13 June 2007

ਚਲਦਿਆਂ ਦੇ ਖੂਹ, ਮਿਲਦਿਆਂ ਦੇ ਸਾਕ (ਕਹਿੰਦੇ ਸੱਚ ਸਿਆਣੇ...)

ਖੇਤਾਂ ਦੀਆਂ ਆਡਾਂ ਵਿਚ ਚਾਂਦੀ ਰੰਗਾ ਪਾਣੀ ਵਗਾਉਣ ਵਾਲੇ, ਟਿੱਕ-ਟਿੱਕ ਦਾ ਸੰਗੀਤ ਵਜਾੳੁਂਦੇ ਹਲਟਾਂ ਵਾਲੇ ਖੂਹ ਸਾਡੇ ਸੱਭਿਆਚਾਰ ਦੇ ਬੀਤੇ ਹੋੲੇ ਸਮੇਂ ਦੀ ਦਾਸਤਾਨ ਬਣ ਗੲੇ ਹਨ। ਜਦੋਂ ਬਲਦਾਂ ਨੇ ਗਾਂਧੀ ਨਾਲ ਜੁੜ ਕੇ ਹਲਟ ਦੀਆਂ ਟਿੰਡਾਂ ਨੂੰ ਘੁਮਾਉਣਾ ਤਾਂ ਟਿੰਡਾਂ ਨੇ ਭਰ-ਭਰ ਕੇ ਪਾੜਸੇ ’ਚ ਡਿਗਣਾ। ਚਮਕਦਾ ਚਿੱਟਾ ਠੰਢੇ-ਠਾਰ ਅਹਿਸਾਸ ਵਾਲਾ ਪਾਣੀ ਧਾਰ ਬਣ ਕੇ ਵਗਣਾ। ਜੇਕਰ ਖੂਹ ਕਈ-ਕਈ ਦਿਨ ਨਾ ਚੱਲਣਾ ਤਾਂ ਉਸ ਵਿਚ ਪੱਤੇ ਜਾਂ ਹੋਰ ਗੰਦਗੀ ਡਿਗ ਕੇ ਖੂਹ ਦੇ ਪਾਣੀ ਦੀ ਉਪਰਲੀ ਸਤ੍ਹਾ ਸੜ-ਤਰੱਕ ਜਾਂਦੀ। ਖੂਹ ਦਾ ਪਾਣੀ ਬਦਬੂ ਮਾਰਨ ਲਗਦਾ ਪਰ ਉਹੀ ਖੂਹ ਜਦੋਂ ਹਰ ਰੋਜ਼ ਗਿੜਦਾ, ਹਰ ਰੋਜ਼ ਪਾਣੀ ਕੱਢਿਆ ਜਾਂਦਾ ਤਾਂ ਮੁੜ ਫਿਰ ਪਵਿੱਤਰ ਹੋ ਜਾਂਦਾ। ਇਸ ਲਈ ਸਿਆਣਿਆਂ ਨੇ ਕਿਹਾ ਸੀ ਕਿ ਖੂਹ ਤਾਂ ਜਿੰਨਾ ਚਿਰ ਗਿੜਦਾ ਹੈ, ਓਨਾ ਚਿਰ ਹੀ ਖੂਹ ਹੈ, ਨਹੀਂ ਤਾਂ ਇਹ ਬਦਬੂ ਮਾਰਦੇ ਪਾਣੀ ਦੇ ਨਰਕ ਕੁੰਡ ਦਾ ਰੂਪ ਧਾਰਨ ਕਰ ਜਾਂਦਾ ਹੈ। ਸਿਆਣਿਆਂ ਨੇ ਨਿੱਤ ਗਿੜਨ ਵਾਲੇ ਖੂਹ ਦੇ ਪਵਿੱਤਰ ਅਤੇ ਸਾਫ-ਸੁਥਰੇ ਪਾਣੀਆਂ ਨੂੰ ਧਿਆਨ ਵਿਚ ਰੱਖ ਕੇ ਇਸ ਕਹਾਵਤ ਵਿਚ ਕਿਹਾ ਹੈ ਕਿ ਖੂਹ ਉਹੀ ਹਨ ਜਿਹੜੇ ਨਿੱਤ ਚਲਦੇ ਹਨ। ਇਸ ਦੀ ਤੁਲਨਾ ਉਨ੍ਹਾਂ ਮਨੁੱਖ ਦੇ ਆਪਸ ਵਿਚ ਮਿਲਵਰਤਣ ਅਤੇ ਰਿਸ਼ਤਿਆਂ ਦੀ ਕਾਇਮੀ ਨਾਲ ਕੀਤੀ ਹੈ। ਸਾਡੇ ਵਡੇਰਿਆਂ ਨੇ ਇਸ ਅਖਾਣ ਰਾਹੀਂ ਸਾਨੂੰ ਸਮਝਾਇਆ ਕਿ ਜਿਵੇਂ ਖੂਹ ਜਿੰਨਾ ਚਿਰ ਲਗਾਤਾਰ ਗੇੜਿਆ ਜਾਂਦਾ ਹੈ, ਉਸ ਵਿਚੋਂ ਪਾਣੀ ਕੱਢਿਆ ਜਾਂਦਾ ਹੈ, ਓਨਾ ਚਿਰ ਹੀ ਸਹੀ ਅਤੇ ਸਾਫ-ਸੁਥਰਾ ਰਹਿੰਦਾ ਹੈ, ਉਵੇਂ ਹੀ ਮਨੁੱਖ ਦੇ ਆਪਸ ਵਿਚਲੇ ਰਿਸ਼ਤੇ ਵੀ ਓਨਾ ਚਿਰ ਹੀ ਕਾਇਮ ਰਹਿੰਦੇ ਹਨ, ਜਿੰਨਾ ਚਿਰ ਆਪਸ ਵਿਚ ਮਿਲਵਰਤਣ ਰੱਖੀ ਜਾਂਦੀ ਹੈ। ਜਿੰਨਾ ਚਿਰ ਅਸੀਂ ਮਿਲਦੇ ਹਾਂ, ਓਨਾ ਚਿਰ ਰਿਸ਼ਤੇ ਕਾਇਮ ਰਹਿੰਦੇ ਹਨ। ਅਗਰ ਆਪਸ ਵਿਚ ਆਉਣ-ਜਾਣ ਨਹੀਂ ਤਾਂ ਖੂਹ ਵਾਂਗ ਇਹ ਰਿਸ਼ਤੇ ਵੀ ਸੜ-ਤਰੱਕ ਜਾਂਦੇ ਹਨ। ਇਕ-ਦੂਜੇ ਦੇ ਆਉਣ-ਜਾਣ ਨਾਲ ਹੀ ਰਿਸ਼ਤਿਆਂ ਵਿਚ ਨਵਾਂਪਨ ਤੇ ਤਾਜ਼ਗੀ ਆਉਂਦੀ ਹੈ। ਨਹੀਂ ਤਾਂ ਗ਼ਲਤ-ਫਹਿਮੀਆਂ, ਭੁਲੇਖਿਆਂ ਅਤੇ ਅਜੀਬ ਤਰ੍ਹਾਂ ਦੀਆਂ ਨਫਰਤਾਂ ਦਾ ਗੰਦ ਇਨ੍ਹਾਂ ਰਿਸ਼ਤਿਆਂ ਵਿਚ ਮਨੁੱਖੀ ਭਾਵਨਾ ਤੋਂ ਰਹਿਤ ਇਕ ਅਜਿਹੀ ਬਦਬੂ ਫੈਲਾਅ ਦਿੰਦਾ ਹੈ ਕਿ ਸਦਾ-ਸਦਾ ਲਈ ਇਹ ਰਿਸ਼ਤੇ ਸੜ-ਬਲ ਕੇ ਖਾਕ ਹੋ ਜਾਂਦੇ ਹਨ। ਸਿਰਫ ਇਹ ਬੋਲ ਹੀ ਬੁੱਲ੍ਹਾਂ ’ਤੇ ਆਇਆ ਕਰਦੇ ਹਨ ਕਿ ਹਾਂ ਹੁੰਦਾ ਸੀ ਸਾਡਾ ਇਕ ਰਿਸ਼ਤੇਦਾਰ। ਰਿਸ਼ਤੇ ਦੀ ਹੰਢਣਸਾਰਤਾ ਮਿਲਵਰਤਣ ’ਤੇ ਨਿਰਭਰ ਕਰਦੀ ਹੈ। ਆਧੁਨਿਕ ਯੁੱਗ ਵਿਚ ਫੈਲੀ ਮਤਲਬਪ੍ਰਸਤੀ, ਸਵੈ-ਪੋਸ਼ਣ ਦੀ ਭਾਵਨਾ ਖੂਹ ਵਾਂਗ ਰਿਸ਼ਤਿਆਂ ਦੀ ਹੰਢਣਸਾਰਤਾ ਨੂੰ ਵੀ ਨਿਗਲ ਚੁੱਕੀ ਹੈ। ਖੂਹ ਵਾਂਗ ਕਈਆਂ ਰਿਸ਼ਤਿਆਂ ਨੂੰ ਕੇਵਲ ਯਾਦ ਕੀਤਾ ਜਾਇਆ ਕਰੇਗਾ। ਉਹ ਰਿਸ਼ਤੇ ਮਿਟ ਜਾਣਗੇ। ਭਰੂਣ ਹੱਤਿਆ ਵਰਗੇ ਪਾਪ ਨੇ ਰਿਸ਼ਤਿਆਂ ਨੂੰ ਮਿਟਾਉਣ ਅਤੇ ਸਾੜਨ ਦਾ ਕੰਮ ਆਰੰਭ ਕੀਤਾ ਹੋਇਆ ਹੈ, ਜਿਸ ਦੀ ਲਪੇਟ ਵਿਚ ਆ ਕੇ ਕਈ ਭਾਵਪੂਰਤ ਅਤੇ ਅਤਿ ਦਿਲ ਦੇ ਕਰੀਬ ਵਸਣ ਵਾਲੇ ਖੂਨ ਦੇ ਰਿਸ਼ਤੇ ਵੀ ਮਿਟ ਜਾਣਗੇ। ਰਿਸ਼ਤਿਆਂ ਵਿਚ ਪਾਕੀਜ਼ਗੀ ਤਦ ਹੀ ਰਹਿ ਸਕਦੀ ਹੈ ਜੇਕਰ ਸਾਫ ਦਿਲ ਨਾਲ ਇਕ-ਦੂਜੇ ਦੇ ਜਾਇਆ ਜਾਵੇ। ਔਖੇ-ਸੌਖੇ ਵੇਲਿਆਂ ਵਿਚ ਮੋਢੇ ਨਾਲ ਮੋਢਾ ਜੋੜ ਕੇ ਇਕ-ਦੂਜੇ ਦੇ ਨਾਲ ਖੜ੍ਹਿਆ ਜਾਵੇ। ਇਕ-ਦੂਜੇ ਦੀ ਪੀੜ ਨੂੰ, ਲੋੜ ਨੂੰ, ਔਖ ਨੂੰ ਸਮਝਿਆ ਜਾਵੇ। ਅਹਿਸਾਨ ਦੀ ਭਾਵਨਾ ਖਤਮ ਕਰਕੇ ਮਿਲਿਆ-ਵਰਤਿਆ ਜਾਵੇ। ਤਦ ਹੀ ਰਿਸ਼ਤਿਆਂ ਵਿਚ ਨਵਾਂਪਨ ਤੇ ਤਾਜ਼ਗੀ ਆ ਸਕਦੀ ਹੈ। ਨਹੀਂ ਤਾਂ ਜਿਵੇਂ ਪੰਜਾਬ ’ਚੋਂ ਪਾਣੀ ਦਾ ਸੋਮਾ ਖੂਹ ਮਿਟ ਗੲੇ ਹਨ, ਇਹ ਰਿਸ਼ਤੇ ਵੀ ਖਤਮ ਹੋ ਜਾਣਗੇ।

ਪਿੰਡ ਤੇ ਡਾਕ: ਲਧਾਣਾ ਉੱਚਾ, ਜ਼ਿਲ੍ਹਾ ਨਵਾਂਸ਼ਹਿਰ-144510.
ਸੁਰਿੰਦਰ ਸਿੰਘ ਕਰਮ
(ਰੋਜ਼ਾਨਾ ਅਜੀਤ ਜਲੰਧਰ)

No comments: