ਮੈਨੂੰ ਸਮੇਂ-ਸਮੇਂ ’ਤੇ ਵੱਖ-ਵੱਖ ਸਿੱਖਿਆ ਸੰਸਥਾਵਾਂ ’ਚ ਜਾਣ ਦਾ ਮੌਕਾ ਮਿਲਦਾ ਰਹਿੰਦਾ ਹੈ। ਅੱਜਕਲ੍ਹ ਬਹੁਤੀਆਂ ਸਿੱਖਿਆ ਸੰਸਥਾਵਾਂ ’ਚ ਸੱਭਿਆਚਾਰ ਦੇ ਨਾਂਅ ’ਤੇ ਤਮਾਸ਼ਾ ਹੀ ਹੋ ਰਿਹਾ ਹੈ। ਸੱਭਿਆਚਾਰਕ ਸਮਾਰੋਹ ਨੂੰ ਦੇਖਦਿਆਂ ਮੈਂ ਅਕਸਰ ਸੋਚਦਾ ਹਾਂ ਕਿ ਗਜ਼ਬ ਦੇ ਠਰੰਮ੍ਹੇ ਵਾਲੀ ‘ਭੀਲਣੀ’ ਦੇ ਦੇਸ਼ ਦੇ ਬੱਚੇ ੲੇਨੇ ਬੇਲਗਾਮ ਕਿਉਂ ਹੋ ਗੲੇ ਹਨ? ‘ਸੁਦਾਮੇ’ ਵਰਗੀ ਸਹਿਣਸ਼ੀਲਤਾ ਕਿੱਥੇ ਗੁੰਮ ਹੈ? ਮਹਾਤਮਾ ਗਾਂਧੀ ਤੇ ਲਾਲ ਬਹਾਦਰ ਸ਼ਾਸਤਰੀ ਦੇ ਦੇਸ਼ ਦੇ ਮੰਚ ਤੋਂ ਸਾਦਗੀ ਗਾਇਬ ਹੈ। ਡੀ. ਜੇ. ਦਾ ਖੱਪ ਰੌਲਾ ਜ਼ਰੂਰ ਹੈ। ਲਾਈਟਾਂ ਤੇ ਧੂੰਆਂ ਵੀ ਬਥੇਰਾ ਹੈ। ਅੱਜਕਲ੍ਹ ਸੱਭਿਆਚਾਰਕ ਪ੍ਰੋਗਰਾਮ ਦਾ ਅਰਥ ਮੰਚ ’ਤੇ ਫ਼ਿਲਮੀ ਕੈਸਿਟ ਲਾ ਕੇ ਨੱਚਣਾ-ਟੱਪਣਾ ਹੀ ਰਹਿ ਗਿਆ ਹੈ। ਇਸ ’ਚ ਵੀ ਕੋਈ ਬੁਰਾਈ ਨਹੀਂ ਪਰ ਗੀਤ-ਸੰਗੀਤ ਦੀ ਸੇਧ ਦੇਣ ਵਾਲਾ ਹੋਵੇ। ਕਾਂਟਾ ਲਗਾ, ਆਤੀ ਕਯਾ ਖੰਡਾਲਾ, ਲੜਕੀ ਕਮਾਲ ਦੇਖੀ, ਅੱਖੀਓਂ ਸੇ ਗੋਲੀ ਮਾਰੇ, ਮਿੱਤਰਾਂ ਦੀ ਛੱਤਰੀ ਤੋਂ ਉੱਡ ਗਈ, ਅੱਖਰਾਂ ’ਚੋਂ ਤੂੰ ਦਿੱਸਦੀ ਰਾਤੀਂ ਮਿਲਣ ਨਾ ਆੲੀਂ ਵੇ ਆਦਿ ਹਿੰਦੀ-ਪੰਜਾਬੀ ਗੀਤਾਂ ਨੇ ਸਕੂਲਾਂ ਕਾਲਜਾਂ ਦੇ ਸੱਭਿਆਚਾਰਕ ਸਮਾਗਮਾਂ ਨੂੰ ਅਗਵਾ ਕਰ ਲਿਆ ਲਗਦਾ ਹੈ। ਜਦੋਂ ਕਦੇ ਅਧਿਆਪਕ ਸਾਹਿਬਾਨ ਨਾਲ ਗੱਲ ਤੋਰੀਦੀ ਹੈ ਤਾਂ ਉਨ੍ਹਾਂ ਦੀ ਸਥਿਤੀ ਉਸ ਬੇਵੱਸ ਬਾਪੂ ਵਰਗੀ ਲੱਗਦੀ ਹੈ ਜਿਸ ਦਾ ਪੁੱਤ ਬਾਗੀ ਹੋ ਗਿਆ ਹੋਵੇ। ਲਟਕਿਆਂ, ਝਟਕਿਆਂ ਤੇ ਮਟਕਿਆਂ ਦੇ ਦੌਰ ’ਚ ਸੁਥਰੀ ਪੰਜਾਬੀ ਗਾਇਕੀ ਨੂੰ ਪ੍ਰਫੁੱਲਿਤ ਕਰਨ ਵਾਲੀਆਂ ਕੋਇਲਾਂ ਪ੍ਰਕਾਸ਼ ਕੌਰ ਤੇ ਸੁਰਿੰਦਰ ਕੌਰ ਦੇ ਗੀਤ ਤਾਂ ਗੁਆਚ ਹੀ ਗੲੇ ਹਨ। ਪ੍ਰੋ: ਮੋਹਨ ਸਿੰਘ, ਭਾਈ ਵੀਰ ਸਿੰਘ, ਸਾਹਿਰ ਲੁਧਿਆਣਵੀ, ਸ਼ਿਵ ਕੁਮਾਰ ਬਟਾਲਵੀ ਦਾ ਕਲਾਮ ਵੀ ਹੁਣ ਕਦੇ-ਕਦੇ ਹੀ ਕੰਨੀਂ ਪੈਂਦਾ ਹੈ। ਕੁਝ ਵਿਦਿਅਕ ਅਦਾਰਿਆਂ ’ਚ ਤਾਂ ਮੈਨੂੰ ਮਾਡਰਨ ਭੰਗੜਾ’ ਵੀ ਦੇਖਣ ਨੂੰ ਮਿਲਿਆ। ਭੰਗੜਾ ਪਾਉਣ ਵਾਲਿਆਂ ਨੇ ਕੁੜਤੇ ਨਾਲ ਬਹੁਤੀਆਂ ਤੰਗ ਜੀਨ ਦੀਆਂ ਪੈਂਟਾਂ ਪਾਈਆਂ ਹੋਈਆਂ ਸਨ। ਸੱਭਿਆਚਾਰਕ ਸਮਾਗਮਾਂ ’ਚ ਵਿਦਿਆਰਥੀ ਘਸੇ-ਪਿਟੇ ਲਤੀਫ਼ੇ ਸੁਣਾਈ ਜਾਂਦੇ ਹਨ ਜਾਂ ਫਿਰ ਜਾਨਵਰਾਂ ਦੀਆਂ ਆਵਾਜ਼ਾਂ ਕੱਢੀ ਜਾਂਦੇ ਹਨ। ਸਰੋਤੇ ਵੀ ਕੁਰਕੁਰੇ ਖਾ ਕੇ ਹਿੜ-ਹਿੜ ਕਰੀ ਜਾਂਦੇ ਹਨ। ਪੱਛਮੀ ਸੱਭਿਆਚਾਰ ਬਹੁਤ ਚੰਗਾ ਹੈ। ਪੱਛਮ ਦੇ ਲੋਕ ਸਾਡੇ ਤੋਂ ਇਕ ਸੌ ਗੁਣਾ ਜ਼ਿਆਦਾ ਇਮਾਨਦਾਰ ਹਨ। ਉਨ੍ਹਾਂ ਕੋਲ ਰਾਸ਼ਟਰੀ ਚਰਿੱਤਰ ਹੈ। ਸਾਡੀ ਬਦਕਿਸਮਤੀ ਇਹ ਹੈ ਕਿ ਅਸੀਂ ਨਾ ਤਾਂ ਇਮਾਨਦਾਰੀ ਸਿੱਖ ਸਕੇ ਅਤੇ ਨਾ ਹੀ ਸਾਡੇ ਪੱਲੇ ਰਾਸ਼ਟਰੀ ਚਰਿੱਤਰ ਹੈ। ਸਾਡੇ ਕੋਲ ਅੰਗਰੇਜ਼ਾਂ ਵਾਲੇ ਕੱਪੜੇ ਜ਼ਰੂਰ ਹਨ। ਹੁਣ ਤਾਂ ਵਿਦਿਅਕ ਅਦਾਰਿਆਂ ’ਚ 365 ਦਿਨ ਹੀ ਫੈਸ਼ਨ ਮੇਲੇ ਵਰਗਾ ਮਾਹੌਲ ਰਹਿੰਦਾ ਹੈ। ਇਹੀ ਫੈਸ਼ਨ ਸੱਭਿਆਚਾਰਕ ਸਮਾਗਮਾਂ ’ਤੇ ਵੀ ਹਾਵੀ ਹੈ। ਵੱਖ-ਵੱਖ ਯੂਨੀਵਰਸਿਟੀਆਂ, ਸਕੂਲ ਬੋਰਡਾਂ, ਤਕਨੀਕੀ ਸਿੱਖਿਆ ਵਿਭਾਗ ਆਦਿ ਨੂੰ ਸੱਭਿਆਚਾਰਕ ਸਮਾਗਮਾਂ ਬਾਰੇ ਨਵੇਂ ਦਿਸ਼ਾ-ਨਿਰਦੇਸ਼ ਘੜਣੇ ਚਾਹੀਦੇ ਹਨ।
ਗੁਰਪ੍ਰੀਤ ਗਰੇਵਾਲ
-ਭਾਖੜਾ ਰੋਡ, ਨੰਗਲ-140124
(ਰੋਜ਼ਾਨਾ ਅਜੀਤ ਜਲੰਧਰ)
28 May 2007
Subscribe to:
Post Comments (Atom)
No comments:
Post a Comment