13 June 2007

ਕਿਉਂ ਵਿਸਰ ਗੲੇ ਹਨ ਪੁਰਾਤਨ ਲੋਕ-ਗੀਤ

ਸਾਧਾਰਨ ਲੋਕਾਂ ਦੇ ਮੂੰਹੋਂ ਬੋਲੇ ਲਫਜ਼ਾਂ ਨੂੰ ਤੁਕਬੰਦੀ ਵਿਚ ਪਰੋ ਕੇ ਸੱਭਿਆਚਾਰ ਤੇ ਵਿਰਸੇ, ਸਮਾਜਿਕ ਰਿਸ਼ਤਿਆਂ ਨਾਲ ਜੁੜੀਆਂ ਲਾਈਨਾਂ ਨੂੰ ਪੁਰਾਣੇ ਜ਼ਮਾਨੇ ਵਿਚ ਕੇਵਲ ਗਾਇਕ ਹੀ ਨਹੀਂ, ਘਰਾਂ ਦੀਆਂ ਸੁਆਣੀਆਂ, ਹਲ ਵਾਹੁੰਦਾ ਕਿਸਾਨ, ਖੇਤ ਵਿਚ ਕੰਮ ਕਰਦਾ ਮਜ਼ਦੂਰ ਆਦਿ ਸਮੇਂ-ਸਮੇਂ ਗੁਣਗੁਣਾਉਂਦੇ ਰਹਿੰਦੇ ਸੀ ਅਤੇ ਇਨਸਾਨ ਦਾ ਜੀਵਨ ਗੀਤਾਂ ਦੀ ਸ਼ੁਰੂਆਤ ਤੋਂ ਹੁੰਦਾ ਸੀ ਅਤੇ ਉਹ ਗੀਤਾਂ ਵਿਚ ਮਰ ਜਾਂਦਾ ਸੀ। ਸੱਭਿਆਚਾਰ ਦਾ ਸ਼ੀਸ਼ਾ ਅਖਵਾਉਣ ਵਾਲੇ ਗੀਤਾਂ ਨੂੰ ਅੱਜ ਘਟੀਆ ਤੇ ਹਲਕੀ ਤੁਕਬੰਦੀ ਕਰਕੇ ਕੁਝ ਸੱਭਿਆਚਾਰ-ਦੋਖੀਆਂ ਨੇ ਲੀਰੋ-ਲੀਰ ਕਰ ਦਿੱਤਾ ਹੈ। ਕਲਮਾਂ ਦੇ ਧਨੀ ਕਹਾਉਣ ਵਾਲਿਓ, ਕਿਥੇ ਗੲੇ ਉਹ ਬੱਚੇ ਦੇ ਪਹਿਲੀ ਕਿਲਕਾਰੀ ਮਾਰਨ ਸਮੇਂ ਗਾੲੇ ਜਾਣ ਵਾਲੇ ਗੀਤ ‘ਤੈਂ ਘਰ ਜੰਮਿਆ ਪੁੱਤ ਵੇ ਨਰੰਜਣਾ, ਦਾਰੂ ਪੀ ਕੇ ਬੁੱਕ ਵੇ ਨਰੰਜਣਾ।’ ਕੰਮਾਂਕਾਰਾਂ ਵਿਚ ਰੁੱਝੀ ਮਾਂ ਨੂੰ ਬੱਚਾ ਜਦੋਂ ਤੰਗ ਕਰਦਾ ਸੀ ਤਾਂ ਮਾਂ ਲੋਰੀਆਂ ਦੇ ਕੇ ਸੁਲਾਉਣ ਦਾ ਯਤਨ ਕਰਦੀ ਕਹਿੰਦੀ :
ਲੈ ਲਾ ਕਾਕਾ ਲੋਰੀਆਂ, ਪਹਿਲੀ ਲੋਰੀ ਤੇਰੀ ਮੰਮੀ ਦੇਵੇ,
ਦੂਜੀ ਲੋਰੀ ਤੇਰੀ ਦਾਦੀ ਦੇਵੇ, ਤੇਰਾ ਬਾਪੂ ਵੰਡੇ ਦੰਮਾਂ ਦੀਆਂ ਬੋਰੀਆਂ,
ਲੈ ਲਾ ਕਾਕਾ ਲੋਰੀਆਂ।
ਵਿਆਹਾਂ ਵੇਲੇ ਕੁੜੀ ਦੇ ਘਰ ਸੁਹਾਗ ਗਾੲੇ ਜਾਂਦੇ ਸਨ ਤੇ ਮੁੰਡੇ ਦੇ ਘਰ ਘੋੜੀਆਂ ਗਾ ਕੇ ਸ਼ਗਨ ਪੂਰੇ ਕੀਤੇ ਜਾਂਦੇ ਸੀ। ਔਰਤਾਂ ਇਕੱਠੀਆਂ ਹੋ ਕੇ ਅੱਧੀ-ਅੱਧੀ ਰਾਤ ਤੱਕ ਵਿਆਹ ਦੇ ਕੰਮ ਕਰਦੀਆਂ ਤੇ ਗੀਤ ਗਾਉਂਦੀਆਂ ਸੀ ਪਰ ਆਹ ਨਹੀਂ ਸੀ ਕਿ ਸ਼ਰਾਬ ਪੀ ਕੇ, ਡੀ. ਜੇ. ਲਗਾ ਕੇ ਧੀਆਂ-ਭੈਣਾਂ ਸਾਹਮਣੇ ਦੂਜੀਆਂ ਲੜਕੀਆਂ ਨਾਲ ਡਾਂਸ ਕਰਕੇ ਖੁਦ ਨੂੰ ਆਧੁਨਿਕ ਅਖਵਾਉਣਾ। ਪਤੈ ਕੀ ਗਾਉਂਦੇ ਸੀ :
ਘੋੜੀ ਚੜ੍ਹਿਆ ਵੀਰਾ ਮਾਂ ਦਾ ਨੰਦ ਆ,
ਜਿਉਂ ਤੇਰ੍ਹਵੀਂ ਰਾਤ ਦਾ ਚੰਦ ਆ।
ਤੇ ਫਿਰ ਮੁਟਿਆਰਾਂ, ਭਰਜਾਈਆਂ, ਬੁੱਢੀਆਂ ਔਰਤਾਂ ਗਿੱਧੇ ਵਿਚ ਬੋਲੀਆਂ ਰਾਹੀਂ ਬਰਾਤੀਆਂ ਨੂੰ ਸਿੱਠਣੀਆਂ ਦਿੰਦੀਆਂ, ਪਤਾ ਕੀ ਕਹਿੰਦੀਆਂ ਸੀ-
ਸਾਡੇ ਤਾਂ ਵਿਹੜੇ ਮੁੱਢ ਮਕਈ ਦਾ, ਦਾਣੇ ਤਾਂ ਮੰਗਦਾ ਉਧਲ ਮਈ ਦਾ,
ਭੱਠੀ ਤਪਾਉਣੀ ਪਈ, ਨਿਰਲੱਜਿਓ, ਲੱਜ ਤੁਹਾਨੂੰ ਨਹੀਂ।
ਸੱਭਿਆਚਾਰ ਆਹ ਨਹੀਂ ਸੀ ਕਿ ਆਰਥਿਕਤਾ ਦੀਆਂ ਸ਼ਿਕਾਰ ਹੋ ਕੇ ਰੋਜ਼ੀ-ਰੋਟੀ ਲਈ ਪੇਸ਼ੇ ਵਜੋਂ ਕੰਮ ਕਰਦੀਆਂ ਆਰਕੈਸਟਰਾ ਵਾਲੀਆਂ ਲੜਕੀਆਂ ਦੇ ਸਿਰ ਤੋਂ ਹੱਥ ਫੜ ਕੇ ਨੋਟ ਵਾਰਨੇ। ਡੋਲੀ ਵੇਲੇ ਦਾ ਮਾਹੌਲ ਵੇਖਿਐ ਕਦੀ? ਕੁੜੀ ਸਾਰੇ ਸਮਾਜਿਕ ਰਿਸ਼ਤਿਆਂ ਤੋਂ ਵਿਛੜਨ ਲੱਗਿਆਂ ਅਰਜੋਈ ਕਿਵੇਂ ਕਰਦੀ ਐ-
‘ਬਾਬਲ ਵਿਦਾ ਕਰੇਂਦਿਆਂ, ਵੇ ਮੈਨੂੰ ਰੱਖ ਲੈ ਅੱਜ ਦੀ ਰਾਤ ਵੇ,
ਸਾਡਾ ਚਿੜੀਆਂ ਦਾ ਚੰਬਾ ਵੇ, ਬਾਬਲ ਅਸੀਂ ਉਡ ਜਾਣਾ।’
ਤੇ ਮਾਤਾ-ਪਿਤਾ ਵੀ ਧੀ ਦੀ ਡੋਲੀ ਸਮੇਂ ਕਿੱਡਾ ਜਿਗਰਾ ਕਰਕੇ ਆਖਦੇ ਸੀ-
‘ਛੱਡ ਦੇ ਬੀਬੀ ਪੀੜ੍ਹੀ ਦੀ ਡੋਰ, ਨੀ ਸਾਡਾ ਕਿਹੜਾ ਜ਼ੋਰ, ਜ਼ੋਰਾਂ ਵਾਲੇ ਲੈ ਨੀ ਗੲੇ।’
ਪਤਾ ਪੰਜਾਬ ਦੇ ਕਿਸਾਨ ਸਿਆਲਾਂ ਦੀ ਤਿੱਖੀ ਠੰਢ ਤੇ ਜੇਠ-ਹਾੜ੍ਹ ਦੀ ਧੁੱਪ ਨੂੰ ਲੋਕ-ਗੀਤਾਂ ਦੇ ਸਹਾਰੇ ਹੀ ਮਹਿਸੂਸ ਤੱਕ ਨਹੀਂ ਸੀ ਕਰਦੇ।
ਗੱਲ ਕੀ ਜੀਵਨ ਦੀ ਕਾਰਜ-ਸ਼ੈਲੀ ਨਾਲ ਸੰਬੰਧਿਤ ਹਰ ਖੇਤਰ ਨੂੰ ਪੰਜਾਬ ਦੇ ਲੋਕਾਂ ਨੇ ਪਿਆਰ ਭਰੇ ਤੇ ਸੁਰੀਲੇ ਗੀਤਾਂ ਨਾਲ ਸ਼ਿੰਗਾਰਿਆ ਹੋਇਆ ਸੀ। ਇਨ੍ਹਾਂ ਰਚਣਹਾਰਿਆਂ ਨੇ ਹਰ ਗੀਤ ਦੇ ਸ਼ਬਦ ਨੂੰ ਆਪਣੇ ਘਰ ਪਰਿਵਾਰ, ਸਮਾਜ, ਕੌਮ, ਦੇਸ਼ ਦੇ ਹਿਤਾਂ ਤੇ ਜਜ਼ਬਾਤਾਂ ਨੂੰ ਮੁੱਖ ਰੱਖ ਕੇ ਕਲਮਬੱਧ ਕੀਤਾ ਸੀ ਅਤੇ ਜੇਕਰ ਪਿਆਰ, ਵਿਛੋੜੇ ਦੇ ਜਜ਼ਬਾਤਾਂ ਨੂੰ ਲਿਖਿਆ ਤਾਂ ‘ਗੱਡੀ ਥੱਲੇ ਆ ਕੇ ਮਰਜੂੰ’, ‘ਘਰੋਂ ਕੱਢ ਕੇ ਲੈ ਜਾਊਂ’ ਵਰਗੇ ਗੀਤ ਨਹੀਂ ਲਿਖੇ, ਸਗੋਂ ਇਉਂ ਲਿਖਿਆ ਕਰਦੇ ਸੀ, ‘ਇਸ਼ਕ ਤੰਦੂਰ ਹੱਡਾਂ ਦਾ ਬਾਲਣ, ਹੌਕਿਆਂ ਨਾਲ ਤਪਾਵਾਂ। ਕੱਢ ਕੇ ਕਾਲਜਾ ਕਰ ਲੈ ਪੇੜੇ, ਹੁਸਨ ਪਲੇਥਣ ਲਾਵਾਂ।’
ਕਲਮਾਂ ਵਾਲਿਓ ਨਿੱਤ ਨਵੇਂ ਸੂਰਜ ਚੜ੍ਹੇ ਪਾਣੀ ਦੇ ਬੁਲਬੁਲੇ ਵਾਂਗ ਹਿੱਟ ਹੋਣ ਦਾ ਸੁਪਨਾ ਛੱਡ ਦਿਓ। ਪੰਜਾਬੀ ਲੋਕ-ਗੀਤ ਸਾਡੇ ਜੀਵਨ ਦੀ ਰੂਹ ਦੀ ਖੁਰਾਕ ਹਨ, ਜ਼ਿੰਦਗੀ ਦੇ ਦੁੱਖਾਂ-ਸੁੱਖਾਂ ਦੇ ਹਾਮੀ ਹਨ, ਧਰਵਾਸੇ ਹਨ ਤੇ ਅਜਿਹਾ ਲਿਖੋ, ਅਜਿਹੀ ਕਲਮ ਚੁੱਕੋ ਕਿ ਤੁਹਾਡੇ ਵੱਲੋਂ ਉਕਰਿਆ ਇਕ-ਇਕ ਸ਼ਬਦ ਸਮਾਜ ਨੂੰ ਹਮੇਸ਼ਾ ਖੁਸ਼ੀ ਦੀ ਮਿੱਠੀ ਮਹਿਕ ਦੇਵੇ।

-ਹਰਮਿੰਦਰ ਸਹਾਰਨ ਮਾਜਰਾ (ਪ੍ਰਸਾਰ ਅਫਸਰ),
ਪਿੰਡ ਤੇ ਡਾਕ: ਸਹਾਰਨ ਮਾਜਰਾ, ਜ਼ਿਲ੍ਹਾ ਲੁਧਿਆਣਾ।
(ਰੋਜ਼ਾਨਾ ਅਜੀਤ ਜਲੰਧਰ)

No comments: