28 May 2007

...ਦੁੱਧ ’ਚ ਮਧਾਣੀ ਨੱਚਦੀ

ਮਧਾਣੀ ਚੁੱਲ੍ਹੇ-ਚੌਕੇ ਦਾ ਅਹਿਮ ਅੰਗ ਰਹੀ ਹੈ। ਇਸ ਦਾ ਦੁੱਧ ਨਾਲ ਗੂੜ੍ਹਾ ਸਬੰਧ ਤੇ ਘਰ ਦੀ ਸੁਆਣੀ ਨਾਲ ਅਹਿਮ-ਖਾਸ ਰਿਸ਼ਤਾ ਵੀ ਰਿਹਾ ਹੈ। ਘਰ ਦੀ ਸੁਆਣੀ ਇਸ ਨਾਲ ਹੀ ਦੁੱਧ ਤੋਂ ਬਣੇ ਦਹੀਂ ਚਾਟੀ ਵਿਚ ਪਾ ਕੇ ਰਿੜਕਦਿਆਂ ਮੱਖਣ ਤਿਆਰ ਕਰਦੀ ਰਹੀ ਹੈ।
ਇਸ ਸਭ ਕਾਸੇ ਲਈ ਸਵੇਰ ਤੋਂ ਹੀ ਦੁੱਧ ਨੂੰ ਕਾੜ੍ਹਨੇ (ਮਿੱਟੀ ਦਾ ਘੜਾਨੁਮਾ ਬਰਤਨ) ਵਿਚ ਪਾ ਕੇ ਗੋਹਿਆਂ ਦੀ ਮੱਠੀ-ਮੱਠੀ ਅੱਗ ਉੱਪਰ ਕੜ੍ਹਨ ਲਈ ਰੱਖ ਦਿੱਤਾ ਜਾਂਦਾ। ਦੋ-ਚਾਰ ਘੰਟਿਆਂ ਬਾਅਦ ਗੋਹਿਆਂ ਦੀ ਅੱਗ ਬੁਝ ਜਾਂਦੀ ਤੇ ਦੁੱਧ ਉੱਪਰ ਮਲਾਈ ਦੀ ਮੋਟੀ ਤਹਿ ਬਣ ਜਾਂਦੀ। ਰਾਤ ਵੇਲੇ ਇਸ ਦੁੱਧ ਨੂੰ ਲੋੜੀਂਦੇ ਤਾਪਮਾਨ ਵਿਚ ਰੱਖ ਕੇ ਥੋੜ੍ਹੀ ਜਿਹੀ ਮਾਤਰਾ ਵਿਚ ਖਟਿਆਈ (ਜਿਵੇਂ ਪਹਿਲਾਂ ਬਣੇ ਦਹੀਂ/ਆਚਾਰ/ਨਿੰਬੂ) ਦੀ ਜਾਗ ਲਾ ਦਿੱਤੀ ਜਾਂਦੀ, ਜਿਸ ਦੀ ਰਸਾਇਣਕ ਕਿਰਿਆ ਨਾਲ ਦੁੱਧ ਤੋਂ ਦਹੀਂ ਬਣ ਜਾਂਦਾ। ਦਹੀਂ ਦਾ ਸੁਆਦ ਇਸ ਜਾਗ ’ਤੇ ਨਿਰਭਰ ਕਰਦਾ ਜੋ ਸੁਆਣੀ ਦੀ ਸੂਝ-ਸਿਆਣਪ ਦੀ ਪਰਖ ਹੋ ਨਿੱਬੜਦੀ। ਘਰ ਦਾ ਸੁਖਾਵਾਂ ਮਾਹੌਲ ਜਿਥੇ ਪਰਿਵਾਰਕ ਮਮਤਾ ਤੇ ਆਪਸੀ ਥਪਾਕ ਨੂੰ ਬਣਾਈ ਰੱਖਦਾ ਹੈ, ਉਥੇ ਸੂਝ-ਸਿਆਣਪ ਨੂੰ ਵੀ ਹੋਰ ਬੱਲ ਮਿਲਦਾ ਰਹਿੰਦਾ ਹੈ। ਇਸ ਦੇ ਉਲਟ ਤਣਾਅ ਭਰਿਆ ਮਾਹੌਲ ਤਾਂ ਕਈ ਵਾਰ ਬਣੇ-ਬਣਾੲੇ ਕੰਮ ਵਿਗਾੜ ਕੇ ਰੱਖ ਦਿੰਦਾ ਹੈ।
ਸੁਖਾਵੇਂ ਮਾਹੌਲ ’ਚ ਕੀਤੇ ਕੰਮ ਸੋਹਜ-ਸੁਆਦ ਨਾਲ ਨੱਕੋ-ਨੱਕ ਭਰੇ ਹੁੰਦੇ ਹਨ, ਕਿਉਂਕਿ ਇਸ ਮਾਹੌਲ ਵਿਚ ਕੀਤੇ ਗੲੇ ਕਾਜ-ਵਿਹਾਰਾਂ ’ਤੇ ਤਨ, ਮਨ ਤੇ ਸੂਝ ਦੀ ਵਰਤੋਂ ਹੋਈ ਹੁੰਦੀ ਹੈ। ਸੁਖਾਵੇਂ ਮਾਹੌਲ ਵਿਚ ਦੁੱਧ ਨੂੰ ਲੱਗੀ ਜਾਗ ਨਾਲ ਜਾਇਕੇਦਾਰ ਦਹੀਂ ਬਣਦਾ ਹੈ। ਇਸ ਦਹੀਂ ਨੂੰ ਜਦ ਸੁਆਣੀ ਚਾਟੀ ਵਿਚ ਪਾ ਕੇ ਮਧਾਣੀ ਨੂੰ ਗੇੜਾ ਦਿੰਦੀ ਹੈ ਤਾਂ ਮਾਨੋ ਮਧਾਣੀ ਨੱਚ ਉਠਦੀ ਹੈ :
‘ਮੇਰੀਆਂ ਬਾਹਾਂ ’ਤੇ ਨੱਚਦੀਆਂ ਚੂੜੀਆਂ ਤੇ ਦੁੱਧ ’ਚ ਮਧਾਣੀ ਨੱਚਦੀ।’
ਕਦੇ ਸਮਾਂ ਸੀ ਜਦ ਇੰਜ ਚਲਦੀਆਂ ਮਧਾਣੀਆਂ ਦੀ ਮਧੁਰ ਆਵਾਜ਼ ਕੰਨਾਂ ’ਚ ਮਿਸ਼ਰੀ ਘੋਲੀ ਰੱਖਦੀਆਂ ਤੇ ਚਾਟੀ ’ਚੋਂ ਉਠਦੀ ਮਹਿਕ ਆਲੇ-ਦੁਆਲੇ ਨੂੰ ਸੁਗੰਧਿਤ ਕਰੀ ਰੱਖਦੀ। ਘਰ-ਪਰਿਵਾਰ ਦਾ ਗੱਭਰੂ ਵੀ ਛੰਨਾ\ਕੌਲ\ਗਲਾਸ ਲੈ ਕੇ ਆਣ ਪੀੜ੍ਹੀ ’ਤੇ ਬਹਿੰਦਾ ਤੇ ‘ਅੱਧ-ਰਿੜਕੇ’ ਨੂੰ ਪੀ ਕੇ ਸਰਸ਼ਾਰ ਹੋ ਉਠਦਾ ਤੇ ਫਿਰ ਕੰਮਕਾਜ ਲਈ ਨਿਕਲ ਤੁਰਦਾ। ਸਮਾਂ ਬਦਲਣ ਨਾਲ ਸਾਡੇ ਕਾਰ-ਵਿਹਾਰ ਤੇ ਖਾਣ-ਪੀਣ ਵਿਚ ਵੀ ਕਾਫੀ ਤਬਦੀਲੀ ਆ ਚੁੱਕੀ ਹੈ। ਹੁਣ ਕੋਈ ਵਿਰਲਾ ਘਰ ਹੀ ਹੋਵੇਗਾ ਕਿ ਜਿਥੇ ਸੁਆਣੀ ਹੱਥੀਂ ਦੁੱਧ ਰਿੜਕਦੀ ਹੋਵੇਗੀ ਤੇ ਕੋਈ ਗੱਭਰੂ ‘ਅੱਧ-ਰਿੜਕਾ’ ਪੀਣ ਲਈ ਤਿਆਰ ਹੁੰਦਾ ਹੋਵੇਗਾ। ਹੁਣ ਤਾਂ ਮਧਾਣੀਆਂ ਵੀ ਬਿਜਲੀ ’ਤੇ ਚੱਲਣ ਲੱਗ ਪਈਆਂ ਹਨ ਤੇ ਸਾਡੀ ਜਾਗ ਵੀ ਚਾਹ ਖਾਸ ਕਰਕੇ ‘ਬਿਸਤਰ ਚਾਹ’ (ਬੈੱਡ ਟੀ) ਨਾਲ ਹੀ ਖੁੱਲ੍ਹਦੀ ਹੈ।

ਲਖਵਿੰਦਰ ਸਿੰਘ ਰਈਆ ਹਵੇਲੀਆਣਾ
ਐਸ. ਐਸ. ਮਾਸਟਰ, ਸ. ਹਾ. ਸਕੂਲ, ਚੀਮਾ ਬਾਠ (ਅੰਮ੍ਰਿਤਸਰ)-143112
(ਰੋਜ਼ਾਨਾ ਅਜੀਤ ਜਲੰਧਰ)

No comments: