13 May 2007

‘ਕਿੱਥੇ ਗੲੀਆਂ ਖੇਡਾਂ ਕਿੱਕਲੀ ਕਰੀਰ ਦੀਆਂ...’

ਪੰਜਾਬੀ ਲੋਕ-ਖੇਡਾਂ ਪੰਜਾਬੀ ਸੱਭਿਆਚਾਰਕ ਵਿਰਸੇ ਦੀ ਅਣਮੋਲ ਦੇਣ ਹਨ। ਇਹ ਅੱਜਕਲ੍ਹ ਅਲੋਪ ਹੋ ਰਹੀਆਂ ਹਨ ਪਰ ਬੱਚਿਆਂ ਲੲੀ ਇਨ੍ਹਾਂ ਦੀ ਬਹੁਤ ਮਹੱਤਤਾ ਹੈ। ਇਹ ਕਿਸੇ ਵੀ ਸਮੇਂ, ਕਿਸੇ ਵੀ ਉਮਰ ਦੇ ਬੱਚਿਆਂ ਵਿਚਕਾਰ, ਕਿਸੇ ਵੀ ਸਥਾਨ ’ਤੇ ਬਿਨਾਂ ਕਿਸੇ ਸੰਦ-ਸਾਧਨ ਜਾਂ ਕੀਮਤ ਦੇ ਖੇਡੀਆਂ ਜਾ ਸਕਦੀਆਂ ਹਨ। ਇਨ੍ਹਾਂ ਨੂੰ ਕਿਸੇ ਰੈਫਰੀ, ਕੋਚ ਆਦਿ ਦੀ ਜ਼ਰੂਰਤ ਨਹੀਂ ਹੁੰਦੀ। ਇਨ੍ਹਾਂ ਵਿਚ ਲਿੰਗ ਦਾ ਕੋੲੀ ਬੰਧਨ ਨਹੀਂ ਹੁੰਦਾ। ਇਨ੍ਹਾਂ ਨੂੰ ਕੁੜੀਆਂ-ਮੁੰਡੇ ਰਲ ਕੇ ਖੇਡਦੇ ਹਨ। ਇਨ੍ਹਾਂ ਦੇ ਗੀਤ ੲੇਨੇ ਸਾਦੇ ਤੇ ਹਰਮਨ-ਪਿਆਰੇ ਹਨ ਕਿ ਬੱਚਿਆਂ ਨੂੰ ਆਪਮੁਹਾਰੇ ਹੀ ਮੂੰਹ ਚੜ੍ਹ ਜਾਂਦੇ ਹਨ। ਇਨ੍ਹਾਂ ਵਿਚ ਬੱਚਿਆਂ ਦੀਆਂ ਭਾਵਨਾਵਾਂ ਹੁੰਦੀਆਂ ਹਨ। ਇਨ੍ਹਾਂ ਵਿਚ ਛੰਦਾਬੰਦੀ ਦਾ ਕੋੲੀ ਖਾਸ ਸਿਧਾਂਤ ਨਹੀਂ ਹੁੰਦਾ ਪਰ ਇਕ ਤੁਕਾਂਤ ਜੁੜਦਾ ਚਲਿਆ ਜਾਂਦਾ ਹੈ। ਜੇ ਨਾ ਵੀ ਜੁੜੇ ਤਾਂ ਪ੍ਰਵਾਹਮੲੀ ਹੁੰਦਾ ਹੈ। ਗੀਤ ਦੇ ਨਾਲ-ਨਾਲ ਕਿਰਿਆ ਕਰਨ ਦਾ ਵੇਗ ਵੀ ਵਧਦਾ ਚਲਾ ਜਾਂਦਾ ਹੈ। ਇਨ੍ਹਾਂ ਨਾਲ ਜਿਥੇ ਬੱਚੇ ਦੀ ਸਰੀਰਕ ਕਸਰਤ ਹੁੰਦੀ ਹੈ, ਉਥੇ ਮਾਨਸਿਕ, ਬੌਧਿਕ ਤੇ ਭਾਵਨਾਤਮਿਕ ਵਿਕਾਸ ਵੀ ਹੁੰਦਾ ਹੈ। ਉਨ੍ਹਾਂ ਦਾ ਆਪਸ ਵਿਚ ਮੇਲ-ਮਿਲਾਪ, ਤਾਲਮੇਲ ਤੇ ਪਿਆਰ ਵੀ ਵਧਦਾ ਹੈ, ਜੋ ਸਥਾੲੀ ਤੌਰ ’ਤੇ ਕਾਇਮ ਰਹਿੰਦਾ ਹੈ।
ਇਹੀ ਪੁਰਾਣੇ ਪੇਂਡੂ ਭਾੲੀਚਾਰੇ ਦਾ ਆਧਾਰ ਬਣਦਾ ਸੀ। ਭਾਵੇਂ ਇਨ੍ਹਾਂ ਪਿੱਛੇ ਕੋੲੀ ਇਨਾਮ/ਸਰਟੀਫਿਕੇਟ ਨਹੀਂ ਹੁੰਦਾ ਪਰ ਫਿਰ ਵੀ ਬੱਚੇ ਇਨ੍ਹਾਂ ਵਿਚੋਂ ੲੇਨੀ ਖੁਸ਼ੀ ਅਨੁਭਵ ਕਰਦੇ ਹਨ ਜੋ ਉਨ੍ਹਾਂ ਨੂੰ ਹੋਰ ਕਿਸੇ ਪਾਸਿਓਂ ਨਹੀਂ ਮਿਲ ਸਕਦੀ। ਇਨ੍ਹਾਂ ਦੇ ਤੋਤਲੇ-ਮੋਤਲੇ ਵਿਚਾਰਾਂ ਤੋਂ ਪਤਾ ਲਗਦਾ ਹੈ ਕਿ ਇਨ੍ਹਾਂ ਦੀ ਸਿਰਜਣਾ ਬੱਚਿਆਂ ਦੁਆਰਾ ਹੀ ਹੋੲੀ ਹੋਵੇਗੀ। ਇਨ੍ਹਾਂ ਦੁਆਰਾ ਬੱਚਿਆਂ ਦੀਆਂ ਕੲੀ ਸਰੀਰਕ ਕਮੀਆਂ ਵੀ ਦੂਰ ਹੋ ਰਹੀਆਂ ਹਨ, ਖਾਸ ਤੌਰ ’ਤੇ ਗਿਆਨ ਇੰਦਰੀਆਂ ਨਾਲ ਸੰਬੰਧਿਤ ਜਿਵੇਂ ਝਾਕਾ ਖੁੱਲ੍ਹਣਾ, ਬੋਲ ਸੁਣਨ ਬਾਰੇ ਚੇਤੰਨ ਰਹਿਣਾ, ਛੇਤੀ ਨਿਗ੍ਹਾ ਘੁੰਮਾਉਣਾ, ਛੋਹ ਦਾ ਅਹਿਸਾਸ ਕਰਨਾ ਆਦਿ। ਇਨ੍ਹਾਂ ਨਾਲ ਬੱਚਿਆਂ ਵਿਚ ਚੁਸਤੀ, ਚੇਤੰਨਤਾ, ਸਫੁਰਤੀ, ਤੇਜ਼ੀ, ਸਰੀਰਕ ਲੱਚਕਤਾ ਵਧਦੀ ਹੈ। ਬੱਚੇ ਦੀ ਫੈਸਲਾ ਲੈਣ ਦੀ ਸੂਝ ਤੇ ਜ਼ਿੰਮੇਵਾਰੀ ਦੀ ਭਾਵਨਾ ਦਾ ਵਿਕਾਸ ਹੁੰਦਾ ਹੈ। ਇਨ੍ਹਾਂ ਵਿਚੋਂ ਕੁਝ ਇਕ ਲੋਕ-ਖੇਡਾਂ ਸਬੰਧੀ ਗੀਤਾਂ ਦੇ ਨਮੂਨੇ ਇਹ ਹਨ :

ਹਰਾ ਸਮੁੰਦਰ
ਗੋਪੀ ਚੰਦਰ
ਬੋਲ ਮੇਰੀ ਮਛਲੀ
ਕਿੰਨਾ ਕਿੰਨਾ ਪਾਣੀ
-----
ਗੋਡੇ-ਗੋਡੇ ਪਾਣੀ
-----
ਲੱਕ-ਲੱਕ ਪਾਣੀ...
-----
ਕੋਟਲਾ ਛਪਾਕੀ
ਜੁਮੇਰਾਤ ਆੲੀ ਜੇ
ਜਿਹੜਾ ਅੱਗੇ-ਪਿੱਛੇ ਦੇਖੇ
ਉਹਦੀ ਸ਼ਾਮਤ ਆੲੀ ਜੇ।
-----
ਉੱਕੜ-ਦੁੱਕੜ ਭੰਬਾ ਭੌ
ਅੱਸੀ-ਨੱਬੇ ਪੂਰਾ ਸੌ।
ਸੌ ਗਲੋਟਾ ਤਿੱਤਰ ਮੋਟਾ
ਚੱਲ ਮਦਾਰੀ ਪੈਸਾ ਖੋਟਾ।
-----
ਭੰਡਾ ਭੰਡਾਰੀਆ
ਕਿੰਨਾ ਕੁ ਭਾਰ
ਇਕ ਮੁੱਠੀ ’ਤਾਰ ਲੈ
ਦੂਜੀ ਨੂੰ ਸਵਾਰ ਲੈ।
-----
ਕਿੱਕਲੀ ਕਲੀਰ ਦੀ
ਪੱਗ ਮੇਰੇ ਵੀਰ ਦੀ।
ਦੁਪੱਟਾ ਮੇਰੀ ਭੈਣ ਦਾ,
ਘੱਗਰਾ ਨਰਾਇਣ ਦਾ।
ਮੈਂ ਕਿਹੜੀ ਕਿੱਲੀ ਟੰਗਾਂ
ਨੀ ਮੈਂ ੲੇਸ ਕਿੱਲੀ ਟੰਗਾਂ
ਨੀ ਮੈਂ ਓਸ ਕਿੱਲੀ ਟੰਗਾਂ।

-ਡਾ: ਨਵਪ੍ਰੀਤ ਕੌਰ,
ਮਕਾਨ ਨੰ: 1157, ਸੈਕਟਰ-68, ਮੁਹਾਲੀ।
(ਅਜੀਤ ਜਲੰਧਰ ਵਿੱਚੋਂ ਧੰਨਵਾਦ ਸਹਿਤ)

No comments: