13 June 2007

ਅਜਨਾਲੇ ਦਾ ਕਾਲਿਆਂ ਵਾਲਾ ਖੂਹ (1857 ਗ਼ਦਰ ਵਿਚ ਜੂਝਣ ਵਾਲੇ ਸੈਂਕੜੇ ਪੰਜਾਬੀਆਂ ਦੀ ਇਤਿਹਾਸਕ ਯਾਦਗਾਰ)

ਅੱਜਕਲ੍ਹ ਭਾਰਤ ਸਰਕਾਰ ਆਜ਼ਾਦੀ ਦੀ ਪਹਿਲੀ ਲੜਾਈ 1857 ਦੀ 150ਵੀਂ ਵਰ੍ਹੇਗੰਢ ਬੜੇ ਜੋਸ਼ੋ-ਖਰੋਸ਼ ਨਾਲ ਮਨਾਉਣ ’ਚ ਰੁੱਝੀ ਹੋਈ ਹੈ। ਸਰਕਾਰੀ ਦੇਸ਼ ਪ੍ਰੇਮ ਦਾ ਪ੍ਰਗਟਾਵਾ ਕਰਦਿਆਂ ਕੇਂਦਰ ਸਰਕਾਰ ਦੇ ਮਨੁੱਖੀ ਸੋਮਿਆਂ ਦੇ ਵਿਕਾਸ ਬਾਰੇ ਮੰਤਰਾਲੇ ਵੱਲੋਂ 10 ਹਜ਼ਾਰ ਯੁਵਕਾਂ ਦੀ ਮੇਰਠ ਤੋਂ ਦਿੱਲੀ ਤੱਕ ਮੈਰਾਥਨ ਦੌੜ ਕਰਵਾ ਕੇ ਅਤੇ ਸੰਸਦ ਦੇ ਕੇਂਦਰੀ ਹਾਲ ’ਚ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਸਾਬਕਾ ਪ੍ਰਧਾਨ ਮੰਤਰੀਆਂ, ਸੰਸਦ ਮੈਂਬਰਾਂ ਅਤੇ ਬਾਹਰਲੇ ਮੁਲਕਾਂ ਦੇ ਰਾਜਦੂਤਾਂ ਦੀ ਮੌਜੂਦਗੀ ’ਚ 1857 ਦੇ ਗਦਰ\ਆਜ਼ਾਦੀ ਦੀ ਪਹਿਲੀ ਲੜਾਈ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਹੈ। ਖਬਰਾਂ ਹਨ ਕਿ ਕੇਂਦਰ ਸਰਕਾਰ ਇਨ੍ਹਾਂ ਸ਼ਹੀਦਾਂ ਦੀ ਯਾਦ ਵਿਚ ਕੌਮਾਂਤਰੀ ਸੈਮੀਨਾਰਾਂ, ਨਾਟਕਾਂ, ਸਮਾਰਕਾਂ, ਗਲੀ-ਮੁਹੱਲਿਆਂ, ਸੜਕਾਂ ਦੇ ਨਾਮਕਰਨ, ਡਾਕੂਮੈਂਟਰੀ ਫਿਲਮਾਂ, ਮਿਊਜ਼ਿਕ ਐਲਬਮਾਂ ਅਤੇ ਮੁਸ਼ਾਇਰਿਆਂ ਆਦਿ ’ਤੇ 100 ਕਰੋੜ ਰੁਪੲੇ ਖਰਚ ਕਰਨ ਜਾ ਰਹੀ ਹੈ ਪਰ ਖੂਨੀ ਸਾਕਾ ਕਾਨਪੁਰ ਤੇ ਖੂਨੀ ਸਾਕਾ ਕਲਕੱਤਾ ਤੋਂ ਇਲਾਵਾ ਕਈ ਹੋਰ ਬਲੈਕ ਹੋਲਾਂ ਨੂੰ ਵੀ ਮਾਤ ਪਾਉਂਦੇ ਅਤੇ 282 ਦੇਸ਼ ਭਗਤਾਂ ਦੀਆਂ ਮ੍ਰਿਤਕ ਦੇਹਾਂ ਨੂੰ ਆਪਣੀ ਬੁੱਕਲ ਵਿਚ ਹੁਣ ਤੱਕ ਸਮੋਈ ਬੈਠੇ ਅਜਨਾਲਾ (ਅੰਮ੍ਰਿਤਸਰ) ਕਾਲਿਆਂ ਵਾਲਾ ਦੇ ਸ਼ਹੀਦੀ ਖੂਹ ਦੇ ਵਿਕਾਸ ਲਈ ਕੇਂਦਰ ਸਰਕਾਰ ਵੱਲੋਂ ਕੋਈ ਵੀ ਉਚਿਤ ਕਦਮ ਨਾ ਚੁੱਕਣ ਅਤੇ ਨਾ ਹੀ ਇਸ ਸ਼ਹੀਦੀ ਖੂਹ ’ਚ ਪਿਛਲੇ 150 ਸਾਲਾਂ ਤੋਂ ਦੱਬੇ ਪੲੇ ਸੁਤੰਤਰਤਾ ਸੈਨਾਨੀਆਂ ਦੀਆਂ ਦੇਹਾਂ ਦੀਆਂ ਅੰਤਿਮ ਰਸਮਾਂ ਪੂਰੀਆਂ ਕਰਨ, ਅਸਥੀਆਂ ਜਲ ਪ੍ਰਵਾਹ ਕਰਨ ਲਈ ਅੱਗੇ ਨਾ ਆਉਣ ਕਾਰਨ ਸ਼ਹੀਦਾਂ ਪ੍ਰਤੀ ਸਰਕਾਰੀ ਦੇਸ਼ ਪ੍ਰੇਮ ’ਤੇ ਕਈ ਤਰ੍ਹਾਂ ਦੇ ਪ੍ਰਸ਼ਨ ਉਠਣੇ ਸ਼ੁਰੂ ਹੋ ਗੲੇ ਹਨ।
ਆਜ਼ਾਦੀ ਤੋਂ ਪਹਿਲਾਂ ਅੰਗਰੇਜ਼ ਹਾਕਮਾਂ ਨੇ ਆਜ਼ਾਦੀ ਲਈ ਮਰ ਮਿਟਣ ਦਾ ਸੰਦੇਸ਼ ਦਿੰਦੇ ਕਾਲਿਆਂ ਵਾਲਾ ਦੇ ਸ਼ਹੀਦੀ ਖੂਹ ਦਾ ਖੁਰਾ-ਖੋਜ ਮਿਟਾਉਣ ਲਈ ਹਰ ਸੰਭਵ ਯਤਨ ਕੀਤੇ ਸਨ। ਚਿੰਤਾਜਨਕ ਸਥਿਤੀ ਇਹ ਵੀ ਰਹੀ ਹੈ ਕਿ ਦੇਸ਼ ਆਜ਼ਾਦ ਹੋਣ ਤੋਂ ਬਾਅਦ ਅਜਨਾਲਾ ਸ਼ਹਿਰ ’ਚ 1962, 1975, 1976, 1982 ’ਚ ਕਾਂਗਰਸੀ ਸਰਕਾਰਾਂ ਵੇਲੇ ਕ੍ਰਮਵਾਰ ਤਤਕਾਲੀ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ, ਤਤਕਾਲੀ ਟਰਾਂਸਪੋਰਟ ਮੰਤਰੀ ਦਿਲਬਾਗ ਸਿੰਘ ਡਾਲੇਕੇ, ਤਤਕਾਲੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦੇ ਸਪੁੱਤਰ ਤੇ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਸੰਜੇ ਗਾਂਧੀ, ਤਤਕਾਲੀ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ, ਤਤਕਾਲੀ ਮੁੱਖ ਮੰਤਰੀ ਦਰਬਾਰਾ ਸਿੰਘ, ਤਤਕਾਲੀ ਸਿੱਖਿਆ ਮੰਤਰੀ ਹਰਚਰਨ ਸਿੰਘ ਅਜਨਾਲਾ ਅਤੇ ਤਤਕਾਲੀ ਪੇਂਡੂ ਵਿਕਾਸ ਮੰਤਰੀ ਸੰਤੋਖ ਸਿੰਘ ਰੰਧਾਵਾ ਨੇ ਇਥੇ ਵਿਸ਼ਾਲ ਕਾਨਫਰੰਸਾਂ ਨੂੰ ਸੰਬੋਧਨ ਕਰਦਿਆਂ ਇਨ੍ਹਾਂ ਸ਼ਹੀਦਾਂ ਦੀ ਯਾਦ ਵਿਚ ਸ਼ਹੀਦੀ ਸਮਾਰਕ\ਗੇਟ\ਲਾਟ ਉਸਾਰਨ ਤੋਂ ਇਲਾਵਾ ਕਾਲਿਆਂ ਵਾਲੇ ਸ਼ਹੀਦੀ ਖੂਹ ਦੀ ਖੁਦਾਈ ਕਰਕੇ ਸ਼ਹੀਦ ਕੌਮੀ ਪ੍ਰਵਾਨਿਆਂ ਦੀਆਂ ਅੰਤਿਮ ਰਸਮਾਂ ਪੂਰੀਆਂ ਕਰਨ ਦੇ ਮਤੇ ਪਕਾੲੇ ਗੲੇ ਸਨ ਜੋ ਅੱਜ ਤੱਕ ਵੀ ਹਕੀਕੀ ਰੂਪ ਅਖਤਿਆਰ ਨਹੀਂ ਕਰ ਸਕੇ।
ਕਾਲਿਆਂ ਵਾਲੇ ਸ਼ਹੀਦੀ ਖੂਹ ਦਾ ਇਤਿਹਾਸ ਬੋਲਦਾ ਹੈ ਕਿ 11 ਮਈ, 1857 ਨੂੰ ਮੇਰਠ ਤੋਂ ਸ਼ੁਰੂ ਹੋੲੇ ਗਦਰ\ਆਜ਼ਾਦੀ ਦੀ ਪਹਿਲੀ ਲੜਾਈ ਦੌਰਾਨ ਪੰਜਾਬ ਦੀ ਮੀਆਂ ਮੀਰ ਛਾਉਣੀ (ਲਾਹੌਰ) ਤੋਂ 500 ਦੇਸ਼ ਭਗਤ ਫੌਜੀਆਂ ਨੇ 30 ਜੁਲਾਈ ਦੀ ਰਾਤ ਨੂੰ ਬਰਤਾਨਵੀ ਸਰਕਾਰ ਵਿਰੁੱਧ ਬਗਾਵਤ ਦਾ ਬਿਗਲ ਵਜਾ ਦਿੱਤਾ। 31 ਜੁਲਾਈ ਦੀ ਸਵੇਰ ਨੂੰ ਅਜਨਾਲਾ ਸ਼ਹਿਰ ਤੋਂ ਪਿਛਾਂਹ 6-7 ਕਿਲੋਮੀਟਰ ਦੀ ਦੂਰੀ ’ਤੇ ਰਾਵੀ ਦਰਿਆ ਦੇ ਕੰਢੇ ’ਤੇ ਆਰਾਮ ਕਰਨ ਲਈ ਰੁਕੇ ਤਾਂ ਉਸ ਸਮੇਂ ਦੇ ਡਿਪਟੀ ਕਮਿਸ਼ਨਰ ਮਿਸਟਰ ਫਰੈਡਰਿਕ ਕੂਪਰ ਨੇ ਬਰਤਾਨਵੀ ਸੈਨਿਕਾਂ ਅਤੇ ਅਜਨਾਲਾ ਦੇ ਤਹਿਸੀਲਦਾਰ ਪ੍ਰੇਮ ਨਾਥ ਦੀ ਸਹਾਇਤਾ ਨਾਲ ਉਨ੍ਹਾਂ ਦੀ ਘੇਰਾਬੰਦੀ ਕਰ ਲਈ। ਘੇਰਾਬੰਦੀ ਦੌਰਾਨ 150 ਦੇ ਕਰੀਬ ਬਾਗੀ ਦੇਸ਼ ਭਗਤ ਫੌਜੀ ਬਰਤਾਨਵੀ ਸੈਨਿਕਾਂ ਵੱਲੋਂ ਡੀ. ਸੀ. ਮਿਸਟਰ ਕੂਪਰ ਦੇ ਹੁਕਮਾਂ ’ਤੇ ਚਲਾਈ ਗਈ ਗੋਲੀ ਨਾਲ ਲਹੂ-ਲੂਹਾਣ ਹੋੲੇ ਰਾਵੀ ਦਰਿਆ ਦੇ ਪਾਣੀ ਦੇ ਤੇਜ਼ ਵਹਾਅ ’ਚ ਵਹਿ ਕੇ ਸ਼ਹੀਦੀ ਦਾ ਜਾਮ ਪੀ ਗੲੇ ਅਤੇ 68 ਆਜ਼ਾਦੀ ਸੰਗਰਾਮੀਆਂ ਨੂੰ ਬਰਤਾਨਵੀ ਸੈਨਿਕਾਂ ਨੇ ਲਾਈਨਾਂ ’ਚ ਖੜ੍ਹੇ ਕਰਕੇ ਗੋਲੀਆਂ ਨਾਲ ਭੁੰਨ ਦਿੱਤਾ। ਬਾਕੀ ਬਚੇ 282 ਬਾਗੀਆਂ ਨੂੰ ਬੰਨ੍ਹ ਕੇ ਅਜਨਾਲਾ ਸ਼ਹਿਰ ਦੀ ਤਹਿਸੀਲ ਦੀ ਹਵਾਲਾਤ\ਬੁਰਜਾਂ ’ਚ ਬੰਦ ਕਰ ਦਿੱਤਾ। ਅਗਲੇ ਦਿਨ 1 ਅਗਸਤ ਨੂੰ ਮਿਸਟਰ ਕੂਪਰ ਨੇ ਇਨ੍ਹਾਂ ਦੇਸ਼ ਪ੍ਰੇਮੀਆਂ ਨੂੰ ਖ਼ਤਮ ਕਰਕੇ ਬਕਰੀਦ ਦਾ ਤਿਉਹਾਰ ਮਨਾਉਣ ਦਾ ਫੈਸਲਾ ਲਿਆ। 200 ਦੇ ਕਰੀਬ ਇਨ੍ਹਾਂ ਦੇਸ਼ ਭਗਤਾਂ ਨੂੰ 10-10 ਦੇ ਗਰੁੱਪ ਵਿਚ ਹਵਾਲਾਤ ’ਚੋਂ ਬਾਹਰ ਕੱਢ ਕੇ ਪੁਲਿਸ ਥਾਣੇ ਦੇ ਸਾਹਮਣੇ ਬਰਤਾਨਵੀ ਹਾਕਮਾਂ ਦੇ ਹੁਕਮਾਂ ਨਾਲ ਗੋਲੀਆਂ ਨਾਲ ਉਡਾ ਕੇ ਅਜਨਾਲੇ ਦੀ ਧਰਤੀ ਨੂੰ ਸ਼ਹੀਦਾਂ ਦੇ ਖੂਨ ਨਾਲ ਸਿੰਜ ਦਿੱਤਾ ਗਿਆ। 82 ਦੇ ਕਰੀਬ ਭੁੱਖੇ-ਪਿਆਸੇ ਦੇਸ਼ ਭਗਤ ਹਵਾਲਾਤ ਦੇ ਬੁਰਜ ਵਿਚ ਹੀ ਸਾਹ ਘੁਟਣ ਕਾਰਨ ਤੜਫ ਰਹੇ ਸਨ। ਇਨ੍ਹਾਂ ਤੜਫਦਿਆਂ ਨੂੰ ਘਸੀਟ-ਘਸੀਟ ਕੇ ਥਾਣੇ ਸਾਹਮਣੇ ਲਿਆਂਦਾ ਗਿਆ। ਥਾਣੇ ਦੇ ਕੋਲ ਖੜ੍ਹੇ ਪਿੰਡਾਂ ਦੇ ਲੋਕੀਂ ਇਹ ਕਹਿਰ ਦੇਖ ਕੇ ਦੂਰੋਂ ਹੀ ਤ੍ਰਾਹ-ਤ੍ਰਾਹ ਕਰ ਰਹੇ ਸਨ। ਇਨ੍ਹਾਂ ਸ਼ਹੀਦ ਕੀਤੇ ਗੲੇ 282 ਆਜ਼ਾਦੀ ਘੁਲਾਟੀਆਂ ਦੀਆਂ ਲਾਸ਼ਾਂ ਦਾ ਅੰਤਿਮ ਸੰਸਕਾਰ ਕਰਨ ਦੀ ਬਜਾੲੇ ਡੀ. ਸੀ. ਮਿਸਟਰ ਕੂਪਰ ਦੇ ਹੁਕਮਾਂ ਨਾਲ ਥਾਣੇ ਤੋਂ 100 ਗਜ਼ ਦੂਰੀ ’ਤੇ ਖੂਹ ਵਿਚ ਸ਼ਹੀਦਾਂ ਦੀਆਂ ਲਾਸ਼ਾਂ ਨੂੰ ਸੁੱਟ ਕੇ ਮਿੱਟੀ ਪਾ ਕੇ ਦਬਾ ਦਿੱਤਾ ਗਿਆ।
ਬਾਅਦ ਵਿਚ ਲੰਮੇ ਸਮੇਂ ਤੱਕ ਪੰਜਾਬ ’ਤੇ ਅੰਗਰੇਜ਼ੀ ਰਾਜ ਰਹਿਣ ਕਾਰਨ ਇਸ ਖੂਹ ਨੂੰ ਭੁਲਾ ਦਿੱਤਾ ਗਿਆ। ਪਿਛੋਂ ਇਸ ’ਤੇ ਇਕ ਛੋਟਾ ਜਿਹਾ ਕਮਰਾ ਬਣਾ ਕੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਇਕ ਬਜ਼ੁਰਗ ਸੇਵਾਦਾਰ ਭਾਈ ਹਰਬੰਸ ਸਿੰਘ ਇਸ ਦੇ ਸਹਾਰੇ ਪਿਛਲੇ 35 ਸਾਲਾਂ ਤੋਂ ਆਪਣੇ ਪਰਿਵਾਰ ਦੀ ਉਪਜੀਵਕਾ ਦਾ ਕੰਮ ਚਲਾਇਆ ਜਾ ਰਿਹਾ ਹੈ ਅਤੇ ਇਸ ਇਤਿਹਾਸਕ ਸਥਾਨ ਨੂੰ ਥਾਣੇ ਨੇੜਿਓਂ ਜਾਂਦਾ 14 ਫੁੱਟ ਚੌੜਾ ਰਸਤਾ ਨਜਾਇਜ਼ ਕਬਜ਼ਿਆਂ ਕਾਰਨ ਸੁੰਗੜ ਕੇ 3 ਫੁੱਟ ਰਹਿ ਗਿਆ ਹੈ। ਸ਼ਹੀਦੀ ਖੂਹ ਨਾਲ ਜੁੜੀ ਪੁਰਾਣੀ ਇਤਿਹਾਸਕ ਤਹਿਸੀਲ ਤੇ ਖੂਨੀ ਬੁਰਜਾਂ ਨੂੰ ਪੰਜਾਬ ਸਰਕਾਰ ਦੇ ਪੁਰਾਤਤਵ ਵਿਭਾਗ ਵੱਲੋਂ 1994 ਵਿਚ ਸੁਰੱਖਿਅਤ ਰੱਖਣ ਲਈ ਲਗਾੲੇ ਗੲੇ ਚਿਤਾਵਨੀ ਬੋਰਡ ਦੇ ਬਾਵਜੂਦ ਤਹਿਸੀਲ ਦੇ ਬਾਹਰੀ ਦ੍ਰਿਸ਼ ਨੂੰ ਕਈ ਤਰ੍ਹਾਂ ਦੀਆਂ ਦੁਕਾਨਾਂ ਗ੍ਰਹਿਣ ਲਗਾ ਰਹੀਆਂ ਹਨ। ਇਤਿਹਾਸਕ ਤਹਿਸੀਲ ਇਮਾਰਤ ਅੰਦਰ ਭਾਰਤ ਦੂਰਸੰਚਾਰ ਨਿਗਮ ਲਿਮ: ਵੱਲੋਂ ਪੁਰਾਤੱਤਵ ਵਿਭਾਗ ਦੇ ਚਿਤਾਵਨੀ ਬੋਰਡ ਦੀਆਂ ਧੱਜੀਆਂ ਉਡਾ ਕੇ ਆਪਣਾ ਟਾਵਰ ਸਥਾਪਤ ਕੀਤਾ ਹੋਇਆ ਹੈ।
ਲੋਕ ਸਭਾ ਹਲਕਾ ਤਰਨ ਤਾਰਨ ਤੋਂ ਅਕਾਲੀ ਸਾਂਸਦ ਡਾ: ਰਤਨ ਸਿੰਘ ਅਜਨਾਲਾ ਵੱਲੋਂ ਕੇਂਦਰੀ ਸਰਕਾਰ ਵੱਲੋਂ ਸਥਾਪਤ 1857 ਨਾਲ ਸਬੰਧਤ ਸ਼ਹੀਦਾਂ ਦੀ 150ਵੀਂ ਵਰ੍ਹੇਗੰਢ ਨਾਲ ਸਬੰਧਤ ਸਮਾਰੋਹ ਕਮੇਟੀ ਨੂੰ ਦਿੱਤੇ ਯਾਦ-ਪੱਤਰ ਅਤੇ ਫ੍ਰੀਡਮ ਫਾਇਟਰ ਸੁਰਜਨ ਸਿੰਘ ਚੋਗਾਵਾਂ ਵੱਲੋਂ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਦੇ ਸੰਗਤ ਦਰਸ਼ਨ ’ਚ ਉਠਾੲੇ ਮਾਮਲੇ ਅਤੇ ਕਾਲਿਆਂ ਵਾਲਾ ਸ਼ਹੀਦੀ ਖੂਹ ਯਾਦਗਾਰ ਕਮੇਟੀ ਦੇ ਪ੍ਰਧਾਨ ਅਮਰਜੀਤ ਸਿੰਘ ਸਰਕਾਰੀਆ ਤੇ ਜਨਰਲ ਸਕੱਤਰ ਭਾਈ ਵਰਿੰਦਰ ਸਿੰਘ ਨਿੱਝਰ ਵੱਲੋਂ ਕੇਂਦਰੀ ਸਰਕਾਰ ਨੂੰ ਕਾਲਿਆਂ ਵਾਲੇ ਖੂਹ ਦੇ ਇਤਿਹਾਸਕ ਸਥਾਨ ਦਾ ਵਿਕਾਸ ਕਰਨ ਲਈ ਲਿਖੇ ਗੲੇ ਪੱਤਰਾਂ ਦੇ ਸੰਦਰਭ ’ਚ ਜ਼ਿਲ੍ਹਾ ਅੰਮ੍ਰਿਤਸਰ ਦੇ ਮੌਜੂਦਾ ਡਿਪਟੀ ਕਮਿਸ਼ਨਰ ਸ: ਕਾਹਨ ਸਿੰਘ ਪੰਨੂ ਨੇ ਇਸ ਅਲੋਪ ਹੋਣ ਜਾ ਰਹੇ ਕਾਲਿਆਂ ਵਾਲਾ ਸ਼ਹੀਦੀ ਖੂਹ ਦੀ ਸਥਿਤੀ ਦਾ ਮੌਕੇ ’ਤੇ ਪੁੱਜ ਕੇ ਨਿਰੀਖਣ ਕੀਤਾ ਪਰ ਕਾਲਿਆਂ ਵਾਲੇ ਖੂਹ ਦੀ ਸਥਿਤੀ ਅਜੇ ਉਥੇ ਹੀ ਖੜ੍ਹੀ ਹੈ। ਸੀ. ਪੀ. ਐਮ. (ਪੰਜਾਬ) ਕਾਲਿਆਂ ਵਾਲੇ ਸ਼ਹੀਦੀ ਖੂਹ ਦੀ ਮੌਜੂਦਾ ਤਰਸਯੋਗ ਹਾਲਤ ਤੋਂ ਡਾਢੀ ਚਿੰਤਤ ਹੈ। ਸੀ. ਪੀ. ਐਮ. ਪੰਜਾਬ ਦੇ ਆਗੂ ਡਾ: ਸਤਨਾਮ ਸਿੰਘ ਪ੍ਰਧਾਨ ਦਾ ਕਹਿਣਾ ਹੈ ਕਿ ਜੇਕਰ ਆਜ਼ਾਦੀ ਦੀ ਪਹਿਲੀ ਲੜਾਈ 1857 ਦੇ ਸ਼ਹੀਦਾਂ ਨਾਲ ਜੁੜੀਆਂ ਦਿੱਲੀ, ਮੇਰਠ, ਝਾਂਸੀ, ਕਾਨਪੁਰ, ਲਖਨਊ ਆਦਿ ਸ਼ਹਿਰਾਂ ਦੇ ਸ਼ਹੀਦੀ ਸਮਾਰਕਾਂ ਵੱਲ ਧਿਆਨ ਦੇਣ ਦੇ ਨਾਲ ਕਾਲਿਆਂ ਵਾਲਾ ਸ਼ਹੀਦੀ ਖੂਹ ’ਤੇ ਨਵੀਨਤਮ ਸਮਾਰਕ ਦੀ ਉਸਾਰੀ ਅਤੇ ਇਤਿਹਾਸਕ ਤਹਿਸੀਲ ਇਮਾਰਤ ਨੂੰ ਸ਼ਹੀਦਾਂ ਦੇ ਅਜਾਇਬਘਰ ’ਚ ਕੇਂਦਰ ਸਰਕਾਰ ਵੱਲੋਂ ਤਬਦੀਲ ਨਹੀਂ ਕੀਤਾ ਜਾਂਦਾ ਤਾਂ 1857 ਦੀ ਪਹਿਲੀ ਲੜਾਈ ਦੇ 150ਵੀਂ ਵਰ੍ਹੇਗੰਢ ਦੇ ਸਮੁੱਚੇ ਸਰਕਾਰੀ ਦੇਸ਼ ਪ੍ਰੇਮ ਦੇ ਸਮਾਗਮ ਇਕ ਡਰਾਮਾ ਬਣ ਕੇ ਰਹਿ ਜਾਣਗੇ।

3, ਆਦਰਸ਼ ਨਗਰ, ਅਜਨਾਲਾ (ਅੰਮ੍ਰਿਤਸਰ)। ਮੋਬਾ: 98152-71246.
ਐਸ. ਪਰਸ਼ੋਤਮ
(ਰੋਜ਼ਾਨਾ ਅਜੀਤ ਜਲੰਧਰ)

No comments: