤੀ ਗਈ। ਸਿੱਖਾਂ ਦੇ ਬਾਗੀ ਪਿੰਡ ਦਾਬੜੀ ਦਾ ਧਰਤੀ ਤੋਂ ਬਿਲਕੁਲ ਸਫਾਇਆ ਕਰ ਦਿੱਤਾ ਗਿਆ।
ਸਿੱਖ ਰਾਜੇ ਬਿਨਾਂ-ਸ਼ੱਕ ਅੰਗਰੇਜ਼ਾਂ ਦੇ ਵਫ਼ਾਦਾਰ ਸਨ ਪਰ ਉਨ੍ਹਾਂ ਦੀਆਂ ਰਿਆਸਤਾਂ ਦੀ ਸਿੱਖ ਪਰਜਾ ਅੰਗਰੇਜ਼-ਭਗਤ ਨਹੀਂ ਸੀ। ਸਰ ਐਵਲਿਨ ਵੁੱਡ (ਜੋ ਮਗਰੋਂ ਫੀਲਡ ਮਾਰਸ਼ਲ ਬਣ ਗਿਆ ਸੀ) ਲਿਖਦਾ ਹੈ, ‘ਮਹਾਰਾਜਾ ਨਾਭਾ ਦੀ ਪਰਜਾ ਅੰਗਰੇਜ਼ਾਂ ਦੇ ਵਿਰੁੱਧ ਸੀ ਅਤੇ ਉਸ ਦੇ ਸਲਾਹਕਾਰ ਵੀ ਦਿਲੋਂ ਅੰਗਰੇਜ਼ਾਂ ਦੇ ਵਫ਼ਾਦਾਰ ਨਹੀਂ ਸਨ।’ ਜਦੋਂ ਵੀ ਮੌਕਾ ਮਿਲਦਾ ਸੀ, ਉਹ ਅੰਗਰੇਜ਼ਾਂ ਦਾ ਵਿਰੋਧ ਹੀ ਕਰਦੇ ਸਨ। ਪਟਿਆਲੇ ਦੀ ਹਾਲਤ ਇਸ ਤੋਂ ਵੀ ਮਾੜੀ ਸੀ। ਅੰਬਾਲੇ ਦਾ ਡਿਪਟੀ ਕਮਿਸ਼ਨਰ ਫੋਰਸਾਈਥ ਦੱਸਦਾ ਹੈ ਕਿ ‘ਅੰਗਰੇਜ਼ਾਂ ਨੂੰ ਮਦਦ ਦੇਣ ਬਾਰੇ ਪਟਿਆਲੇ ਦੇ ਸ਼ਾਹੀ ਖਾਨਦਾਨ ਵਿਚ ਫੁੱਟ ਪਈ ਹੋਈ ਸੀ। ਮਹਾਰਾਜੇ ਦਾ ਆਪਣਾ ਭਰਾ ਹੀ ਅੰਗਰੇਜ਼ਾਂ ਨੂੰ ਮਦਦ ਦੇਣ ਦੇ ਵਿਰੁੱਧ ਸੀ। ਮਹਾਰਾਜੇ ਨੇ ਉਸ ਨੂੰ ਕਾਬੂ ਕਰਕੇ ਜੇਲ੍ਹ ਵਿਚ ਸੁੱਟ ਦਿੱਤਾ ਤਾਂ ਜੋ ਉਹ ਕੋਈ ਸ਼ਰਾਰਤ ਨਾ ਕਰ ਸਕੇ।’ ਇਸ ਦੇ ਬਾਵਜੂਦ ਮਹਾਰਾਜੇ ਦੀ ਪਰਜਾ, ਖਾਸ ਤੌਰ ’ਤੇ ਸਿੱਖ-ਵਸੋਂ ਅੰਗਰੇਜ਼ਾਂ ਦੇ ਵਿਰੁੱਧ ਹੀ ਰਹੀ। ਲੁਧਿਆਣੇ ਵਿਚ ਵੀ ਬਗਾਵਤ ਦੀ ਚੰਗਿਆੜੀ ਭਖ ਰਹੀ ਸੀ।
ਡਿਪਟੀ ਕਮਿਸ਼ਨਰ ਰਿਕਟਸ ਦੇ ਕਹਿਣ ਅਨੁਸਾਰ ਝਾਂਸੀ, ਨਿਮੱਚ ਅਤੇ ਬਰੇਲੀ ਵਿਚ ਸਥਿਤ ਬਾਗੀ ਸਿੱਖ ਸਿਪਾਹੀਆਂ ਨੇ ਵਿਦਰੋਹ ਵਿਚ ਚੰਗਾ ਯੋਗਦਾਨ ਪਾਇਆ। ਜਦੋਂ ਜਲੰਧਰ ਦੇ ਬਾਗੀ ਲੁਧਿਆਣੇ ਪਹੁੰਚੇ ਤਾਂ ਸਿੱਖਾਂ ਸਮੇਤ ਹਰ ਵਰਗ ਦੇ ਲੋਕ ਉਨ੍ਹਾਂ ਦੇ ਨਾਲ ਹੋ ਗੲੇ। ਜਦੋਂ ਇਹ ਭੀੜ ਲੁਧਿਆਣੇ ਤੋਂ ਰਵਾਨਾ ਹੋਈ ਤਾਂ ਅੰਗਰੇਜ਼ਾਂ ਨੇ ਕੁਝ ਸਥਾਨਕ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਹਰ ਵਰਗ ਦੇ ਨੁਮਾਇੰਦਿਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ।
ਇਸ ਵਿਦਰੋਹ ਵਿਚ ਸਿੱਖਾਂ ਦੇ ਯੋਗਦਾਨ ਬਾਰੇ ਲੋਕਾਂ ਨੂੰ ਗੁਮਰਾਹ ਕਰਨ ਲਈ ਝੂਠਾ ਪ੍ਰਚਾਰ ਕੀਤਾ ਗਿਆ। ਐਫ. ਬੀ. ਗੁਬਨਜ਼ ਨੇ ਇਸ ਝੂਠੇ ਪ੍ਰਚਾਰ ਦਾ ਕਾਫ਼ੀ ਹੱਦ ਤੱਕ ਖੰਡਨ ਕੀਤਾ ਹੈ। ਉਹ ਕਹਿੰਦੇ ਹਨ, ‘ਗਦਰ ਦੇ ਸੰਕਟ ਸਮੇਂ ਸਿੱਖਾਂ ਨੇ ਜੋ ਭੂਮਿਕਾ ਨਿਭਾਈ, ਉਸ ਨੂੰ ਵੱਡੇ ਪੱਧਰ ’ਤੇ ਗਲਤ ਸਮਝਿਆ ਗਿਆ ਹੈ। ਉਨ੍ਹਾਂ ਨੂੰ ਅੰਗਰੇਜ਼ਾਂ ਦੇ ਵਫ਼ਾਦਾਰ ਕਿਹਾ ਜਾਂਦਾ ਹੈ ਜੋ ਕਿ ਉਹ ਅਸਲ ਵਿਚ ਨਹੀਂ ਸਨ। ਆਮ ਤੌਰ ’ਤੇ ਸਾਰੇ ਪੰਜਾਬੀਆਂ ਨੂੰ ਸਿੱਖ ਸਮਝ ਲਿਆ ਜਾਂਦਾ ਹੈ, ਜਿਸ ਕਾਰਨ ਕਈ ਭੁਲੇਖੇ ਪੈਦਾ ਹੋ ਜਾਂਦੇ ਹਨ।’ ਅਸਲ ਵਿਚ ਵਰਦੀਧਾਰੀ ਸਿੱਖ ਫੌਜੀ ਹੈ ਹੀ ਕਿਥੇ ਸਨ, ਜੋ ਅੰਗਰੇਜ਼ਾਂ ਦੀ ਮਦਦ ਕਰਦੇ!
ਨਾ ਹੀ ਆਮ ਸਾਦੇ ਕੱਪੜੇ ਪਹਿਨਣ ਵਾਲੇ ਉਨ੍ਹਾਂ ਦੇ ਹੋਰ ਭਰਾਵਾਂ ਨੇ ਅੰਗਰੇਜ਼ਾਂ ਦੀ ਮਦਦ ਕਰਨ ਵਾਲੀ ਕੋਈ ਗੱਲ ਕੀਤੀ। ਇਹ ਧਾਰਨਾ ਬਿਲਕੁਲ ਨਿਰਮੂਲ ਹੈ ਕਿ ਪਿੰਡਾਂ ਦੇ ਸਿੱਖ ਫਿਰੰਗੀ ਦੇ ਵਫ਼ਾਦਾਰ ਸਨ। ਪੰਜਾਬ ਤੋਂ ਬਾਹਰ ਜਿਥੇ ਅੰਗਰੇਜ਼ਾਂ ਦਾ ਸ਼ਿਕੰਜਾ ਕੁਝ ਢਿੱਲਾ ਸੀ, ਸਿੱਖਾਂ ਨੇ ਵਿਦਰੋਹ ਵਿਚ ਵੱਧ-ਚੜ੍ਹ ਕੇ ਹਿੱਸਾ ਲਿਆ। 3 ਜੂਨ, 1857 ਨੂੰ ਗਦਰ ਕਾਰਨ ਝਾਂਸੀ ਵਿਚ ਬੜੀ ਗੰਭੀਰ ਸਥਿਤੀ ਪੈਦਾ ਹੋ ਗਈ। 12 ਐਨ. ਆਈ. ਫੌਜੀ ਟੁਕੜੀ ਦੇ ਜਵਾਨਾਂ ਨੇ ਬਗਾਵਤ ਵਿਚ ਮਹੱਤਵਪੂਰਨ ਹਿੱਸਾ ਲਿਆ। ਲੈਫਟੀਨੈਂਟ ਸਕਾਟ ਇਸ ਸਾਕੇ ਦੇ ਚਸ਼ਮਦੀਦ ਗਵਾਹ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਝਾਂਸੀ ਦੇ ਇਸ ਗਦਰ ਦੀ ਕਈ ਸਿੱਖ ਸਿਪਾਹੀਆਂ ਨੇ ਅਗਵਾਈ ਕੀਤੀ।
ਨੌਗੌਂਗ (ਯੂ. ਪੀ.) ਵਿਚ 10 ਜੂਨ, 1857 ਨੂੰ ਬਗਾਵਤ ਹੋਈ। ਉਥੇ ਵੀ 12 ਐਨ. ਆਈ. ਦੀ ਇਕ ਟੁਕੜੀ ਸਥਿਤ ਸੀ। ਇਸ ਟੁਕੜੀ ਵਿਚ ਸ਼ਾਮਿਲ ਸਿੱਖ ਸਿਪਾਹੀਆਂ ਨੇ ਵੀ ਉਥੇ ਵਿਦਰੋਹ ਦੀ ਅਗਵਾਈ ਕੀਤੀ। ਮਹੂ ਵਿਚ ਤਾਇਨਾਤ ਫੌਜ ਨੇ ਇਕ ਜੁਲਾਈ 1857 ਨੂੰ ਬਗਾਵਤ ਕੀਤੀ। ਇਸ ਬਗਾਵਤ ਵਿਚ 23 ਐਨ. ਆਈ. ਦੇ ਜਵਾਨਾਂ ਨੇ ਮੁੱਖ ਭੂਮਿਕਾ ਨਿਭਾਈ। ਰਜਮੈਂਟ ਦੇ ‘ਮਸਟਰ ਰੋਲ’ ਮੁਤਾਬਿਕ ਇਸ ਰਜਮੈਂਟ ਵਿਚ ਕੁੱਲ 124 ਪੰਜਾਬੀ ਜਵਾਨ ਸ਼ਾਮਿਲ ਸਨ, ਜਿਨ੍ਹਾਂ ਵਿਚੋਂ 68 ਸਿੱਖ ਸਨ। ਇਹ ਸਾਰੇ ਮਾਝੇ ਨਾਲ ਸੰਬੰਧਿਤ ਸਨ। ਸਿੱਖ ਸਿਪਾਹੀਆਂ ਨੇ ਇਥੇ ਬਹਾਦਰੀ ਦੇ ਕਈ ਕਾਰਨਾਮੇ ਕੀਤੇ। (ਚਲਦਾ)

-‘ਦੀ ਟ੍ਰਿਬਿਊਨ’ ਤੋਂ
ਅਨੁਵਾਦ : ਨਰਿੰਜਨ ਸਿੰਘ ਸਾਥੀ
(ਰੋਜ਼ਾਨਾ ਅਜੀਤ ਜਲੰਧਰ)

No comments: