13 May 2007

ਗਲੀਆਂ ਦੀ ਰੌਣਕ - ਵਣਜਾਰਾ

ਰਾਹਾਂ-ਗਲੀਆਂ ਵਿਚ ਤੁਰ-ਫਿਰ ਕੇ ਵਸਤਾਂ ਵੇਚਣ ਵਾਲਿਆਂ ਨੂੰ ਵਣਜਾਰੇ ਆਖਿਆ ਜਾਂਦਾ ਹੈ। ਇਨ੍ਹਾਂ ਵਣਜਾਰਿਆਂ ’ਚੋਂ ਚੂੜੀਆਂ, ਛਾਪਾਂ-ਛੱਲੇ ਵੇਚਣ ਵਾਲੇ ਵਣਜਾਰੇ ਘਰੇਲੂ ਔਰਤਾਂ ਲੲੀ ਖਾਸ ਮਹੱਤਤਾ ਰੱਖਦੇ ਆ ਰਹੇ ਹਨ। ਵੰਗਾਂ-ਚੂੜੀਆਂ ਨੂੰ ਸੋਹਜ, ਨਿਮਰਤਾ ਤੇ ਸਹਿਣਸ਼ੀਲਤਾ ਦਾ ਪ੍ਰਤੀਕ ਵੀ ਮੰਨਿਆ ਗਿਆ ਹੈ ਜੋ ਹਰ ਕੁੜੀ-ਚਿੜੀ, ਮੁਟਿਆਰ ਦੀ ਮਨਭਾਉਂਦੀ ਰੀਝ ਹੁੰਦੀ ਹੈ ਕਿ ਉਸ ਦੀ ਕਲਾੲੀ ’ਤੇ ਰੰਗ-ਬਰੰਗੀਆਂ ਚੂੜੀਆਂ ਹੋਣ।
ਇਹ ਵਣਜਾਰੇ ਜਿਥੇ ਵੰਗਾਂ ਚੜ੍ਹਾ ਕੇ ਮੁਟਿਆਰਾਂ ਦੀਆਂ ਰੀਝਾਂ ਪੂਰੀਆਂ ਕਰਨ ਦੀ ਕੋਸ਼ਿਸ਼ ਕਰਦੇ, ਉਥੇ ਕੰਨ, ਨੱਕ ਵਿੰਨ੍ਹਣ ਦਾ ਕੰਮ ਕਰਦੇ ਤੇ ਆਪਣੀ ਰੋਜ਼ੀ-ਰੋਟੀ ਚਲਾੲੀ ਰੱਖਦੇ। ਮੁਦਰਾ ਦਾ ਪਸਾਰਾ ਨਾ ਹੋਣ ਕਰਕੇ ਘਰਾਂ ਵਿਚ ਪੈਸਾ-ਟਕਾ ਵੀ ਘੱਟ ਹੀ ਹੁੰਦਾ ਸੀ, ਜਿਸ ਕਰਕੇ ਵਣਜਾਰਿਆਂ ਦੀਆਂ ਸੇਵਾਵਾਂ ਬਦਲੇ ਦਾਣਾ-ਫੱਕਾ ਹੀ ਦਿੱਤਾ ਜਾਂਦਾ, ਜਿਸ ਦਾ ਵਰਨਣ ਇੰਜ ਮਿਲਦਾ ਹੈ-
‘ਨੀ ਮੈਂ ਛੱਜ ਭਰ ਛੋਲਿਆਂ ਦਾ ਦਿੱਤਾ ੲੀ ਪਾ,
ਭਲਾ ਜੀ ਮੈਨੂੰ ਤੇਰੀ ਸਹੁੰ, ਛੱਜ ਭਰ ਛੋਲਿਆਂ ਦਾ ਦਿੱਤਾ ੲੀ ਪਾ।’
ਇਸ ਤਰ੍ਹਾਂ ਪੇਂਡੂ ਲੋਕਾਂ ਦੇ ਖੁੱਲ੍ਹੇ-ਡੁੱਲ੍ਹੇ ਸੁਭਾਅ-ਵਰਤਾਰੇ ਦੀ ਝਲਕ ਵੀ ਰੂਪਮਾਨ ਹੁੰਦੀ ਕਿ ਉਹ ਪ੍ਰਾਪਤ ਕੀਤੀਆਂ ਸੇਵਾਵਾਂ ਬਦਲੇ ਕਿਸੇ ਦਾ ਹੱਕ ਨਹੀਂ ਮਾਰਦੇ ਸਨ, ਸਗੋਂ ਖਿੜੇ ਮੱਥੇ ਇਕ ਤੋਂ ਸਵਾ ਹੀ ਮੋੜਨ ਦੀ ਕੋਸ਼ਿਸ਼ ਕਰਦੇ।
ਬਾਜ਼ਾਰੀਕਰਨ ਦੇ ਇਸ ਯੁੱਗ ਵਿਚ ਪਿੰਡਾਂ ਦਾ ਵੀ ਕਾਫੀ ਹੱਦ ਤੱਕ ਬਾਜ਼ਾਰੀਕਰਨ ਹੁੰਦਾ ਜਾ ਰਿਹਾ ਹੈ ਤੇ ਲਗਭਗ ਹਰ ਵਸਤ ਪਿੰਡਾਂ ਵਿਚ ਉਪਲਬਧ ਹੋਣ ਲੱਗ ਪੲੀ ਹੈ, ਜਿਸ ਕਰਕੇ ਵਣਜਾਰਿਆਂ ਦਾ ਗਲੀਆਂ ਵਿਚ ਤੁਰ-ਫਿਰ ਕੇ ਵਸਤਾਂ ਵੇਚਣ ਦਾ ਧੰਦਾ ਖਤਮ ਹੋ ਗਿਆ ਹੈ, ਜਿਸ ਕਰਕੇ ‘ਲੈ ਲੌ ਬੲੀ ਰੰਗ-ਬਿਰੰਗੀਆਂ ਚੂੜੀਆਂ...’ ਦੀ ਮਿਠਾਸ ਭਰੀ ਆਵਾਜ਼ ਵੀ ਬੰਦ ਹੋ ਗੲੀ ਹੈ। ਕੁੜੀਆਂ-ਚਿੜੀਆਂ ਵੱਲੋਂ ਵਣਜਾਰੇ ਦੇ ਦੁਆਲੇ ਘੇਰਾ ਘੱਤ ਕੇ ਬਹਿਣਾ ਤੇ ਮਨਪਸੰਦੀ ਚੂੜੀਆਂ ਨੂੰ ਚੁਣਨਾ ਇਕ ਸੁਪਨਾ ਬਣ ਕੇ ਹੀ ਰਹਿ ਗਿਆ ਹੈ।

ਲਖਵਿੰਦਰ ਸਿੰਘ ਰੲੀਆ ਹਵੇਲੀਆਣਾ
ਸ. ਸ. ਮਾਸਟਰ, ਸ. ਹਾ. ਸਕੂਲ, ਚੀਮਾ ਬਾਠ (ਅੰਮ੍ਰਿਤਸਰ)-143112

(ਰੋਜ਼ਾਨਾ ਅਜੀਤ ਵਿੱਚੋਂ ਧੰਨਵਾਦ ਸਹਿ)

1 comment:

AlterinG Abhishek said...

paji punjabi kiwen likhde ho????