ਕੁਝ ਚਿਰ ਪਹਿਲਾਂ ਡਾ: ਪ੍ਰਤਾਪ ਸਿੰਘ ਦੀ ਕਵਿਤਾ ‘ਪੁਰਾਣੇ ਪੰਜਾਬ ਨੂੰ ਆਵਾਜ਼ਾਂ’ ਪਤਾ ਨਹੀਂ ਮੈਂ ਕਿਸ ਮੈਗਜ਼ੀਨ ਵਿਚ ਪੜ੍ਹੀ ਸੀ। ਕਵਿਤਾ ਪੜ੍ਹ ਕੇ ਇੰਜ ਲੱਗਿਆ ਜਿਵੇਂ ਮੈਂ ਕਈ ਦਹਾਕੇ ਪੁਰਾਣੇ ਆਪਣੇ ਪਿੰਡ ਪਹੁੰਚ ਗਿਆ ਹੋਵਾਂ। ਮੈਨੂੰ ਲੱਗਾ ਜਿਵੇਂ ਮੈਂ ਘਰ ਤੋਂ ਥੋੜ੍ਹਾ ਦੂਰ ਖੇਤਾਂ ਵਿਚ ਦੋ ਵੱਡੇ-ਵੱਡੇ ਵੀਲਾਂ ਵਾਲੇ ਅੱਠ ਹਾਰਸ ਪਾਵਰ ਦੇ ਇੰਜਣ ਦੀ ਠੁੱਕ-ਠੁੱਕ ਤੇ ਪੁਲੀ ’ਤੇ ਚੜ੍ਹੇ ਪਟੇ ਦੇ ਜੋੜ ਦੀ ਚਪੇੜ ਵਰਗੀ ਆਵਾਜ਼ ਦੇ ਨਾਲ-ਨਾਲ ਆਲੂ (ਪਾਣੀ ਡਿਗ ਡਿਗ ਧਰਤੀ ਵਿਚ ਬਣਿਆ ਟੋਆ) ਵਿਚ ਡਿਗਦੇ ਪਾਣੀ ਦੀ ਛਹਿਬਰ ਤੇ ਖਾਲ ਵਿਚ ਵਗਦੇ ਪਾਣੀ ਦੀ ਕਲਕਲ ਵਿਚ ਮੈਂ ਕਿਧਰੇ ਗੁਆਚ ਗਿਆ ਹੋਵਾਂ। ਮੈਨੂੰ ਲੱਗਾ ਜਿਵੇਂ ਨੇੜੇ ਉੱਗੇ ਵੱਡੇ ਬੋਹੜ ਦੀ ਸੰਘਣੀ ਛਾਂ ਨੇ ਮੈਨੂੰ ਆਪਣੀ ਆਗੋਸ਼ ਵਿਚ ਲੈ ਲਿਆ ਹੋਵੇ। ਦੂਜੇ ਹੀ ਪਲ ਇਉਂ ਲੱਗਿਆ ਜਿਵੇਂ ਵਿਹੜੇ ਵਿਚ ਨਿੰਮ, ਧਰੇਕ ਤੇ ਸ਼ਰੀਂਹ ਦੀ ਰਲਵੀਂ ਛਾਵੇਂ ਮੰਜੀ ਦੀ ਦੌਣ (ਪਿਆਂਦਾ) ਕੱਸਦਾ ਬਾਪੂ ਮੈਨੂੰ ਆਵਾਜ਼ਾਂ ਪਿਆ ਮਾਰਦਾ ਹੋਵੇ ਪਰ ਮੈਂ ਘਰ ਦੇ ਪਿਛਵਾੜੇ ਕੰਧ ਦੇ ਨਾਲ ਰਹਿੰਦੀ ਛਾਂ ਕਾਰਨ ਸਿੱਲ ਵਿਚ ਉੱਗੀਆਂ ਪੀਲਕਾਂ ਨਾਲੋਂ ਕਾਲੀਆਂ ਪੱਕ ਚੁੱਕੀਆਂ ਰਸੀਆਂ ਪੀਲਕਾਂ ਪਿਆ ਖਾਂਦਾ ਹੋਵਾਂ। ਦਿਨ ਦਾ ਪਹਿਲਾ ਪਹਿਰ ਢਲਦੇ ਈ ਦੁਪਹਿਰ ਵੇਲੇ ਜਿਵੇਂ ਮਾਂ ਮੈਨੂੰ ਤੰਦੂਰੇ ਲਾਈਆਂ ਰੋਟੀਆਂ, ਪਿਆਜ਼, ਪੂਤਨੇ ਤੇ ਗੁੜ ਨਾਲ ਬਣਾਈ ਚਟਨੀ ਨਾਲ ਖਾਣ ਨੂੰ ਆਖ ਰਹੀ ਹੋਵੇ ਤੇ ਮੈਂ ਕਿਸੇ ਸੰਘਣੇ ਤੂਤ ਦੀ ਦੋਸਾਂਗ ’ਤੇ ਬੈਠਾ ਲਾਲ ਉਨਾਭੀ ਗੋਹਲਾਂ ਖਾ-ਖਾ ਰੱਜ ਗਿਆ ਹੋਵਾਂ। ਬਾਪੂ ਕੱਚੀ ਲੱਸੀ ਦੇ ਘੁੱਟ ਨਾਲ ਤੰਦੂਰ ਦੀ ਮੋਟੀ ਪਰ ਲਜ਼ੀਜ਼ ਰੋਟੀ ਦੀ ਬੁਰਕੀ ਅੰਦਰ ਲੰਘਾਉਂਦਾ ਮੈਨੂੰ ਗਾਲ੍ਹਾਂ ਪਿਆ ਕੱਢਦਾ ਹੋਵੇ ਤੇ ਮੈਂ ਜਾਣੋ ਆਪਣੀ ਹੀ ਮਸਤੀ ਵਿਚ ਮਸਤ ਪਿੰਡ ਦੀ ਵੱਡੀ ਢਾਬ ਵਿਚ ਮੱਝਾਂ ਦੀਆਂ ਪੂਛਾਂ ਫੜ ਕੇ ਤਾਰੀਆਂ ਪਿਆ ਲਾਉਂਦਾ ਹੋਵਾਂ।
ਸੱਚਮੁੱਚ ਹੀ ਤੁਹਾਨੂੰ ਭਾਵੇਂ ਯਕੀਨ ਨਾ ਆਉਂਦਾ ਹੋਵੇ ਪਰ ਇਹ ਕਿਸੇ ਸੁਪਨੇ ਪਿੱਛੇ ਲੁਕੀ ਹਕੀਕਤ ਵਾਂਗ ਸੱਚ ਹੈ ਪਰ ਹੁਣ ਮਹਿਜ਼ ਇਕ ਸੁਪਨਾ ਲਗਦਾ ੲੇ, ਸਿਰਫ ਇਕ ਸੁਪਨਾ। ਅੱਜ ਭਾਵੇਂ ਬਾਜ਼ਾਰ ਵਿਚ ਮਾਡਰਨ ਜ਼ਮਾਨੇ ਦੀਆਂ 36 ਸੌ ਚੀਜ਼ਾਂ ਦੀ ਲੱਜਤ ਅਸੀਂ ਚੱਖੀ ਹੋਵੇਗੀ, ਜਿਹੜੀ ਬਾਅਦ ਵਿਚ ਪਾਣੀ ਪੀਂਦੇ ਸਾਰ ਹੀ ਮੂੰਹ ਵਿਚੋਂ ਗਾਇਬ ਹੋ ਜਾਂਦੀ ੲੇ ਪਰ ਪੁਰਾਣੇ ਸਮੇਂ ਵਿਚ ਜੋ ਘਰੇਲੂ, ਕੁਦਰਤੀ ਅਤੇ ਰਵਾਇਤੀ ਵਸਤਾਂ ਦਾ ਸਵਾਦ ਸੀ, ਉਹ ਅੱਜ ਵੀ ਸਿਰਫ ਉਨ੍ਹਾਂ ਚੀਜ਼ਾਂ ਦਾ ਨਾਂਅ ਸੁਣ ਕੇ ਹੀ ਮੂੰਹ ਵਿਚ ਆਪਮੁਹਾਰੇ ਹੀ ਆ ਜਾਂਦਾ ੲੇ ਤੇ ਕਈ ਵਾਰੀ ਤਾਂ ਮੂੰਹ ’ਚ ਪਾਣੀ ਆ ਜਾਂਦਾ ਹੈ। ਖੇਤਾਂ ’ਚੋਂ ਪੁੱਟ ਕੇ ਲਿਆਂਦੇ ਹਰੇ ਛੋਲਿਆਂ ਦੀਆਂ ਭੁੱਜੀਆਂ ਹੋਲਾਂ ਤੇ ਨਰਮ-ਨਰਮ, ਕੂਲੀਆਂ-ਕੂਲੀਆਂ ਭੁੱਜੀਆਂ ਛੱਲੀਆਂ ਦੀ ਮਹਿਕ ਹੀ ਜਾਣੋ ਸਾਰੇ ਵਜੂਦ ਵਿਚ ਫੈਲ ਜਾਂਦੀ ੲੇ ਤੇ ਸਵਾਦ ਦਾ ਅੰਦਾਜ਼ਾ ਤੁਸੀਂ ਆਪੇ ਈ ਲਾ ਸਕਦੇ ਹੋ।
ਸਕੂਲ ਤੋਂ ਬਾਅਦ ਗਰਮੀਆਂ ਦੀ ਕਿਸੇ ਸ਼ਾਮ ਜਦੋਂ ਡੰਗਰ ਚਾਰ ਕੇ ਘਰ ਪਰਤਦਾ ਤਾਂ ਮਾਂ ਨੇ ਵੀ ਤਵੇ ’ਤੇ ਵੇਸਣ ਦੀ ਕੜ੍ਹੀ ਵਿਚ ਪਾਉਣ ਲਈ ਵੇਸਣ ਦੀਆਂ ਟਿੱਕੀਆਂ ਬਣਾਉਂਦੀ ਹੋਣਾ। ਚੰਗੇਰ ਵਿਚੋਂ ਚੋਰੀ-ਚੋਰੀ ਟਿੱਕੀ ਚੁੱਕ ਲੈਣੀ ਤੇ ਮਾਂ ਦੀਆਂ ਮਿੱਠੀਆਂ ਮੋਹ ਭਰੀਆਂ ਗਾਲ੍ਹਾਂ ਨਾਲ ਸਵਾਦ ਲਾ-ਲਾ ਖਾਣੀ। ਸਾਉਣ ਮਹੀਨੇ ਬਰਸਾਤਾਂ ਵਿਚ ਗੁੜ, ਭੁੱਜੇ ਦਾਣੇ, ਦਾਣੇਦਾਰ ਸਿਰਕਾ ਅਤੇ ਮਿੱਠੀਆਂ ਚੀਜ਼ਾਂ ਖਾ-ਖਾ ਕੇ ਤੇ ਗੰਦੇ ਪਾਣੀ ਵਿਚ ਫਿਰ-ਫਿਰ ਕੇ ਜਦ ਫੋੜੇ-ਫਿਨਸੀਆਂ ਨਿਕਲ ਆਉਣੇ ਤਾਂ ਮਾਂ ਨੇ ਕੌੜਾ ਨਿੰਮ ਵਰਗਾ ਚਾਸਕੂ ਖੁਆ-ਖੁਆ ਕੇ ਹੀ ਠੀਕ ਕਰ ਦੇਣੇ। ਸਾਵੇਂ ਵਾਲੇ ਦਿਨ ਦੁੱਧ ਦੀ ਫਿੱਕੀ ਖੀਰ ਤੇ ਮਿੱਠੇ ਪੂੜੇ ਜਦ ਮੂਹਰੇ ਆਉਣੇ ਤਾਂ ਹਨੇਰੀਆਂ ਲਿਆ ਦੇਣੀਆਂ ਖਾਣ ਵਾਲੀਆਂ। ਉਨ੍ਹਾਂ ਵੱਡੇ-ਵੱਡੇ ਪੂੜਿਆਂ ਦੀ ਲੱਜ਼ਤ ਅੱਜ ਤਾਈਂ ਵੀ ਮੂੰਹ ਵਿਚ ਘੁਲੀ ਫਿਰਦੀ ੲੇ। ਰਾਤ ਵੇਲੇ ਘਰ ਦੇ ਬਣਾੲੇ ਦਹੀਂ ਵਿਚ ਮਾਹਾਂ ਦੀ ਦਾਲ ਦੇ ਬਣਾੲੇ ਭੱਲੇ ਪਾ ਕੇ ਪੂਤਨੇ ਦੇ ਪੱਤਿਆਂ ਦੇ ਨਾਲ ਸਜਾ ਕੇ ਖਾਣ ਦਾ ਆਨੰਦ ਅੱਜ ਕਿਥੇ ਲੱਭਦੈ?
ਸਿਆਲ ਸ਼ੁਰੂ ਹੁੰਦੇ ਹੀ ਅਲਸੀ ਅਤੇ ਚੌਲਾਂ ਦੇ ਆਟੇ ਦੀਆਂ ਪਿੰਨੀਆਂ ਬਣ ਜਾਣੀਆਂ ਤੇ ਪੂਰਾ ਸਿਆਲ ਮਜ਼ਾਲ ੲੇ ਕਿਤੇ ਠੰਢ ਲੱਗ ਜਾਣੀ। ਗੁਲਗਲੇ, ਘੁੰਗਣੀਆਂ, ਮਿਸੇ-ਮਿੱਠੇ ਮੰਡੇ, ਜੌਂਆਂ ਦੇ ਸੱਤੂ, ਤਲੀ ਛਿਟ, ਸੱਜਰ ਸੂਈ ਮੱਝ ਦੇ ਦੁੱਧ ਦੀ ਬੌਲਵੀ, ਚੂੰਡੀ, ਲੱਸੀ ਦਾ ਪਨੀਰ ਜਿਹਨੂੰ ਛਿੱਡੀ ਕਹਿੰਦੇ ਸੀ ਆਦਿ ਚੀਜ਼ਾਂ ਬਾਰੇ ਤਾਂ ਅੱਜ ਦੀ ਪੀੜ੍ਹੀ ਸ਼ਾਇਦ ਹੀ ਜਾਣਦੀ ਹੋਵੇ ਤੇ ਇਨ੍ਹਾਂ ਦੇ ਸਵਾਦ ਤੋਂ ਤਾਂ ਕੋਹਾਂ ਦੂਰ ੲੇ।
ਮੈਨੂੰ ਅਜੇ ਵੀ ਯਾਦ ੲੇ ਜਦ ਰੋਹੀ ਵਿਚ ਡੰਗਰ ਚਾਰਨ ਜਾਣਾ ਤਾਂ ਡੰਗਰਾਂ ਨੂੰ ਸੱਕੀ (ਨਹਿਰ) ਵਿਚ ਵਾੜ ਕੇ ਆਪ ਧੁੱਸੀ (ਬੰਨ੍ਹ) ਦੇ ਉੱਪਰ ਉੱਗੇ ਮਲ੍ਹਿਆਂ ਦੇ ਬੇਰ ਤੋੜ-ਤੋੜ ਖਾਂਦੇ ਰਹਿਣਾ ਤੇ ਜਾਂ ਫਿਰ ਉਥੋਂ ਉੱਗੀ ਛਿਤਰ ਥੋਰ੍ਹ ਨਾਲ ਲੱਗੀਆਂ ਲਾਲ-ਗੁਲਾਬੀ ਕੁੱਪੀਆਂ ਖਾਂਦੇ ਰਹਿਣਾ, ਜਿਨ੍ਹਾਂ ਦੀ ਕੰਡ ਫਿਰ ਸਾਰੀ ਰਾਤ ਲੜਦੀ ਰਹਿੰਦੀ। ਸਾਉਣ ਮਹੀਨੇ ਜਦ ਭਾਰੀ ਬਰਸਾਤਾਂ ਹੋਣੀਆਂ ਤਾਂ ਛੱਪੜਾਂ, ਟੋਭਿਆਂ ਇਥੋਂ ਤੱਕ ਕਿ ਨੀਵੀਆਂ ਰੋਹੀਆਂ ਵਿਚ ਕਈ-ਕਈ ਮਹੀਨੇ ਪਾਣੀ ਖੜ੍ਹ ਜਾਣਾ ਤੇ ਉਸ ਵਿਚ ਚਿੱਟੇ-ਚਿੱਟੇ ਕਮਲ ਦੇ ਫੁੱਲ ਖਿੜ ਆਉਣੇ, ਜਿਹੜੇ ਕਿ ਸਾਡੇ ਬਾਲ-ਮਨਾਂ ਵਾਂਗ ਪਵਿੱਤਰ ਪਾਕ ਹੋਣੇ। ਇਨ੍ਹਾਂ ਕਮਲ ਦੇ ਫੁੱਲਾਂ ਦੀਆਂ ਜੜ੍ਹਾਂ ਜੋ ਕਿ ਥੱਲੇ ਪਾਣੀ ਵਿਚ ਹੁੰਦੀਆਂ, ਵਿਚ ਗੋਲ-ਗੋਲ ਡੋਡੇ ਲੱਗੇ ਹੁੰਦੇ, ਜਿਨ੍ਹਾਂ ਨੂੰ ਨਾਪੇ ਕਹਿੰਦੇ ਸੀ। ਉਨ੍ਹਾਂ ਵਿਚ ਖਸ਼ਖਸ਼ ਵਰਗੇ ਬਰੀਕ ਦਾਣੇ ਨਿਕਲਣੇ। ਉਹ ਭਾਵੇਂ ਉਂਜ ਖਾ ਲਓ ਜਾਂ ਭੁੰਨ ਕੇ ਡਾਢੇ ਸਵਾਦ ਹੁੰਦੇ। ਇਵੇਂ ਹੀ ਤੂੜੀ ਵਾਲੇ ਮੂਸਲਾਂ (ਕੁੱਪਾਂ) ਦੇ ਚਾਰ-ਚੁਫੇਰੇ, ਮਲ੍ਹਿਆਂ ਦੇ ਥੱਲੇ ਜਾਂ ਫਿਰ ਸਿੱਲ੍ਹ ਵਾਲੀ ਜਗ੍ਹਾ ਚਿੱਟੀਆਂ ਖੁੰਬਾਂ ਨਿਕਲ ਆਉਣੀਆਂ, ਪੁੱਟ ਕੇ ਮਾਂ ਨੂੰ ਲਿਆ ਦੇਣੀਆਂ ਤੇ ਉਸ ਨੇ ਤਵੇ ਉੱਤੇ ਈ ਤੜਕ ਦੇਣੀਆਂ, ਕਿਆ ਆਨੰਦ ਸੀ। ਲੇਖ ਲਿਖਦਿਆਂ ਹੀ ਮੂੰਹ ਵਿਚ ਪਾਣੀ ਆ ਰਿਹਾ ੲੇ। ਇਸ ਤਰ੍ਹਾਂ ਦੀਆਂ ਕਈ ਹੋਰ ਚੀਜ਼ਾਂ ਜਿਵੇਂ ਚਲਾਈ ਦਾ ਸਾਗ, ਮੈਣੇ ਦੀ ਭੁਰਜੀ, ਸੌਂਚਲ, ਸਵਾਂਕੀ ਦੀ ਖੀਰ ਆਦਿ ਬਾਰੇ ਅੱਜ ਕੋਈ ਵਿਰਲਾ ਈ ਜਾਣਦਾ ੲੇ।
-ਰੋਜ਼ੀ ਸਿੰਘ,
ਸੋਫਾਈਨ ਕੰਪਿਊਟਰ ਇੰਸਟੀਚਿਊਟ, ਫਤਹਿਗੜ੍ਹ ਚੂੜੀਆਂ (ਅੰਮ੍ਰਿਤਸਰ)।
(ਰੋਜ਼ਾਨਾ ਅਜੀਤ ਜਲੰਧਰ)
28 May 2007
Subscribe to:
Post Comments (Atom)
No comments:
Post a Comment