30 May 2007

ਤੰਬਾਕੂਨੋਸ਼ੀ ਰਹਿਤ ਦਿਵਸ - ਮੌਤ ਜਾਂ ਜ਼ਿੰਦਗੀ - ਚੋਣ ਤੁਸੀਂ ਆਪ ਕਰਨੀ ਹੈ?

ਭਾਰਤ ਸਮੇਤ ਵਿਸ਼ਵ ਭਰ ਵਿਚ 31 ਮਈ ਦਾ ਦਿਨ, ‘ਤੰਬਾਕੂ ਦੀ ਵਰਤੋਂ ਨਾ ਕਰਨ ਦੇ ਦਿਵਸ’ ਵਜੋਂ ਮਨਾਇਆ ਜਾਂਦਾ ਹੈ। ਬੇਸ਼ੱਕ ਪੰਜਾਬ ਵਿਚ ਦੇਸ਼ ਤੇ ਦੂਸਰੇ ਭਾਗਾਂ ਦੇ ਮੁਕਾਬਲੇ ਤੰਬਾਕੂ ਦੀ ਖਪਤ ਕਾਫੀ ਘੱਟ ਹੈ ਪਰ ਜ਼ਰਦੇ ਦੀ ਖਪਤ ਵਿਚ ਹੋ ਰਿਹਾ ਲਗਾਤਾਰ ਵਾਧਾ ਸਾਨੂੰ ਸ਼ਰਮਸਾਰ ਕਰਦਾ ਹੈ ਅਤੇ ਬਹਾਦਰ ਪੰਜਾਬੀਆਂ ਦੀਆਂ ਆਉਣ ਵਾਲੀਆਂ ਨਸਲਾਂ ’ਤੇ ਪ੍ਰਸ਼ਨ-ਚਿੰਨ੍ਹ ਵੀ ਲਗਾਉਂਦਾ ਹੈ।
ਵਿਸ਼ਵ ਸਿਹਤ ਸੰਸਥਾ ਅਨੁਸਾਰ ਹਰ ਸਾਲ 25 ਲੱਖ ਵਿਅਕਤੀ, ਤੰਬਾਕੂਨੋਸ਼ੀ ਕਾਰਨ ਪੈਦਾ ਹੋਣ ਵਾਲੀਆਂ ਉਲਝਣਾਂ ਦੀ ਲਪੇਟ ਵਿਚ ਆ ਕੇ ਮੌਤ ਦੇ ਮੂੰਹ ਵਿਚ ਧੱਕੇ ਜਾਂਦੇ ਹਨ। ਇਨ੍ਹਾਂ ਵਿਚੋਂ 70 ਫੀਸਦੀ ਫੇਫੜਿਆਂ ਦੀ ਕੈਂਸਰ ਨਾਲ ਮਰਦੇ ਹਨ ਅਤੇ 20 ਤੋਂ 25 ਫੀਸਦੀ ਦਿਲ ਦੇ ਰੋਗਾਂ ਦੇ ਮਰੀਜ਼ਾਂ ਦਾ ਪਿਛੋਕੜ ਤੰਬਾਕੂਨੋਸ਼ੀ ਹੁੰਦਾ ਹੈ।
ਭਾਰਤ ਵਿਚ ਮੂੰਹ ਦੇ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਵਿਸ਼ਵ ਭਰ ਵਿਚ ਸਭ ਤੋਂ ਜ਼ਿਆਦਾ ਹੈ ਕਿਉਂਕਿ ਸਾਡੇ ਮੁਲਕ ਦੇ ਲੋਕ ‘ਜ਼ਰਦਾ’ ਅਤੇ ‘ਖਿਆਨੀ’ ਦੇ ਰੂਪ ਵਿਚ ਤੰਬਾਕੂ ਦੀ ਬਹੁਤ ਜ਼ਿਆਦਾ ਵਰਤੋਂ ਕਰਦੇ ਹਨ। ਤੰਬਾਕੂ ਦੀ ਵਰਤੋਂ ਨਾ ਕਰਨ ਵਾਲਿਆਂ ਵਿਚ ਮੂੰਹ ਦਾ ਕੈਂਸਰ ਹੋਣ ਦਾ ਖ਼ਤਰਾ 0.38 ਫੀਸਦੀ 1000 ਹੈ, ਜਦੋਂ ਕਿ ਤੰਬਾਕੂ ਦੀ ਵਰਤੋਂ ਕਰਨ ਵਾਲਿਆਂ ਵਿਚ ਇਹ ਦਰ 8 ਪ੍ਰਤੀ 1000 ਹੈ।
ਪ੍ਰਸਿੱਧ ਬ੍ਰਿਟਿਸ਼ ਨਸ-ਵਿਗਿਆਨੀ ਡਾ: ਫਰਿਡ ਪਲੱਮ ਦਾ ਕਹਿਣਾ ਹੈ ਕਿ ਤੰਬਾਕੂਨੋਸ਼ੀ ਦਿਮਾਗ ਦੇ ਦੌਰੇ (ਬ੍ਰੇਨ ਸਟ੍ਰੋਕ) ਦੀ ਬਿਮਾਰੀ ਦਾ ਮੁੱਖ ਕਾਰਨ ਹੈ। ਤੰਬਾਕੂਨੋਸ਼ੀ ਨਾਲ ਜੁੜੀਆਂ ਬਿਮਾਰੀਆਂ ਦੇ ਇਕ ਭਾਰਤੀ ਮਾਹਿਰ ਪ੍ਰੋ: ਸੀ. ਆਰ. ਸੋਮਨ ਦੀ ਖੋਜ ਦੇ ਅੰਕੜੇ ਦੱਸਦੇ ਹਨ ਕਿ ਹਰ ਪੀਤੀ ਸਿਗਰਟ ਸੰਬੰਧਿਤ ਵਿਅਕਤੀ ਦੀ ਉਮਰ ’ਤੇ 5.5 ਮਿੰਟਾਂ ਦਾ ਕੱਟ ਮਾਰਦੀ ਹੈ।
ਤੰਬਾਕੂ ਦੇ ਧੂੰੲੇਂ ਵਿਚ ਮੌਜੂਦ ਜ਼ਹਿਰੀਲੀਆਂ ਗੈਸਾਂ ਸਭ ਤੋਂ ਪਹਿਲਾਂ ਫੇਫੜਿਆਂ ਦੇ ਸੈੱਲਜ਼ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ। ਤੰਬਾਕੂ ਦੇ ਧੂੰੲੇਂ ਵਿਚ ਲਗਭਗ 4000 ਕੈਮੀਕਲਜ਼ ਮੌਜੂਦ ਹੁੰਦੇ ਹਨ, ਜਿਨ੍ਹਾਂ ਵਿਚੋਂ ਬਹੁਤੇ ਇਕ ਤਰ੍ਹਾਂ ਨਾਲ ਜ਼ਹਿਰ ਹੀ ਹੁੰਦੇ ਹਨ। ਇਹੋ ਕਾਰਨ ਹੈ ਕਿ ਜ਼ਿਆਦਾ ਤੰਬਾਕੂਨੋਸ਼ੀ ਕਰਨ ਵਾਲਿਆਂ ਵਿਚ ਤੰਬਾਕੂ ਨਾ ਪੀਣ ਵਾਲਿਆਂ ਦੇ ਮੁਕਾਬਲੇ ਫੇਫੜਿਆਂ ਦੀ ਕੈਂਸਰ 15 ਤੋਂ 30 ਗੁਣਾ ਵਧ ਪਾਈ ਜਾਂਦੀ ਹੈ।
ਆਮ ਜਨਤਾ ਨੂੰ ਹਾਲੇ ਇਸ ਗੱਲ ਦਾ ਗਿਆਨ ਨਹੀਂ ਕਿ ਸਿਗਰਟ\ਬੀੜੀ ਦੇ ਧੁਖਦੇ ਸਿਰੇ ਤੋਂ ਨਿਕਲਦਾ ਧੂੰਆਂ (ਸੈਕਿੰਡ-ਹੈਂਡ ਧੂੰਆਂ), ਨਾਲ ਕੰਮ ਕਰਨ ਵਾਲਿਆਂ ਜਾਂ ਘਰ ਦੇ ਜੀਆਂ ਨੂੰ ਵੀ ਤੰਬਾਕੂਨੋਸ਼ੀ ਕਾਰਨ ਪੈਦਾ ਹੋਣ ਵਾਲੇ ਖ਼ਤਰਿਆਂ ਦੇ ਰੂ-ਬ-ਰੂ ਕਰ ਸਕਦਾ ਹੈ। ਡਾਕਟਰੀ ਵਿਗਿਆਨ ਦੇ ਖੇਤਰ ਵਿਚ ਅੱਜ ਇਹ ਇਕ ਖੂਬ ਜਾਣੀ-ਪਛਾਣੀ ਸੱਚਾਈ ਹੈ ਕਿ ਜ਼ਿਆਦਾ ਤੰਬਾਕੂ ਪੀਣ ਜਾਂ ਇਸ ਦੀ ਕਿਸੇ ਹੋਰ ਰੂਪ ਵਿਚ ਵਰਤੋਂ ਕਰਨ ਨਾਲ ਸੰਬੰਧਿਤ ਮਰਦ ਦੇ ਵੀਰਜ਼ ਵਿਚਲੇ ਸ਼ੁਕਰਾਣੂਆਂ ਵਿਚ ਵਿਗਾੜ ਆ ਸਕਦਾ ਹੈ, ਜੋ ਅੱਗੇ ਉਸ ਦੇ ਬੱਚਿਆਂ ਵਿਚ ਜਮਾਂਦਰੂ ਨੁਕਸਾਂ ਦਾ ਕਾਰਨ ਬਣ ਸਕਦਾ ਹੈ।
ਔਰਤਾਂ ਨੂੰ ਤਾਂ ਇਹ ਸ਼ੁਗਲ ਹੋਰ ਵੀ ਮਹਿੰਗਾ ਪੈਂਦਾ ਹੈ। ਕਿੰਗਜ਼ ਕਾਲਜ ਹਸਪਤਾਲ, ਲੰਦਨ ਵਿਖੇ ਨਿਯੁਕਤ ਔਰਤਾਂ ਦੀਆਂ ਬਿਮਾਰੀਆਂ ਦੇ ਇਕ ਮਾਹਿਰ ਡਾ: ਜੋਨ ਸਟੱਡ ਦਾ ਕਹਿਣਾ ਹੈ ਕਿ ਤੰਬਾਕੂਨੋਸ਼ੀ ਕਰਨ ਵਾਲੀਆਂ ਔਰਤਾਂ ਵਿਚ ਸੈਕਸ ਲਈ ਤੀਬਰ ਤਾਂਘ ਪੈਦਾ ਕਰਨ ਵਾਲੇ ਹਾਰਮੋਨ-ਐਸਟ੍ਰੋਜਨ ਦਾ ਉਤਪਾਦਨ ਘਟ ਜਾਂਦਾ ਹੈ। ਫਲਸਰੂਪ ਤੰਬਾਕੂਨੋਸ਼ੀ ਕਰਨ ਵਾਲੀਆਂ ਵਿਚ ਤੰਬਾਕੂ ਨਾ ਪੀਣ ਵਾਲੀਆਂ ਔਰਤਾਂ ਦੇ ਮੁਕਾਬਲੇ ਮਾਸਿਕ ਧਰਮ-ਚੱਕਰ ਲਗਭਗ ਪੰਜ ਸਾਲ ਪਹਿਲਾਂ ਬੰਦ ਹੋ ਜਾਂਦਾ ਹੈ। ਸੋ, ਤੰਬਾਕੂ ਪੀਣ ਵਾਲੀਆਂ ਔਰਤਾਂ, ਆਪਣੇ ਹਾਣ ਦੀਆਂ ਤੰਬਾਕੂ ਨਾ ਪੀਣ ਵਾਲੀਆਂ ਔਰਤਾਂ ਦੇ ਮੁਕਾਬਲੇ ਬਹੁਤ ਪਹਿਲਾਂ ਹੀ ਬੁੱਢੀਆਂ ਦੀ ਸੂਚੀ ਵਿਚ ਸ਼ਾਮਿਲ ਹੋ ਜਾਂਦੀਆਂ ਹਨ।
ਤੰਬਾਕੂਨੋਸ਼ੀ ਕਰਨ ਵਾਲੀ ਔਰਤ ਦਾ ਬੱਚਾ ਅਕਸਰ ਕਮਜ਼ੋਰ, ਰੋਗੀ ਅਤੇ ਸਮੇਂ ਤੋਂ ਪਹਿਲਾਂ ਜਨਮ ਲੈ ਲੈਂਦਾ ਹੈ। ਤੰਬਾਕੂ ਪੀਣ ਵਾਲੀਆਂ ਮਾਵਾਂ ਦੀ ਕੁੱਖੋਂ ਵਿਸ਼ਵ ਭਰ ਵਿਚ ਹਰ ਸਾਲ 30 ਲੱਖ ਹੈਂਡੀਕੈਪਡ ਬੱਚੇ ਜਨਮ ਲੈਂਦੇ ਹਨ।
ਉਪਰੋਕਤ ਤੱਥਾਂ ਦੀ ਰੌਸ਼ਨੀ ਵਿਚ ਵੇਖਿਆਂ, ਇਹ ਗੱਲ ਸਪੱਸ਼ਟ ਹੈ ਕਿ ਤੰਬਾਕੂ ਦੀ ਵਰਤੋਂ ਕਰਨ ਵਾਲਾ ਵਿਅਕਤੀ ਹੌਲੀ-ਹੌਲੀ ਸਰੀਰਕ ਪੱਖੋਂ ਦੀਵਾਲੀਆ ਹੋ ਜਾਂਦਾ ਹੈ। ਗੱਲ ਕੀ, ਤੰਬਾਕੂਨੋਸ਼ੀ ਸੰਬੰਧਿਤ ਵਿਅਕਤੀ ਦੀ ਸ਼ਖ਼ਸੀਅਤ ’ਤੇ ਮਾਰੂ ਸੱਟ ਮਾਰਦੀ ਹੈ।
ਮਾਹਿਰ ਮਹਿਸੂਸ ਕਰਦੇ ਹਨ ਕਿ ਜੇਕਰ ਤੰਬਾਕੂਨੋਸ਼ੀ ਦੇ ਵਧ ਰਹੇ ਰੁਝਾਨ ਨੂੰ ਤਤਕਾਲ ਹੀ ਨੱਥ ਨਾ ਪਾਈ ਗਈ ਤਾਂ ਆਉਣ ਵਾਲੇ ਦੋ ਦਹਾਕਿਆਂ ਵਿਚ ਤੰਬਾਕੂਨੋਸ਼ੀ ਨਾਲ ਜੁੜੀਆਂ ਬਿਮਾਰੀਆਂ ਤੇ ਮੌਤਾਂ ਦੀ ਦਰ ਦੁੱਗਣੀ ਹੋ ਜਾਣ ਦੀ ਸੰਭਾਵਨਾ ਹੈ। ਇਸ ਲਈ ‘ਤੰਬਾਕੂ ਜਾਂ ਸਿਹਤ’ ਦੋਵਾਂ ਵਿਚੋਂ ਚੋਣ ਤੁਸੀਂ ਆਪ ਕਰਨੀ ਹੈ।
ਕਹਾਵਤ ਹੈ, ‘ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ ਹੈ।’ ਯਾਦ ਰੱਖੋ! ਜੇ ਤੁਸੀਂ ਤੰਬਾਕੂ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਬੱਚੇ ਵੀ ਤੁਹਾਨੂੰ ਵੇਖ ਕੇ ਜ਼ਰੂਰ ‘ਰੰਗ ਫੜਨਗੇ।’ ਅਜਿਹਾ ਸ਼ਾਇਦ ਤੁਸੀਂ ਨਹੀਂ ਚਾਹੁੰਦੇ। ਜ਼ਰਾ ਧਿਆਨ ਦੇਣਾ! ਤੰਬਾਕੂਨੋਸ਼ੀ ਸਬੰਧੀ ਕੀਤੇ ਖੋਜ ਦੇ ਕੰਮ ਤੋਂ ਇਹ ਤੱਥ ਸਾਹਮਣੇ ਆਇਆ ਹੈ ਕਿ ਜੇਕਰ ਇਕ ਵਿਅਕਤੀ 20 ਸਾਲਾਂ ਦੀ ਉਮਰ ਤੱਕ ਤੰਬਾਕੂ ਦੀ ਵਰਤੋਂ ਤੋਂ ਪ੍ਰਹੇਜ਼ ਕਰਦਾ ਹੈ ਤਾਂ ਬਾਅਦ ਦੀ ਜ਼ਿੰਦਗੀ ਵਿਚ ਵੀ ਉਸ ਦੇ ਇਸ ਨਸ਼ੇ ਤੋਂ ਬਚੇ ਰਹਿਣ ਦੀਆਂ ਸੰਭਾਵਨਾਵਾਂ ਪੁਰ-ਉਮੀਦ ਹੁੰਦੀਆਂ ਹਨ। ਸੋ, ਇਸ ਤੱਥ ਤੋਂ ਸੇਧ ਲੈਂਦਿਆਂ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਜਵਾਨ ਹੋ ਰਹੇ ਬੱਚਿਆਂ ’ਤੇ ਨਿਗਰਾਨੀ ਰੱਖਣ।
ਤੰਬਾਕੂਨੋਸ਼ੀ ਦੀ ਆਦਤ ਸਬੰਧੀ ਕੀਤੇ ਗੲੇ ਸਰਵੇਖਣ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਜੇਕਰ ਇਕ ਸਿਗਰਟਨੋਸ਼ ਕਿਸੇ ਇਕ ਮਿਥੀ ਹੋਈ ਤਾਰੀਖ਼ ਨੂੰ ਪੂਰਾ ਦਿਨ ਸਿਗਰਟ ਨਹੀਂ ਪੀਂਦਾ ਤਾਂ ਇਹ ਸੰਭਵ ਹੈ ਕਿ ਉਹ ਆਪਣੀ ਇਸ ਆਦਤ ਤੋਂ, ਜੇ ਚਾਹੇ, ਛੁਟਕਾਰਾ ਪਾ ਸਕਦਾ ਹੈ। ਭਾਰਤ ਸਮੇਤ ਵਿਸ਼ਵ ਭਰ ਵਿਚ 31 ਮਈ ਦਾ ਦਿਨ ‘ਤੰਬਾਕੂ ਰਹਿਤ ਦਿਵਸ’ ਵਜੋਂ ਮਨਾਇਆ ਜਾ ਰਿਹਾ ਹੈ, ਯਾਨੀ ਤੰਬਾਕੂ ਦੀ ਵਰਤੋਂ ਤੋਂ ਪੂਰਾ ਦਿਨ ਪ੍ਰਹੇਜ਼ ਕਰਨ ਲਈ 31 ਮਈ ਦਾ ਦਿਨ ਨਿਸ਼ਚਿਤ ਕੀਤਾ ਜਾ ਚੁੱਕਾ ਹੈ। ਕੀ ਤੰਬਾਕੂ ਦੀ ਵਰਤੋਂ ਕਰਨ ਵਾਲੇ ਅਮਲੀ ਇਸ ਲੱਤ ਤੋ ਛੁਟਕਾਰਾ ਪਾਉਣ ਲਈ ਆਪਣੇ ਮੁਢਲੇ ਕਦਮ ਵਜੋਂ 31 ਮਈ ਨੂੰ ਪੂਰਾ ਦਿਨ ਤੰਬਾਕੂ ਦੀ ਵਰਤੋਂ ਤੋਂ ਪ੍ਰਹੇਜ਼ ਕਰਨਗੇ? ਇਸ ਸਵਾਲ ਦੇ ਜਵਾਬ ਵਿਚ ਦ੍ਰਿੜ੍ਹਤਾ ਨਾਲ ਤਾਂ ਕੁਝ ਕਿਹਾ ਨਹੀਂ ਜਾ ਸਕਦਾ ਪਰ...ਹਾਂ! ਆਸ ਜ਼ਰੂਰ ਕੀਤੀ ਜਾ ਸਕਦੀ ਹੈ।

ਡਾ: ਹਰਚੰਦ ਸਿੰਘ ਸਰਹਿੰਦੀ
(ਰੋਜ਼ਾਨਾ ਅਜੀਤ ਜਲੰਧਰ)

No comments: