13 June 2007

...ਰਿਸ਼ਤੇ ਭਾਵੇਂ ਲੱਖ ਹੰਢਾਈੲੇ ਪਰ ਨਾਨਕਿਆਂ ਜੇਡ ਨਾ ਕੋਈ

ਦਾਦਕੇ ਪਰਿਵਾਰ ਵੱਲੋਂ ਆਰੰਭੇ ਹਰ ਕਾਰਜ ਵਿਚ ਨਾਨਕਿਆਂ ਦੀ ਵਿਸ਼ੇਸ਼ ਮਹੱਤਤਾ ਰਹੀ ਹੈ। ਖੁਸ਼ੀ-ਖੇੜਿਆਂ ਦੇ ਸਮਾਗਮਾਂ ਵਿਚ ਤਾਂ ‘ਨਾਨਕਾ ਮੇਲ’ ਦੀ ਪੂਰੀ ਟੌਹਰ ਤੇ ਉਚੇਚੀ ਪੁੱਛ-ਪ੍ਰਤੀਤ ਵੀ ਹੁੰਦੀ ਆ ਰਹੀ ਹੈ। ਖੁਸ਼ੀਆਂ ਦੇ ਵੇਲੇ (ਵਿਆਹ-ਸ਼ਾਦੀ ਸਮੇਂ) ਕਿਸੇ ਕਾਰਨ ਹੋਈ ‘ਨਾਨਕਾ ਮੇਲ’ ਦੀ ਗ਼ੈਰ-ਹਾਜ਼ਰੀ ਖੂਬ ਰੜਕਦੀ। ਇਸ ਦਰਦ ਵੇਦਨਾ ਨੂੰ ਇੰਜ ਪ੍ਰਗਟਾਇਆ ਜਾਂਦਾ :
‘ਲੋਈ... ਈ... ਈ, ਰਿਸ਼ਤੇ ਭਾਵੇਂ ਲੱਖ ਹੰਢਾਈੲੇ, ਪਰ ਨਾਨਕਿਆਂ ਜੇਡ ਨਾ ਕੋਈ।’
ਦਾਦਕੇ ਪਰਿਵਾਰ ਵੱਲੋਂ ਜਦ ਕੋਈ ਵੀ ਕਾਰ-ਵਿਹਾਰ (ਧੀ-ਪੁੱਤ ਦੀ ਵਿਆਹ-ਸ਼ਾਦੀ) ਦੀ ਸ਼ੁਰੂਆਤ ਕਰਨੀ ਹੋਵੇ ਤਾਂ ਸਭ ਤੋਂ ਪਹਿਲਾਂ ਨਾਨਕੇ ਪਰਿਵਾਰ ਨਾਲ ਸਲਾਹ-ਮਸ਼ਵਰਾ ਕਰਨ ਦਾ ਮਾਣਮੱਤਾ ਰਿਵਾਜ ਚਲਦਾ ਆ ਰਿਹਾ ਹੈ। ਇਨ੍ਹਾਂ ਕਾਰ-ਵਿਹਾਰਾਂ ’ਤੇ ਪਹੁੰਚਣ ਲਈ ਸਭ ਤੋਂ ਪਹਿਲਾਂ ਨਿਉਂਦਾ ਵੀ ਨਾਨਕੇ ਪਰਿਵਾਰ ਨੂੰ ਹੀ ਦਿੱਤਾ ਜਾਂਦਾ ਹੈ।
ਵਿਆਂਹੁਦੜ (ਕੁੜੀ-ਮੁੰਡੇ) ਦੀ ਮਾਂ ਖੁਦ ਇਹ ਨਿਉਂਦਾ ਦੇਣ ਲਈ ਪੇਕੇ ਘਰ ਪਹੁੰਚਦੀ ਤੇ ਨਾਲ ਭਾਜੀ (ਪਤਾਸੇ, ਬੂੰਦੀ, ਲੱਡੂ ਤੇ ਗੁੰਦਵੇਂ ਲੱਡੂ ਆਦਿ) ਪੇਕੇ ਪਰਿਵਾਰ ਵਿਚ ਵੰਡਦੀ। ਆਪਣੇ ਪੇਕਿਆਂ ਦੀ ਸ਼ਰੀਕੇ-ਬਰਾਦਰੀ (ਚਾਚੇ-ਤਾਇਆਂ) ਨੂੰ ਰਚਾੲੇ ਜਾਣ ਵਾਲੇ ਕਾਰਜ ’ਤੇ ਪਹੁੰਚਣ ਦੀ ਤਾਕੀਦ ਕਰਦੀ। ਵਿਆਹੁਲੇ ਦੀ ਮਾਂ ਵੱਲੋਂ ਦਿੱਤੇ ਜਾਂਦੇ ਇਸ ਨਿਉਂਦੇ ਨੂੰ ਵਿਆਹ ਦੀ ‘ਭੇਲੀ’ ਜਾਂ ‘ਗੰਢੜੀ’ ਵੀ ਆਖਿਆ ਜਾਂਦਾ।
ਇਸ ਤਰ੍ਹਾਂ ਵਿਆਹ ਦੀ ਭੇਲੀ ਜਾਂ ਗੰਢ ਖੁੱਲ੍ਹਣ ਤੋਂ ਬਾਅਦ ‘ਨਾਨਕਾ ਮੇਲ’ ਨੇ ਵਿਆਹ ਤੋਂ ਇਕ ਜਾਂ ਦੋ ਦਿਨ ਪਹਿਲਾਂ ਪਹੁੰਚਣਾ ਹੁੰਦਾ। ਨਾਨਕਾ ਮੇਲ ਦੀ ਆਮਦ ਦੀ ਭਿਣਕ ਪੈਣ ’ਤੇ ਹੀ ਵਿਆਹ ਵਾਲੇ ਘਰ ਪਰਿਵਾਰ ਦੀਆਂ ਨੱਢੀਆਂ ਤੇ ਸੁਆਣੀਆਂ ਉਸ ਦੇ ਸੁਆਗਤ ਲਈ ਅਗਲਵਾਂਢੇ (ਅਗਾਉਂ) ਹੀ ਰਾਹ ਵਿਚ ਆਣ ਖਲੋਂਦੀਆਂ ਅਤੇ ਆਉਂਦੇ ਨਾਨਕੇ ਪਰਿਵਾਰ ਨੂੰ ਦੇਖ ਕੇ ਉੱਚੀ-ਉੱਚੀ ਤੇ ਲੰਮੀ ਹੇਕ ਵਿਚ ਇੰਜ ਗਾਉਣਾ ਸ਼ੁਰੂ ਕਰ ਦਿੰਦੀਆਂ :
‘ਹੁਣ ਕਿਧਰ ਗਈਆਂ ਵੇ ਮੁੰਡਿਆ,
ਨੀ ਕੁੜੀੲੇ ਤੇਰੀਆਂ ਨਾਨਕੀਆਂ।
ਸਭ ਉਧਲ ਗਈਆਂ ਵੇ,
ਨੀ ਤੇਰੀਆਂ ਨਾਨਕੀਆਂ।’
ਉਧਰ ਨਾਨਕਾ ਮੇਲ ਵੀ ਇਹ ਕਹਿੰਦਾ ਆਣ ਹਾਜ਼ਰ ਹੁੰਦਾ :
‘ਅਸੀਂ ਹਾਜ਼ਰ ਨਾਜਰ ਫੁੱਲਾਂ ਬਰਾਬਰ ਖੜ੍ਹੀਆਂ ਵੇ,
ਨੀ ਤੇਰੀਆਂ ਨਾਨਕੀਆਂ।’
ਇਸ ਦੇ ਨਾਲ ਹੀ ਦਾਦਕੀਆਂ ਤੇ ਨਾਨਕੀਆਂ ਵਿਚਕਾਰ ਚੋਭਾਂ ਤੇ ਹਾਸੇ-ਠੱਠੇ ਭਰੀਆਂ ਸਿੱਠਣੀਆਂ ਸ਼ੁਰੂ ਹੋ ਜਾਂਦੀਆਂ। ਕਾਫੀ ਰੌਣਕ ਭਰਿਆ ਹਾਸਾ-ਠੱਠਾ ਕਰਕੇ ਨੈਣ (ਲਾਗਣ) ਵੱਲੋਂ ਬਰੂਹਾਂ ’ਤੇ ਤੇਲ ਚੋ ਕੇ ਅੰਦਰ ਲੰਘਾਇਆ ਜਾਂਦਾ। ਵਿਆਹ ਵਾਲੇ ਘਰ ਵਿਚ ਬਣੇ ਵਧੀਆ ਤੇ ਉਚੇਚੇ ਪਕਵਾਨ ਨਾਨਕਾ ਮੇਲ ਅੱਗੇ ਪਰੋਸੇ ਜਾਂਦੇ। ਨਾਨਕਾ ਮੇਲ ਵੱਲੋਂ ਆਪਣੇ ਦੋਹਤੇ\ਦੋਹਤੀ ਲਈ ਵਿੱਤ ਮੁਤਾਬਿਕ ਲਿਆਂਦੇ ਸਾਜ਼ੋ-ਸਾਮਾਨ ਨੂੰ ‘ਜੋੜਾ ਜਾਮਾ’ ਜਾਂ ‘ਨਾਨਕੀ ਛੱਕ’ ਵੀ ਦਿੱਤਾ ਜਾਂਦਾ।
ਵਿਆਹੁਲੀ ਭਣੇਵੀ ਲਈ ਮਾਮੇ ਵੱਲੋਂ ਚੂੜਾ ਚੜ੍ਹਾਇਆ ਜਾਣਾ, ਖਾਰਿਓਂ ਉਠਾਇਆ ਜਾਣਾ ਤੇ ਵਿਆਹੁਲੇ (ਭਣੇਵੇਂ) ਦੀ ਸਿਹਰਾਬੰਦੀ ਵੀ ਕੀਤੀ ਜਾਣੀ ਆਦਿ ਅਹਿਮ ਰਸਮਾਂ ਸਨ। ਇਸ ਤੋਂ ਇਲਾਵਾ ਮਿਲਣੀ ਸਮੇਂ ਕੁੜੀ-ਮੁੰਡੇ ਦੇ ਬਾਬਲਾਂ (ਕੁੜਮਾਂ) ਦੀ ਮਿਲਣੀ ਤੋਂ ਬਾਅਦ ਮਾਮੇ ਦੀ ਮਿਲਣੀ ਦੀ ਖਾਸ ਮਹੱਤਤਾ ਚਲਦੀ ਆ ਰਹੀ ਹੈ।
ਭਾਵੇਂ ਨਾਨਕਾ ਮੇਲ ਦੀ ਹੁਣ ਵੀ ਆਪਣੇ ਦੋਹਤੇ-ਦੋਹਤੀਆਂ ਦੇ ਵਿਆਹ ’ਤੇ ਪੂਰੀ ਮਹੱਤਤਾ ਹੈ ਪਰ ਇਸ ਦੀ ਹੁਲਾਸ ਤੇ ਰੌਣਕ ਭਰੀ ਆਮਦ ਕਾਫੀ ਹੱਦ ਤੱਕ ਅਲੋਪ ਹੋ ਚੁੱਕੀ ਹੈ।

ਐਸ. ਐਸ. ਮਾਸਟਰ, ਸ. ਹਾ. ਸਕੂਲ, ਚੀਮਾ ਬਾਠ (ਅੰਮ੍ਰਿਤਸਰ)-143112
E-mail : lakhwinderhaveliana@yahoo.com
ਮੈਨੂੰ ਨਵਾਂ ਸਵੇਰਾ ਕੀ ਜਾਣੇ?
ਲਖਵਿੰਦਰ ਸਿੰਘ ਰਈਆ ਹਵੇਲੀਆਣਾ
(ਰੋਜ਼ਾਨਾ ਅਜੀਤ ਜਲੰਧਰ)

No comments: