12 July 2008

ਛੱਲਾ - ਰੱਬੀ (ਦਾ) (ਆਵੇਗੀ ਜਾਂ ਨਹੀਂ)

ਰੱਬੀ ਦੀ ਐਲਬਮ ਕੱਲ੍ਹ ਖਰੀਦੀ ਅਤੇ ਮੈਨੂੰ ਛੱਲਾ ਬਹੁਤ ਪਸੰਦ ਆਇਆ, ਬਾਕੀ
ਗਾਣੇ ਵੀ ਸੋਹਣੇ ਨੇ, ਪਰ ਇਹ ਤਾਂ ਖਾਸ ਤੌਰ ਉੱਤੇ ਜੱਚਿਆ, ਸੋ
ਇਸ ਦੇ ਬੋਲ ਅੱਗੇ ਦਿੱਤੇ ਹਨ।

ਗੁਰਦਾਸ ਮਾਨ ਦੇ ਛੱਲੇ ਬਾਅਦ ਇਹ ਛੱਲਾ ਹੀ ਦਿਲ ਛੋਹਦਾ ਹੈ, ਸੂਫ਼ੀ ਝਲਕ ਪੈਂਦੀ ਹੈ ਪੂਰੀ

ਐਲਬਮ: ****
ਛੱਲਾ: *****

ਛੱਲਾ ਵਸ ਨੀਂ ਓ ਮੇਰੇ
ਛੱਲਾ ਵੱਸ ਮੇਰੀ ਮਾਂ ਦੇ
ਘੱਲੇ ਗੀਤਾ ਜਾਗੇ
ਵੇ ਗੱਲ ਸੁਣ ਛੱਲਿਆ
ਖੌਰੇ ਕੀਤਾ ਕੀ ਇਸ ਤੇ ਟੂਣਾ

ਛੱਲਾ ਬੰਬੀ ਦਾ ਪਾਣੀ
ਕਿੱਥੇ ਬਹਿ ਗਏ ਨੇ ਜਾਨੀ
ਅਸਾਂ ਖ਼ਬਰ ਕੋ ਨਾ ਜਾਣੀ
ਵੇ ਗੱਲ ਸੁਣ ਛੱਲਿਆ
ਤੇਰੀ ਬੇਰੀ ਇੱਕ ਉਗਿਆ ਏ ਕੰਡਾ

ਛੱਲਾ ਗੁੱਤ ਇੱਕ ਲੰਮੀ
ਅਸਾਂ ਸੁਪਨੇ ਸੀ ਚੁੰਮੀ
ਹੋਈ ਨੀਅਤ ਸੀ ਅੰਨ੍ਹੀ
ਅਸਾਂ ਦਿਲ ਦੀ ਸੀ ਮੰਨੀ
ਵੇ ਗੱਲ ਸੁਣ ਛੱਲਿਆ
ਹੁਣ ਦੇ ਲੈ ਜਿਹੜੀ ਦੇਣੀ ਏ ਸਜ਼ਾ

ਵੇ ਛੱਲਾ ਬੋਹੜ ਇੱਕ 'ਕੱਲਾ
ਉਨ੍ਹੇ ਫੜਿਆ ਏ ਪੱਲਾ
ਥੱਲੇ ਧਰਤੀ ਤੇ ਅੱਲ੍ਹਾ
ਵੇ ਗੱਲ ਸੁਣ ਛੱਲਿਆ
ਖੌਰੇ ਜਾਂਦੀਆਂ ਨੇ ਕਿੰਨ੍ਹੀਆ ਡੂੰਘੀਆਂ ਜੜ੍ਹਾਂ
ਇਸ ਗੱਲ ਦਾ ਉਸ ਖੁਦ ਨੂੰ ਨਹੀਂ ਪਤਾ

ਛੱਲਿਆ ਵੱਸ ਨਹੀਂ ਮੇਰੇ
ਛੱਲਾ ਵੱਸ ਮੇਰੀ ਮਾਂ ਦੇ
ਛੱਲਾ ਵੱਸ ਮੇਰੀ ਭਾਬੋ ਦੇ
ਛੱਲਾ ਅੰਬੀਂ ਕੱਚੀਆਂ
ਮੱਤਾਂ ਦੇਏ ਕੋਈ ਸੱਚੀਆਂ
ਲਾਈਏ ਲੇਖੇ ਜੋ ਬੱਚੀਆਂ
ਤੇਰੀਆਂ ਮੇਰੀਆਂ ਘੜੀਆਂ
ਵੇ ਗੱਲ਼ ਸੁਣ ਛੱਲਿਆ,
ਛੱਲਾਂ ਬੋਹੜ ਇੱਕ ਇੱਕਲਾ
ਉਨ੍ਹੇ ਫੜਿਆ ਏ ਪੱਲਾ
ਥੱਲੇ ਧਰਤੀ ਉੱਤੇ ਅੱਲਾ
ਵੇ ਗੱਲ ਸੁਣ ਛੱਲਿਆ, ਵੇ ਗੱਲ ਸੁਣ ਛੱਲਿਆ..

12 June 2008

ਤੂੰ ਵੀ ਰੁੱਸ ਗਇਓ ਯਾਰ... (ਕੇ. ਐਸ. ਮੱਖਣ)

ਮੱਖਣ ਬਰਾੜ, ਉਹ ਯਾਰ 'ਮਿੱਤਰਾਂ ਦੀ ਮੋਟਰ ਵਾਲਾ', ਲਈ
ਬਹੁਤ ਕਦੇ ਸ਼ੌਕੀਨ ਨੀਂ ਰਿਹਾ, ਪਰ ਇਸ ਵਾਰ ਐਲਬਮ 'ਯਾਰ ਮਸਤਾਨੇ'
ਸ਼ਾਨਦਾਰ ਹੈ ਅਤੇ ਮੈਨੂੰ ਹਮੇਸ਼ਾਂ ਦੀ ਤਰ੍ਹਾਂ ਦਿਲ ਨੂੰ ਟੁੰਬਦਾ ਗਾਣਾ
ਲੱਭ ਗਿਆ ਹੈ। ਕੁੱਲ ਮਿਲਾ ਕੇ ਐਲਬਮ ਬਹੁਤ ਸ਼ਾਨਦਾਰ ਹੈ ਅਤੇ ਸੁਣਨਯੋਗ ਹੈ,

ਮੇਰੀ ਪਸੰਦ ਦਾ ਗਾਣਾ ਹੇਠ ਦਿੱਤਾ ਹੈ (ਬਹੁਤ ਪਸੰਦ ਬੋਲੀ ਦੇ
ਮਿੱਠੇ ਮਿੱਠੇ ਲਫ਼ਜਾਂ ਦੀ ਨਿਖਾਰ ਹੀ ਹੈ, ਪਰ ਸੰਗੀਤ ਵੀ
ਬਹੁਤ ਸੋਹਣਾ ਹੈ।
ਸੁਣਨ ਵੇਲੇ 'ਨਹੀਓ', 'ਗਇਓ' ਲਫ਼ਜਾਂ ੱਤੇ ਧਿਆਨ ਦਿਓ ਤਾਂ
ਭਾਊ ਦੁਆਬੇ, ਮਾਝੇ ਦੀ ਮਿਠਾਸ ਦਿਲ ਦੇ ਗੱਭੇ ਜਾ ਬਹਿੰਦੀ ਵੇ!)

ਸਾਡਾ ਸਾਥ ਨਹੀਓ ਕੋਈ, ਸਾਡੀ ਬਾਤ ਨਹੀਂਓ ਕੋਈ
ਟੁੱਟੇ ਤਾਰਿਆਂ ਦੇ ਵਾਗੂੰ ਸਾਡੀ ਰਾਤ ਨਹੀਂਓ ਕੋਈ
ਪਾਣੀ ਅੱਖੀਓ'ਚ ਖਾਰਾ ਮੱਲੋ-ਮੱਲੀ ਵਹਿ ਗਿਆ
ਤੂੰ ਵੀ ਰੁੱਸ ਗਇਓ ਯਾਰਾ, ਦਿਲ ਕੱਲਾ ਰਹਿ ਗਿਆ
ਤੂੰ ਵੀ ਰੁੱਸ ਗਇਓ ਯਾਰਾ...

ਅਫਸੋਸ ਨਹੀਂ ਹੋਣਾ ਸੀ, ਕੁਝ ਦੱਸ ਕੇ ਜੇ ਜਾਂਦਾ
ਰਹਿੰਦੀ ਮਨ ਨੂੰ ਤਸੱਲੀ, ਥੋੜ੍ਹਾ ਡੱਸ ਜੇ ਕੇ ਜਾਂਦਾ
ਤੇਰਾ ਚੁੱਪ-ਚਾਪ ਜਾਣਾ ਸਾਡੀ ਜਾਨ ਲੈ ਗਿਆ
ਤੂੰ ਵੀ ਰੁੱਸ ਗਇਓ ਯਾਰਾ...

ਹੌਲ ਕਾਲਜੇ 'ਚ ਪੈਂਦੇ, ਤੈਨੂੰ ਪਤਾ ਵੀ ਨੀਂ ਹੋਣਾ
ਸਾਡੀ ਯਾਦ ਤੇ ਖਿਆਲ, ਤੈਨੂੰ ਰਤਾ ਵੀ ਨੀਂ ਹੋਣਾ
ਦੱਸ ਕੇਹੜੀ ਗੱਲੋਂ ਹੋਕੇ ਸਾਥੋਂ ਦੂਰ ਬਹਿ ਗਿਆ
ਤੂੰ ਵੀ ਰੁੱਸ ਗਇਓ ਯਾਰਾ...

ਬਿਨ ਤੇਰੇ ਪਤਾ ਨਹੀਓ ਕਦੋਂ ਰੁੱਕ ਜਾਣੀ ਜਿੰਦ
ਪਿੰਡ ਰੁਕੜੀ 'ਚ ਖੌਰੇ ਕਿੱਥੇ ਮੁੱਕ ਜਾਣੀ ਜਿੰਦ
ਸਾਡੇ ਖਿੜ੍ਹਿਆ ਬਾਗਾਂ ਤੇ ਕਾਹਤੋਂ ਕਹਿਰ ਠਹਿ ਗਿਆ
ਤੂੰ ਵੀ ਰੁੱਸ ਗਇਓ ਯਾਰਾ...

ਗਾਇਕ - ਕੇ.ਐਸ. ਮੱਖਣ
ਐਲਬਮ - ਯਾਰ ਮਸਤਾਨੇ

01 June 2008

5911 'ਤੇ

ਕੀ ਢੋਲਾ ਕਰ ਲੀ ਖੇਤੀ ਵੇ
ਨਾ ਹੋਣ ਬੱਤਿਓ ਤੇਤੀ ਵੇ
ਅੱਧੀ ਰਾਤ ਘਰ ਆ ਵੜ੍ਹਦਾ ਕੇਹੜਾ ਕੱਜੀਆ ਪਾ ਲਿਆ ਵੇ
ਤੂੰ ਮੋਟਰ ਤੇ ਕੀ ਲਾਚੀਆਂ ਵਾਲਾ ਬਾਗ ਲਾ ਲਿਆ ਵੇ

ਨਾ ਦਿਨੇ ਚੈਨ ਨਾ ਰਾਤਾਂ ਨੂੰ
ਨਾ ਔੜਾਂ ਨੂੰ ਬਰਸਾਤਾਂ ਨੂੰ
ਕੰਮ ਦਾ ਪੈ ਗਿਆ ਜ਼ੋਰ ਤੇ ਲੇਬਰ ਪੈ ਗਈ ਭਾਰਾਂ ਤੇ
ਪਰ ਰੱਬ ਯਾਦ ਨੀਂ ਰਹਿੰਦਾ ਨੀਂ ਬਹਿ ਕੇ 5911 ਤੇ

ਗੋਰਾ ਗੋਰਾ ਰੰਗ ਪਸੀਨਾ ਨਾਲ ਚੋਅ ਗਿਆ
ਹਨੀਮੂਨ ਤੇ ਜਾਂਦਿਆਂ ਨੂੰ ਵੀ ਸਾਲ ਹੋ ਗਿਆ
ਕੀ ਤੇਰੇ ਲੜ ਲੱਗੀ ਸਾਰਾ ਰੂਪ ਗੁਆ ਲਿਆ ਵੇ
ਤੂੰ ਮੋਟਰ ਤੇ ਕੀ...

ਜੱਟ ਦੀ ਮਾੜੀ ਕਿਸਮਤ ਖਰਚਾ ਹੋ ਪੈ ਗਿਆ ਨੀਂ
ਤੂਤਾਂ ਵਾਲਾ ਚੱਲਦਾ ਚੱਲਦਾ ਬੋਰ ਬਹਿ ਗਿਆ ਨੀਂ
ਸੋਹਣਾ ਕੰਮ ਚਲਾਇਆ ਸੀ ਲਾ ਕੁੰਡੀਆਂ ਤਾਰਾਂ ਤੇ
ਪਰ ਰੱਬ ਯਾਦ ਨੀਂ ਰਹਿੰਦਾ....

ਭੁੱਜੀ ਹੋਈ ਕਣਕ ਬਰਾੜਾ ਉੱਗਣ ਲਾ ਲਈ ਵੇ
ਕੁੜੀ ਕਾਲਜ ਦੀ ਪੜ੍ਹੀ ਤੂੰ ਨਰਮਾ ਚੁੱਗਣ ਲਾ ਲਈ ਵੇ
ਸਿਨਮਾ ਸਿਨਮਾ ਕਰਦੀ ਨੇ ਮੈਂ ਸੰਘ ਸੁਕਾ ਲਾ ਲਿਆ
ਤੂੰ ਮੋਟਰ ਤੇ ਕੀ...

ਮੁੱਖ ਮੰਤਰੀ ਕਾਂਗਰਸੀ ਜਾਂ ਹੋਣ ਅਕਾਲੀ ਨੀਂ
ਜੇਬ ਜੱਟ ਦੀ ਰਹਿਣੀ ਜੱਟੀਏ ਸਦਾ ਹੀ ਖਾਲੀ ਨੀਂ
ਨਾ ਰਾਜ ਕਾਕੜੇ ਲੀਡਰ ਪੂਰੇ ਪੈਣ ਕਰਾਰਾਂ ਤੇ
ਪਰ ਰੱਬ ਯਾਦ ਨੀਂ ਰਹਿੰਦਾ....

ਗਾਇਕ - ਪਰੀਤ ਬਰਾੜ, ਗੁਰਲੇਜ ਅਖ਼ਤਰ
ਐਲਬਮ - ਐਮ.ਸੀ ਸਪੈਸ਼ਲ - ਸਬਥਿੰਗ ਸਪੈਸ਼ਲ
ਗੀਤਕਾਰ - ਰਾਜ ਕਾਕੜਾ

14 May 2008

ਅਲੋਪ ਹੋ ਰਿਹਾ "ਗੱਡਾ"

ਅੱਜ ਤੋਂ ਪੈਂਤੀ ਸਾਲ ਪਹਿਲਾਂ ਨਿੱਤ ਵਰਤੋਂ ਵਿਚ ਆਉਣ ਵਾਲੇ ਖੇਤੀ ਸੰਦਾਂ ਵਿਚੋਂ ਗੱਡਾ ਸਭ ਤੋਂ ਉੱਪਰ ਸੀ। ਖੇਤੋਂ ਪੱਠੇ ਲਿਆਉਣਾ, ਵੱਢੀ ਹੋੲੀ ਕਣਕ ਦਾ ‘ਲਾਂਗਾ’ ਖੇਤੋਂ ਪਿੰਡ ਲਿਆਉਣਾ ਜਾਂ ਖੇਤੋਂ ਤੂੜੀ ਢੋਣ ਵਰਗੇ ਸਭ ਕੰਮ ਗੱਡੇ ਨਾਲ ਕੀਤੇ ਜਾਂਦੇ ਸਨ ਪਰ ਹੁਣ ਖੇਤੀ ਦੇ ਰਵਾਇਤੀ ਸੰਦਾਂ ਵਾਂਗ ਗੱਡਾ ਵੀ ਅਲੋਪ ਹੁੰਦਾ ਜਾ ਰਿਹਾ ਹੈ।
ਗੱਡਾ ਆਮ ਕਰਕੇ ਦੋ ਬਲਦ ਜੋੜ ਕੇ ਇਕ ਥਾਂ ਤੋਂ ਦੂਜੀ ਥਾਂ ਲਿਜਾਇਆ ਜਾਂਦਾ ਸੀ। ਵਪਾਰੀਆਂ ਦਾ ਸਮਾਨ ਗੁੜ, ਖਲ ਆਦਿ ਸ਼ਹਿਰ ਤੋਂ ਇਸੇ ਉੱਪਰ ਲਿਆਂਦਾ ਜਾਂਦਾ ਸੀ। ਪਸ਼ੂਆਂ ਹੇਠ ਸੁੱਟਣ ਲੲੀ ਸੁੱਕੀ ਰੇਤਾ ਵੀ ਗੱਡਾ ਭਰ ਕੇ ਘਰ ਲਿਆਂਦਾ ਜਾਂਦਾ ਸੀ। ਗੱਲ ਕੀ ਕਿਸਾਨ ਦੇ ਤਕਰੀਬਨ ਹਰ ਕੰਮ ਵਿਚ ਹੀ ਗੱਡਾ ਸਹਾੲੀ ਹੁੰਦਾ ਸੀ। ਗੱਡਾ ਬਣਾਉਣ ਲੲੀ ਮਿਸਤਰੀ ਦਾ ਇਕ-ਇਕ ਮਹੀਨਾ ਵੀ ਲੱਗ ਜਾਂਦਾ ਸੀ। ਕੲੀ ਵਾਰ ਦੋ ਮਾਹਿਰ ਮਿਸਤਰੀ ਇਕੱਠੇ ਹੋ ਕੇ ਗੱਡਾ ਬਣਾ ਲੈਂਦੇ ਸਨ। ਬਲਦਾਂ ਦੇ ਜੋੜਨ ਵਾਲੀ ਜਗ੍ਹਾ ਨੂੰ ਗਲ ਆਖਿਆ ਜਾਂਦਾ ਸੀ, ਜਿਸ ਨੂੰ ਅੱਗੇ ਜੂਲੇ ਨਾਲ ਜੋੜਿਆ ਜਾਂਦਾ ਸੀ। ਜੂਲਾ ਵੀ ਬੱਲ (ਚਮੜੇ ਦਾ ਰੱਸਾ) ਨਾਲ ਬੰਨ੍ਹਿਆ ਜਾਂਦਾ ਸੀ। ਗੱਡੇ ਨੂੰ ਤੋਰਨ ਲੲੀ ਦੋ ਲੱਕੜ ਦੇ ਪਹੀੲੇ ਹੁੰਦੇ ਸਨ, ਜੋ ਇਕ ਧੁਰੇ ਦੇ ਨਾਲ ਜੁੜੇ ਹੁੰਦੇ ਸਨ, ਜਿਨ੍ਹਾਂ ਨੂੰ ਸਮੇਂ-ਸਮੇਂ ’ਤੇ ਗਰੀਸ ਜਾਂ ਕੲੀ ਵਾਰ ਮਖਣੀ ਨਾਲ ਵੀ ਚੋਪੜਿਆ ਜਾਂਦਾ ਸੀ ਤਾਂ ਜੋ ਪਹੀੲੇ ਸੌਖੇ ਤੁਰਨ ਅਤੇ ਬਲਦ ਸੌਖੇ ਰਹਿਣ ਪਰ ਹੁਣ ਤਾਂ ਇਹ ਸਾਰਾ ਕੁਝ ਬੀਤੇ ਦੀਆਂ ਬਾਤਾਂ ਬਣ ਕੇ ਰਹਿ ਗਿਆ ਹੈ। ਗੱਡਾ ਵੀ ਪੁਰਾਤਨ ਵਸਤਾਂ ਵਾਂਗ ਅਜਾਇਬ ਘਰਾਂ ਜਾਂ ਨੁਮਾਇਸ਼ਾਂ ’ਤੇ ਵਿਖਾਉਣ ਵਾਲਾ ਹੀ ਰਹਿ ਗਿਆ ਹੈ।

ਅੱਜਕਲ੍ਹ ਇਕ ਗੱਡਾ ਪਿੰਡ ਮਹਿਣਾ (ਜ਼ਿਲ੍ਹਾ ਮੋਗਾ) ਦੇ ਨੰਬਰਦਾਰ ਜਸਮੇਰ ਸਿੰਘ ਪੁੱਤਰ ਗੁਰਬਚਨ ਸਿੰਘ ਦੇ ਘਰ ਖੜ੍ਹਾ ਹੈ। ਜੋ ਉਸ ਨੇ ਬੜੇ ਸ਼ੌਕ ਨਾਲ 1948 ਵਿਚ ਬਣਾਇਆ ਸੀ। ਨੰਬਰਦਾਰ ਜਸਮੇਰ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਸ ਗੱਡੇ ਉੱਪਰ 10 ਕਿਲੋ ਪਿੱਤਲ, 40 ਕਿਲੋ ਲੋਹੇ ਦੇ ਪੱਤਰ ਲੱਗੇ ਹੋੲੇ ਹਨ। ਇਸ ਤੋਂ ਬਿਨਾਂ ਦੋ ਲੋਹੇ ਦੇ ਪਾੲੀਪ ਅਤੇ 05 ਕਿਲੋ ਬੈਂਤ ਦੇ ਰੱਸੇ ਨਾਲ ਬੁਣਿਆ ਹੋਇਆ ਹੈ। ਉਹ ਇਸ ਗੱਡੇ ਨੂੰ ਨੁਮਾਇਸ਼ਾਂ ’ਤੇ ਲਿਜਾ ਕੇ ਕੲੀ ਇਨਾਮ ਪ੍ਰਾਪਤ ਕਰ ਚੁੱਕਾ ਹੈ।

-ਗੋਪੀ ਰਾਊਕੇ, ਰਾਊਕੇ ਕਲਾਂ, ਮੋਗਾ।
(ਰੋਜ਼ਾਨਾ ਅਜੀਤ ਜਲੰਧਰ ਵਿੱਚੋਂ ਧੰਨਵਾਦ ਸਹਿਤ)
http://www.ajitjalandhar.com/20080515/mags/pind2.htm#k2

12 May 2008

ਨੰਦ ਲਾਲ ਨੂਰਪੁਰੀ - ਬਰਸੀ ਉੱਤੇ ਵਿਸ਼ੇਸ਼

ਅਨੇਕਾਂ ਦੇਸ਼ ਪਿਆਰ, ਰੋਮਾਂਟਿਕ, ਲੋਕ ਦਰਦ, ਪ੍ਰਕ੍ਰਿਤੀ ਪਿਆਰ, ਇਤਿਹਾਸਕ, ਰਾਜਨੀਤਕ, ਧਾਰਮਿਕ, ਸਮਾਜਿਕ, ਸੱਭਿਆਚਾਰਕ ਗੀਤਾਂ ਦੇ ਰਚਣਹਾਰ ਨੰਦ ਲਾਲ ਨੂਰਪੁਰੀ ਨੇ 13 ਮੲੀ 1966 ਨੂੰ ਖੂਹ ਵਿਚ ਰਾਤ ਵੇਲੇ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲੲੀ।
ਨੂਰਪੁਰੀ ਦਾ ਜਨਮ ਸੰਨ 1906 ਵਿਚ ਮਾਤਾ ਹੁਕਮ ਦੇੲੀ ਅਤੇ ਪਿਤਾ ਬਿਸ਼ਨ ਸਿੰਘ ਦੇ ਘਰ ਲਾਇਲਪੁਰ ਲਾਗੇ ਨੂਰਪੁਰ ਪਿੰਡ ਵਿਖੇ ਹੋਇਆ। ਖਾਲਸਾ ਹਾੲੀ ਸਕੂਲ ਲਾਇਲਪੁਰ ਵਿਚ ਦਸਵੀਂ ਤੱਕ ਪੜ੍ਹਨ ਉਪਰੰਤ ਖਾਲਸਾ ਕਾਲਜ ਲਾਇਲਪੁਰ ਵਿਚ ਦਾਖ਼ਲਾ ਲੈ ਲਿਆ। ਪੁਲਿਸ ਦੀ ਭਰਤੀ ਲੲੀ ਟਰਾਇਲ ਦੇਣ ਗੲੇ ਨੂਰਪੁਰੀ ਦਾ ਕੱਦਾਵਰ ਜੁੱਸਾ ਦੇਖ ਕੇ ਉਸ ਨੂੰ ਥਾਣੇਦਾਰ ਭਰਤੀ ਕਰ ਲਿਆ ਗਿਆ। ਨੂਰਪੁਰੀ ਨੇ ਬੀਕਾਨੇਰ ਦੇ ਇਕ ਥਾਣੇ ਵਿਚ ਨੌਕਰੀ ਕੀਤੀ। ਬੀਕਾਨੇਰ ਦੀ ਹੀ ਸੁਮਿੱਤਰਾ ਦੇਵੀ ਨਾਲ ਸ਼ਾਦੀ ਤੋਂ ਬਾਅਦ ਛੇ ਕੁੜੀਆਂ ਦੋ ਮੰੁਡੇ ਹੋੲੇ।
ਕਿਸੇ ਪਿੰਡ ਵਿਚ ਸ਼ਰਾਬ ਦੀ ਭੱਠੀ ’ਤੇ ਮਾਰੇ ਛਾਪੇ ਦੌਰਾਨ ਪੁਲਿਸ ਮੁਕਾਬਲਾ ਹੋ ਗਿਆ। ਇਸ ਭਗਦੜ ਵਿਚ ਚੱਲੀ ਗੋਲੀ ਨਾਲ ਤਿੰਨ ਬੰਦੇ ਹਲਾਕ ਹੋ ਗੲੇ। ਇਸ ਤਰ੍ਹਾਂ ਮਾਨਸਿਕ ਤਣਾਅ ਭਾਰੂ ਹੋ ਗਿਆ। ਸ਼ਾਇਦ ਇਹ ਗੀਤ-

ਇਥੇ ਦਰ ਦਰ ਫਾਹੀਆਂ ਗੱਡੀਆਂ
ਛੁਰੀਆਂ ਹੇਠ ਨਾ ਆ
ਇਥੇ ਡਾਕੇ ਪੈਣ ਦੁਪਹਿਰ ਨੂੰ
ਤੇਰਾ ਦੇਣਗੇ ਆਲਣਾ ਢਾਹ
ਇਥੇ ਜ਼ਹਿਰ ਭਰੀ ਵਿਚ ਦਾਣਿਆਂ
ਤੇਰੀ ਦਿੱਤੀ ਚੋਗ ਰਲਾ...
ਨੂਰਪੁਰੀ ਪਛਤਾੲੇਂਗਾ
ਮੁੜ ਵਤਨਾਂ ਨੂੰ ਜਾ

ਉਸੇ ਮਾਨਸਿਕ ਅਵਸਥਾ ਅਧੀਨ ਨੂਰਪੁਰੀ ਬੀਕਾਨੇਰ ਤੋਂ ਨੌਕਰੀ ਛੱਡ ਕੇ ਵਾਪਸ ਪਰਤ ਆੲੇ। 1940 ਵਿਚ ਉਪਰੋਕਤ ਗੀਤ ਸਮੇਤ ‘ਮੰਗਤੀ’ ਫ਼ਿਲਮ ਦੇ ਗੀਤ ਲਿਖੇ ਜੋ ਬਹੁਤ ਮਕਬੂਲ ਹੋੲੇ। ਇਸ ਤੋਂ ਬਾਅਦ ‘ਗੀਤ ਬਹਾਰਾਂ ਦੇ’, ‘ਵਲੈਤ ਪਾਸ’ ਆਦਿ ਫ਼ਿਲਮਾਂ ਦੇ ਗੀਤ ਲਿਖੇ। ਉਪੇਰਾ ‘ਮਿਰਜ਼ਾ ਸਾਹਿਬਾ’ ਬਹੁਤ ਮਕਬੂਲ ਹੋਇਆ। ਇਸ ਤੋਂ ਇਲਾਵਾ ਨੂਰਪੁਰੀ ਦੇ ਦਰਜਨਾਂ ਧਾਰਮਿਕ ਤੇ ਸੱਭਿਆਚਾਰਕ ਗੀਤ ਬੇਹੱਦ ਮਕਬੂਲ ਹੋੲੇ ਤੇ ਬੱਚੇ-ਬੱਚੇ ਦੀ ਜ਼ਬਾਨ ’ਤੇ ਚੜ੍ਹੇ।
ਦੇਸ਼ ਦੀ ਵੰਡ ਤੋਂ ਬਾਅਦ ਉਸ ਦੇ ਗੀਤਾਂ ਦੀ ਕਿਤਾਬ ‘ਸੌਗਾਤ’ ਨੂੰ ਭਾਸ਼ਾ ਵਿਭਾਗ ਪੰਜਾਬ ਦਾ ਪਹਿਲਾ ਇਨਾਮ 1960-61 ਵਿਚ ਮਿਲਿਆ। ‘ਸੌਗਾਤ’ ਤੋਂ ਇਲਾਵਾ ਪਹਿਲੀ ਕਿਤਾਬ ‘ਨੂਰਪੁਰੀਆਂ’ 1947 ਤੋਂ ਪਹਿਲਾਂ ਲਾਹੌਰ ਤੋਂ ਛਪਵਾੲੀ। ‘ਵੰਗਾਂ’, ‘ਜਿਊਂਦਾ ਪੰਜਾਬ’, ‘ਨੂਰਪੁਰੀ ਦੇ ਗੀਤ’ ਅਤੇ ‘ਆਖਰੀ ਸੌਗਾਤ’ ਕਿਤਾਬਾਂ ਵੀ ਛਪੀਆਂ। ਭਾਸ਼ਾ ਵਿਭਾਗ ਪੰਜਾਬ ਨੇ ਨੌਕਰੀ ਵੀ ਪ੍ਰਦਾਨ ਕੀਤੀ ਪਰ ਦੋ ਸਾਲ ਤੋਂ ਬਾਅਦ ਨੌਕਰੀ ਛੱਡ ਦਿੱਤੀ। ਨੂਰਪੁਰੀ ਦੇ ਗੀਤਾਂ ਵਿਚ ਪੇਂਡੂ ਸੱਭਿਆਚਾਰ ਕੁੱਟ-ਕੁੱਟ ਕੇ ਭਰਿਆ ਹੋਇਆ ਹੈ। ਕਵਿਤਾਵਾਂ ਵਿਚ ਆਮ ਤੌਰ ’ਤੇ ਖੇਤ, ਥੇਹ, ਜੂਹ, ਚਿੱਕੜ, ਮੜੀਆਂ, ਚਰਖੇ, ਪੂਣੀਆਂ, ਕਿਸਾਨ, ਮਜ਼ਦੂਰ, ਅੰਬ, ਪਿੱਪਲ, ਕਿੱਕਰ, ਬੇਰੀ ਆਦਿ ਦਰੱਖਤਾਂ ਤੋਂ ਇਲਾਵਾ ਨਦੀਆਂ, ਦਰਿਆਵਾਂ ਆਦਿ ਦਾ ਜ਼ਿਕਰ ਆਉਂਦਾ ਹੈ। ਨੂਰਪੁਰੀ ਨੂੰ ਭਾਸ਼ਾ ਵਿਭਾਗ ਨੇ 75 ਰੁਪੲੇ ਮਹੀਨਾ ਵਜ਼ੀਫਾ ਵੀ ਪ੍ਰਵਾਨ ਕੀਤਾ।
ਨੂਰਪੁਰੀ ਦੇ ਗੀਤਾਂ ਦੀ ਬਦੌਲਤ ਲੋਕੀਂ, ਦਿੱਲੀ\ਬੰਬੲੀ ਵਰਗੇ ਸ਼ਹਿਰਾਂ ਵਿਚ ਬੰਗਲੇ ਬਣਾ ਕੇ ਰਹਿਣ ਲੱਗ ਪੲੇ ਸਨ। ਪਰ ਇਹ ਫ਼ਕੀਰ ਸੁਭਾਅ ਦਾ ਰੱਬੀ ਲੋਕ ਮਾਡਲ ਹਾਊਸ ਕਾਲੋਨੀ ਜਲੰਧਰ ਵਿਚ ਕਿਰਾੲੇ ’ਤੇ ਰਹਿ ਕੇ ਗੁਜ਼ਾਰਾ ਕਰਦਾ ਰਿਹਾ। ਨੂਰਪੁਰੀ ਦੇ ਸ਼ਬਦਾਂ ਵਿਚ ਕੲੀ ਵਾਰ ਆਤਮ ਹੱਤਿਆ ਦਾ ਖਿਆਲ ਆਉਂਦਾ ਰਿਹਾ। ਉਸ ਅਨੁਸਾਰ ਇਕ ਵਾਰ ਮਨਿਆਰੀ ਦੀ ਦੁਕਾਨ ’ਤੇ ਲੱਗੀ ਭਗਤ ਸਿੰਘ ਦੀ ਫੋਟੋ ਨੂੰ ਅਚਾਨਕ ਦੇਖ ਕੇ ਖ਼ੁਦਕੁਸ਼ੀ ਕਰਨ ਜਾ ਰਿਹਾ ਵਾਪਸ ਮੁੜ ਆਇਆ ਸੀ। ਪਰ ਸਦਾ ਲੲੀ ਇਹ ਵਿਚਾਰ ਮਨ ਵਿਚੋਂ ਕੱਢ ਨਾ ਸਕਿਆ। ਨਾ ਜਾਣੇ ਪੰਜਾਬੀ ਮਾਂ ਬੋਲੀ ਦਾ ਕਿੰਨਾ ਹੋਰ ਸਰਮਾਇਆ ਜ਼ਿਹਨ ਵਿਚ ਲੈ ਕੇ ਆਖਿਰ ਤੁਰ ਹੀ ਗਿਆ ਸਾਡਾ ਨੰਦ ਲਾਲ ਨੂਰਪੁਰੀ।

-ਦਲਜੀਤ ਸਿੰਘ ਧਾਲੀਵਾਲ
6\1 ਅਗਰ ਨਗਰ, ਸੰਗਰੂਰ।
(ਰੋਜ਼ਾਨਾ ਅਜੀਤ ਵਿੱਚੋਂ ਧੰਨਵਾਦ ਸਹਿਤ)


ਸ਼ਾਇਦ ਕਿਸੇ ਨੂੰ ਦਸਵੀਂ ਦੀ ਕਿਤਾਬ 'ਚ ਕਵਿਤਾ - ਭਾਖੜੇ ਤੋਂ ਆਉਦੀ ਮੁਟਿਆਰ ਨੱਚਦੀ ਚੇਤੇ ਹੋਵੇ!!!

09 May 2008

ਹਰਭਜਨ ਮਾਨ - ਚੰਨ ਜੇਹੇ ਮੁਖੜੇ

ਸੋਹਣੇ ਚੰਨ ਜੇਹੇ ਮੁਖੜੇ ਤੋਂ ਜ਼ੁਲਫ਼ਾਂ ਨੂੰ ਪਿਛ੍ਹਾ ਕਰਕੇ
ਹਾੜਾ ਹੱਸਿਆ ਨਾ ਕਰ ਕੁੜੀਏ, ਇਨ੍ਹਾਂ ਅੱਖੀਆਂ 'ਚ ਦਿਲ ਧਰ ਕੇ

ਡੱਬੀ ਦੇ 'ਚ ਪਾ ਕੇ ਰੱਖ ਲਾਂ, ਜੇ ਵੱਸ ਹੋਵੇ ਮੇਰੇ
ਸੱਪਣੀ ਵਰਗੀ ਤੋਰ ਤੇਰੀ ਦੇ ਨੀਂ ਚਰਚੇ ਚਾਰ ਚੁਫੇਰੇ
ਇੰਝ ਲਟਕ ਮਟਕ ਤੁਰਨਾ
ਨੀਂ ਲੱਕ ਝਟਕ ਝਟਕ ਤੁਰਨਾ
ਕੀ ਕਾਹਲ੍ਹੀਆਂ ਨੇ ਤੈਨੂੰ
ਜ਼ਰਾ ਅਟਕ ਅਟਕ ਤੁਰਨਾ
ਤੱਕ ਲੈਣ ਦੇ ਸੱਜਣਾ ਨੂੰ ਤੇਰਾ ਰੂਪ ਨਜ਼ਰ ਭਰ ਕੇ
ਹਾੜਾ ਹੱਸਿਆ ਨਾ ਕਰ ਕੁੜੀਏ...

ਨਜ਼ਰ ਤੇਰੀ ਨੂੰ ਨਜ਼ਰ ਨਾ ਲੱਗ ਜੇ, ਰਹਿ ਨਜ਼ਰਾਂ ਤੋਂ ਡਰ ਕੇ
ਜਿਸ ਨੇ ਤੱਕਿਆ ਰੂਪ ਤੇਰੇ ਨੂੰ ਰਹਿ ਕੇ ਹਾਉਕਾ ਭਰ ਕੇ
ਮੈਂ ਹੀਰ ਕਹਾਂ ਤੈਨੂੰ
ਕਿ ਹੂਰ ਕਹਾਂ ਤੈਨੂੰ
ਤੂੰ ਨੂਰ ਹੀ ਨੂਰ ਜੇਹਾ
ਕੋਹੇਨੂਰ ਕਹਾਂ ਤੈਨੂੰ
ਤੈਨੂੰ ਵੇਖ ਜਿਉਨੇ ਆਂ, ਤੈਨੂੰ ਲੱਭਿਆ ਮਰ ਮਰ ਕੇ
ਹਾੜਾ ਹੱਸਿਆ ਨਾ ਕਰ ਕੁੜੀਏ...

ਅਜੇ ਉਮਰ ਤੇਰੀ ਹੋਈ ਨਾ ਰੂਹ ਦੀਆਂ ਰਮਜ਼ਾਂ ਸਮਝਣ ਵਾਲੀ
ਰੁੜ ਪੁੜ ਜਾਣੀ ਹੜ੍ਹ ਦਾ ਪਾਣੀ, ਜਾਂਦੀ ਨਹੀਂ ਸੰਭਾਲੀ
ਜ਼ਰਾ ਰੋਕ ਰੋਕ ਇਹਨੂੰ
ਕੁਝ ਟੋਕ ਟੋਕ ਇਹਨੂੰ
ਦੱਸ ਮਾਨਾ ਕੀ ਆਖਣਗੇ
ਦੁਨਿਆਂ ਦੇ ਲੋਕ ਇਹਨੂੰ
ਖਤਰਿਆਂ ਨਾਲ ਖੇਡ ਦੀਏ, ਕੱਚਿਆਂ 'ਤੇ ਤਰ ਤਰ ਕੇ
ਹਾੜਾ ਹੱਸਿਆ ਨਾ ਕਰ ਕੁੜੀਏ...

ਗਾਇਕ - ਹਰਭਜਨ ਮਾਨ
ਗੀਤਕਾਰ - ਮਾਨ ਮਰਾੜ੍ਹਾ ਵਾਲਾ
ਐਲਬਮ - ਪਹਿਲੀ ਵਾਰ ਜਦੋਂ ਨਜ਼ਰਾਂ ਮਿਲੀਆਂ

21 April 2008

ਜੇ ਅੱਗ ਲਾਇਆ ਹੀ ਸੜਨੀ ਸੀ - ਸਾਬਰਕੋਟੀ

ਜੇ ਅੱਗ ਲਾਇਆ ਹੀ ਸੜਨੀ ਸੀ ਤੇਰੇ ਖਤਾਂ ਨਾਲ ਸੜ ਜਾਣੀ ਸੀ
ਜੇ ਪਾਣੀਆਂ ਦੇ ਵਿੱਚ ਹੜਨੀ ਸੀ ਤੇਰੇ ਫੋਟੋ ਨਾਲ ਹੜ੍ਹ ਜਾਣੀ ਸੀ

ਤੇਰੇ ਸਾਰੇ ਵਾਅਦੇ ਟੁੱਟ ਗਏ ਨੇ, ਸਾਡੀ ਆਸ ਦਾ ਟੁੱਟਣਾ ਬਾਕੀ ਏ
ਜ੍ਹੀਦੇ ਵਿੱਚ ਤੇਰੀ ਯਾਦ ਪਈ, ਦਿਲ ਕੱਢ ਕੇ ਸੁੱਟਣਾ ਬਾਕੀ ਏ।

ਦੁੱਖ ਦੇਣੀਏ ਕੀ ਕਰੀਏ, ਸਾਨੂੰ ਰੋਗ ਅਵੱਲੜੇ ਲਾ ਗਈ ਏ
ਅਸੀਂ ਉਜੜੇ ਉਜੜੇ ਫਿਰਦੇ ਆਂ ਟੇਡੇ ਰਾਹਾਂ ਵਿੱਚ ਪਾ ਗਈ ਏ
ਸਾਡੀ ਜਿੰਦ ਸੂਲੀ 'ਤੇ ਟੰਗੀ ਗਈ, ਇੱਕ ਸਾਹ ਦਾ ਮੁੱਕਣਾ ਬਾਕੀ ਏ

ਸਾਡੇ ਹਾਸੇ ਸਾਥੋਂ ਰੁੱਸ ਗਏ ਨੇ, ਹੰਝੂਆਂ ਨਾਲ ਪੈ ਗਈ ਯਾਰੀ ਨੀਂ
ਜੀਹਦਾ ਦੁਨਿਆਂ 'ਤੇ ਕੋਈ ਦਾਰੂ ਨਾ, ਲਾਈ ਐਸੀ ਬੀਮਾਰੀ ਨੀਂ
ਫੱਟ ਰਿਸਦੇ ਤਾਂ ਰੋਕ ਲਏ, ਧੜਕਣ ਦਾ ਰੁੱਕਣਾ ਬਾਕੀ ਏ

ਤੂੰ ਕੀ ਨਹੀਂ ਕੀਤਾ ਬੇਦਰਦੇ ਸਾਨੂੰ ਮਿੱਟੀ ਵਿੱਚ ਮਿਲਾਉਣ ਲਈ,
ਨਿਜ਼ਾਮਪੁਰੀਏ ਕਾਲੇ ਨੇ ਲਾਈਆਂ ਸੀਂ ਤੋੜ ਨਿਭਾਉਣ ਲਈ,
ਅਸੀਂ ਵਾਂਗ ਤਵੀਤਾਂ ਸੁੱਕ ਗਏ ਆਂ, ਦਰ ਮੌਤ ਦੇ ਢੁੱਕਣਾ ਬਾਕੀ ਏ

- ਸਾਬਰਕੋਟੀ
()

02 April 2008

ਮਾਪੇ - ਗੁਰਦਾਸ ਮਾਨ - ਬੂਟ ਪਾਲਿਸ਼ਾਂ

ਗੁਰਦਾਸ ਮਾਨ - ਮਾਪੇ - ਬੂਟ ਪਾਲਿਸ਼ਾਂ

ਰੱਬ ਰੁੱਸ ਜਾਵੇ ਬਾਦਸ਼ਾਹੀਆਂ ਰੁੱਸ ਜਾਂਦੀਆਂ
ਗੁਰੂ ਰੁੱਸ ਜਾਵੇ ਵਿਡਆਈਆਂ ਰੁੱਸ ਜਾਂਦੀਆਂ
ਮਾਪੇ ਰੁੱਸ ਜਾਣ ਤੇ ਖੁਦਾਈਆਂ ਰੁੱਸ ਜਾਂਦੀਆਂ
ਮਾਪਿਆਂ ਦਾ ਦਿਲ ਨਾ ਦੁਖਾਇਓ ਸੋਹਣਿਓ
ਗੁਰੂ ਦੀ ਗਰੀਬ ਦੀ ਕਿਸੇ ਬਦਨਸੀਬ ਦੀ
ਮੂੰਹੋਂ ਬਦ-ਦੁਆਂ ਨਾ ਕਢਾਇਓ ਸੋਹਣਿਓ
ਲੱਭੀ ਚੀਜ਼ ਨਾ ਗਵਾਇਓ ਸੋਹਣਿਓ
ਲੱਭੀ ਚੀਜ਼ ਨਾ

ਘਰ ਦੇ ਮਾਲਕ ਨੂੰ ਘਰ ਵਿੱਚੋਂ ਕੱਢਣਾ ਚੰਗਾ ਨੀਂ
ਜਿਸ ਟਾਹਣੇ ਤੇ ਬੈਠੇ ਹੋਈਏ, ਵੱਢਣਾ ਚੰਗਾ ਨੀਂ
ਜੇਹੜੀ ਕੁੱਖ ਦਾ ਕਰਜ਼ਾ ਸਿਰ ਤੇ ਛੱਡਣਾ ਚੰਗਾ ਨੀਂ
ਪੈਰਾਂ ਵਿੱਚ ਪੱਗ ਨਾ ਰੁਲਾਇਓ ਸੋਹਣਿਓ
ਲੱਭੀ ਹੋਈ ਚੀਜ਼ ਨਾ ਗੁਵਾਇਓ ਸੋਹਣਿਓ

ਦੁਨਿਆਂ ਦਾ ਹਰ ਰਿਸ਼ਤਾ ਮਾਂ ਦੇ ਪੈਰਾਂ ਸਦਕੇ ਹੈ
ਮਾਂ ਬੋਲੀ ਦਾ ਰੁਤਬਾ ਉਸ ਦੇ ਸ਼ਾਇਰਾਂ ਸਦਕੇ ਹੈ
ਸਭ ਦਾ ਭਲਾ ਤੇ ਇੱਕ ਦੂਜੇ ਦੀ ਖ਼ੈਰਾਂ ਸਦਕੇ ਹੈ
ਖ਼ੈਰਾਂ ਵਿੱਚ ਜ਼ੈਹਰਾਂ ਨਾ ਮਿਲਾਇਓ ਸੋਹਣਿਓ
ਲੱਭੀ ਹੋਈ ਚੀਜ਼ ਨਾ ਗੁਵਾਇਓ ਸੋਹਣਿਓ

ਰੱਬ ਕਹਿੰਦਾ ਓਏ ਬੰਦਿਓ ਥੋਨੂੰ ਮਾਂਵਾਂ ਦਿੱਤੀਆਂ ਨੇ
ਪੈਰਾਂ ਦੇ ਵਿੱਚ ਜੰਨਤ, ਸਿਰ ਤੇ ਛਾਵਾਂ ਦਿੱਤੀਆਂ ਨੇ
ਮੇਰੇ ਘਰ ਤੱਕ ਪਹੁੰਚਣ ਲਈ ਇਹ ਰਾਵ੍ਹਾਂ ਦਿੱਤੀਆਂ ਨੇ
ਰਾਵ੍ਹਾਂ ਵਿੱਚ ਕੰਢੇ ਨਾ ਵਿਛਾਇਓ ਸੋਹਣਿਓ
ਲੱਭੀ ਹੋਈ ਚੀਜ਼ ਨਾ ਗਵਾਇਓ ਸੋਹਣਿਓ

ਪ੍ਰਥਮ ਭਗੌਤੀ ਪਹਿਲੀਂ ਪੂਜਾ ਮਾਂ ਦੀ, ਹੁੰਦੀ ਏ
ਦੂਜੀ ਪੂਜਾ ਗੁਰੂ, ਜਿੰਨ੍ਹਾਂ ਦੇ ਹਾਂ, ਦੀ ਹੁੰਦੀ ਏ
ਫਿਰ ਮਰ ਜਾਣੇ ਮਾਨਾਂ ਰੱਬ ਦੇ ਨਾਂ ਦੀ ਹੁੰਦੀ ਏ
ਰੱਬ ਦਾ ਮਜ਼ਾਕ ਨਾ ਉਡਾਇਓ ਸੋਹਣਿਓ
ਲੱਭੀ ਹੋਈ ਚੀਜ਼ ਨਾ ਗਵਾਇਓ ਸੋਹਣਿਓ

20 March 2008

ਉਨ੍ਹਾਂ ਦਿਨਾਂ ਵਿੱਚ ਚਾਹੁੰਦੀ ਸੀ ਕਿ ਨਹੀਂ - ਦੇਬੀ

ਕੀ ਹਾਲ ਏ ਤੇਰਾ ਮੁੱਦਤ ਪਿੱਛੋਂ ਟੱਕਰੀ ਏ
ਮੈਂ ਵੀ ਬਦਲਿਆ ਹੋਵੇਗਾ, ਪਰ ਤੂੰ ਵੀ ਵੱਖਰੀ ਏ
ਦੂਰੋਂ ਦੂਰੋਂ ਤੱਕਦਾ ਰਿਹਾ, ਬੁਲਾ ਵੀ ਨਹੀਂ ਸਕਿਆ
ਮੈਂ ਕਮ-ਦਿਲ ਜੇਹਾ ਤੇਰੇ ਨੇੜੇ ਆ ਵੀ ਨਹੀਂ ਸਕਿਆ
ਲਿਖ ਕੇ ਤੇਰਾ ਨਾਮ ਮੈਂ ਸੱਜਦੇ ਕਰਦਾ ਰਹਿੰਦਾ ਸਾਂ
ਤੂੰ ਮੇਰਾ ਨਾਂ ਲਿਖ ਕੇ ਕਦੇ ਮਿਟਾਉਦੀ ਸੀ ਕਿ ਨਹੀਂ
ਮੇਰੇ ਬਾਰੇ ਹੁਣ ਕੀ ਤੇਰਾ ਖਿਆਲ ਮੈਂ ਨਹੀਂ ਪੁੱਛਦਾ
ਉਨ੍ਹਾਂ ਦਿਨਾਂ ਵਿੱਚ ਦੱਸਦੇ ਮੈਨੂੰ ਚਾਹੁੰਦੀ ਸੀ ਕਿ ਨਹੀਂ
ਮੇਰੇ ਬਾਰੇ ਹੁਣ ਕੀ ਤੇਰਾ ਖਿਆਲ...


ਛੁੱਟੀ ਵੇਲ਼ੇ ਆਪੋ ਆਪਣੇ ਪਿੰਡਾਂ ਨੂੰ ਜਾਣਾ
ਤੇਰਾ ਪਤਾ ਨੀਂ ਪਰ ਮੇਰਾ ਦਿਲ ਘੱਟਦਾ ਹੀ ਜਾਣਾ
ਜੇਹੜੀ ਥਾਂ ਤੋਂ ਆਪਣੇ ਪਿੰਡ ਦੇ ਰਾਹ ਨਿਖੜਦੇ ਸੀ
ਜੇਹੜੀ ਥਾਂ ਤੇ ਉਹ ਵੀ ਆਪਣੇ ਵਾਂਗ ਵਿਛੜਦੇ ਸੀ
ਬੁੱਲੀਆਂ ਵਿੱਚ ਮੁਸਕਾ ਕੇ ਤੇਰਾ ਮੁੜ ਕੇ ਵੇਖਣਾ ਓਹ
ਜਾਂਦੇ ਜਾਂਦੇ ਨਜ਼ਰਾਂ ਦੇ ਨਾਲ ਮੱਥਾ ਟੇਕਣਾ ਓਹ
ਕੀ ਦੱਸਾਂ ਕਿ ਪੈਂਡਲ ਕਿੰਨੇ ਭਾਰੇ ਲੱਗਦੇ ਸਨ,
ਸਾਈਕਲ ਹੌਲੀ ਮੇਰੇ ਵਾਂਗ ਚਲਾਉਦੀ ਸੀ ਕਿ ਨਹੀਂ
ਮੇਰੇ ਬਾਰੇ ਹੁਣ ਕੀ ਤੇਰਾ ਖਿਆਲ...

ਖੋ ਖੋ ਵਾਲੀਬਾਲ ਦੇ ਪਿੜ 'ਚ ਫਿਰਦੀਆਂ ਮੇਲਦੀਆਂ
ਵੇਹਲੇ ਪੀਰਡ ਦੇ ਵਿੱਚ ਬਾਰਾਂ ਟਾਹਣੀ ਖੇਡਦੀਆਂ
ਮੈਨੂੰ ਯਾਦ ਹੈ ਕਿ ਮੇਰੇ ਵੱਲ ਇਸ਼ਾਰੇ ਹੁੰਦੇ ਸੀ
ਨੀਂ ਸੱਚ ਦੱਸੀ ਕੀ ਚਰਚੇ ਮੇਰੇ ਬਾਰੇ ਹੁੰਦੇ ਸੀ
ਤੇਰੇ ਨਾਂ ਤੇ ਯਾਦ ਹੈ ਮੈਨੂੰ ਛੇੜਿਆਂ ਕਈਆਂ ਨੇ
ਮੇਰੇ ਨਾਂ ਤੇ ਤੈਨੂੰ ਕੋਈ ਬਲਾਉਦੀ ਸੀ ਕਿ ਨਹੀਂ
ਮੇਰੇ ਬਾਰੇ ਹੁਣ ਕੀ ਤੇਰਾ ਖਿਆਲ...

ਪੜ੍ਹਨ ਲਿਖਣ ਵੇਲੇ ਦੀ ਜਿੰਦਗੀ ਚੰਗੀ ਹੁੰਦੀ ਏ
ਚੜ੍ਹੀ ਨਾ ਲੱਥੀ ਨਾ ਫਿਕਰ ਨਾ ਤੰਗੀ ਹੁੰਦੀ ਏ
ਚੁਟਕਲ ਜਾਂ ਕਹਾਣੀ ਜਾਂ ਕੁਝ ਹੋਰ ਸੁਣਾਉਦੇ ਨੇ
ਕਲਾਸ ਰੂਮ ਦੇ ਵਿੱਚ ਸਟੂਡੈਂਟ ਗਾਣੇ ਗਾਉਦੇ ਨੇ
ਮੇਰੇ ਜੋ ਕਲਾਮ ਉਹ ਬਹੁਤੇ ਤੇਰੇ ਨਾਵੇਂ ਨੇ
ਨੀਂ ਤੂੰ ਕੋਈ ਗਾਣਾ ਮੇਰੇ ਬਾਰੇ ਗਾਉਦੀ ਸੀ ਨਹੀਂ
ਉਨ੍ਹਾਂ ਦਿਨਾਂ ਵਿੱਚ ਦੱਸਦੇ ਮੈਨੂੰ ਚਾਹੁੰਦੀ ਸੀ ਕਿ ਨਹੀਂ...
ਮੇਰੇ ਬਾਰੇ ਹੁਣ ਕੀ ਤੇਰਾ ਖਿਆਲ

ਖ਼ਬਰੇ ਤੂੰ ਆਖੇ ਉਹ ਪਿਆਰ ਨਹੀਂ ਕੁਝ ਹੋਰ ਹੀ ਸੀ
ਚੜ੍ਹੀ ਜਵਾਨੀ ਦੀ ਭੁੱਲ ਸੀ, ਕੁਝ ਚਿਰ ਦੀ ਲੋਰ ਹੀ ਸੀ
ਪਰ ਆਸ਼ਕ. ਸ਼ਾਇਰ ਬਚਪਨ ਵਾਂਗ ਮਾਸੂਮ ਹੀ ਰਹਿੰਦੇ ਨੇ
ਇਕ ਪਾਸੜ ਵਿਸਵਾਸ਼ 'ਚ ਹੀ ਜਿੰਦਗੀ ਕੱਢ ਲੈਂਦੇ ਨੇ
ਦੇਬੀ ਨੇ ਕਈ ਸਾਲ ਤੇਰਾ ਨਾਂ ਲਿਖਿਆ ਤਾਰਿਆਂ ਤੇ
ਤੂੰ ਵੀ ਦੱਸ ਕਦੇ ਹਵਾ 'ਚ ਉਂਗਲਾਂ ਵ੍ਹਾਉਦੀ ਸੀ ਕਿ ਨਹੀਂ
ਮੇਰੇ ਬਾਰੇ ਹੁਣ ਕੀ ਤੇਰਾ ਖਿਆਲ...

ਗਾਇਕ - ਦੇਬੀ
ਐਲਬਮ - ਦੇਬੀ ਲਾਈਵ 3
ਬੋਲ - ਦੇਬੀ

17 March 2008

ਮਿੱਤਰਾਂ ਦੀ ਛੱਤਰੀ ਤੋਂ ਉੱਡ ਗਈ... (ਬੱਬੂ ਮਾਨ)

ਮਿੱਤਰਾਂ ਦੀ ਛੱਤਰੀ ਤੋਂ ਉੱਡ ਗਈ, ਅੰਬਰਾਂ 'ਤੇ ਲਾਉਨੀ ਏ ਉਡਾਰੀਆਂ,
ਫੁੱਲ ਕੋਈ ਵਲੈਤ ਵਾਲਾ ਲੈ ਗਿਆ, ਗੁੱਡਦਾ ਮੈਂ ਰਹਿ ਗਿਆ ਕਿਆਰੀਆਂ,
ਨੀਂ ਬੱਗੀਏ ਕਬੂਤਰੀਏ...

ਕੰਡੇ ਰਾਖੀ ਕਰਦੇ ਰਹਿ ਗਏ, ਹਾਏ ਭੌਰੇ ਨਜ਼ਾਰਾ ਲੈ ਗਏ,
ਲੰਡਨ ਤੋਂ ਆਏ ਵਪਾਰੀ ਨੱਥ ਪਾ ਸੋਨੇ ਦੀ ਲੈ ਗਏ,
ਪਤਾ ਨੀਂ ਕਰੇਜੀ ਕਿਓ ਵਲੈਤ ਲਈ ਸਾਰੀਆਂ ਪੰਜਾਬ 'ਚ ਕੁਆਰੀਆਂ
ਮਿੱਤਰਾਂ ਦੀ ਛੱਤਰੀ ਤੋਂ ਉੱਡ ਗਈ

ਸਾਡੀ ਹਿੱਕ ਉੱਤੇ ਸੱਪ ਲਿਟਦੇ ਨੀਂ ਜਦ ਤੁਰਦੀ ਹੁਲਾਰਾ ਖਾ ਕੇ
ਹੁਣ ਬਣ ਗਈ ਪਰੀ ਵਲੈਤਣ, ਨੀਂ ਤੂੰ ਬੈਲੀ ਬਟਨ ਪੁਆ ਕੇ
ਮਿੱਤਰਾ ਦਾ ਗੱਡਾ ਅੱਜ ਭੁੱਲ ਗਈ ਕਰੇ ਲੀਮੋਜਿਨ ਵਿੱਚ ਤੂੰ ਸਵਾਰੀਆਂ
ਮਿੱਤਰਾਂ ਦੀ ਛੱਤਰੀ ਤੋਂ ਉੱਡ ਗਈ...

ਸੌਂਦੀ ਸੀ ਤੂਤ ਦੀ ਛਾਵੇਂ ਨੀਂ ਤੂੰ ਪੱਟ ਦਾ ਸਰ੍ਹਾਣਾ ਲਾ ਕੇ
ਕਾਹਤੋਂ ਭੁੱਲ ਗਈ ਦਿਨ ਪੁਰਾਣੇ ਨੀਂ ਬਿੱਲੋਂ ਕੱਚੀਆਂ ਅੰਬੀਆਂ ਖਾ ਕੇ
ਲੰਘਦਾ ਜਦੋਂ ਗਲੀ 'ਚੋਂ ਮਾਨ ਸੀ ਰੱਖਦੀ ਸੀ ਤੂੰ ਖੋਲ ਕੇ ਬਾਰੀਆਂ
ਮਿੱਤਰਾਂ ਦੀ ਛੱਤਰੀ ਤੋਂ ਉੱਡ ਗਈ...

-
ਪਿਆਸ
ਬੱਬੂ ਮਾਨ
ਮਿੱਤਰਾਂ ਦੀ ਛੱਤਰੀ ਤੋਂ

10 March 2008

ਚੰਡੀਗੜ੍ਹ ਦਿਲ ਜੁੜਦੇ - ਸੁਖਵਿੰਦਰ ਸੁੱਖੀ (ਗੱਪ ਸ਼ੱਪ)

ਚੰਡੀਗੜ੍ਹ ਦਿਲ ਜੁੜਦੇ....
ਦਿੱਲੀ ਟੁੱਟੀ ਸਰਕਾਰ ਜੁੜਦੀ, ਗੋਬਿੰਦਗੜ੍ਹ ਲੋਹੇ ਦੇ ਅੰਬਾਰ ਜੁੜਦੇ
ਟੁੱਟੇ ਹੱਡ ਜੁੜਦੇ ਮਲੇਰਕੋਟਲੇ, ਜਲੰਧਰ ਦੇ ਵਿੱਚ ਅਖਬਾਰ ਜੁੜਦੇ
ਰੇਲਾਂ ਜੁੜਨ ਕਪੂਰਥਲੇ ਬੜੀਆਂ
ਬਈ ਚੰਡੀਗੜ੍ਹ ਦਿਲ ਜੁੜਦੇ, ਨਾਕੇ ਲਾਉਦੀਆ ਹੁਸਨ ਦੀਆਂ ਪਰੀਆਂ......

ਰੋਪੜ, ਬਠਿੰਡੇ ‘ਚ ਬਿਜਲੀ ਬਣਾਉਣ ਦੇ ਭੰਡਾਰ ਜੁੜਦੇ
ਲੁਧਿਆਣੇ ਭਈਏ ਅਤੇ ਸਾਇਕਲ ਨੇ ਬੇਸ਼ੁਮਾਰ ਜੁੜਦੇ
ਇੱਥੇ ਭਈਆਂ ਦੀਆਂ ਚੱਲਦੀਆਂ ਤੜੀਆ
ਬਈ ਚੰਡੀਗੜ੍ਹ ਦਿਲ ਜੁੜਦੇ, ਨਾਕੇ ਲਾਉਦੀਆ ਹੁਸਨ ਦੀਆਂ ਪਰੀਆਂ......

ਬੜਾ ਮਸ਼ਹੂਰ ਫਰਨੀਚਰ ਬਈ ਕਹਿੰਦੇ ਕਰਤਾਰਪੁਰ ਦਾ
ਅੰਬਾਂ ਦੇ ਬਾਗਾਂ ਵਿੱਚ ਨਾਮ ਆਉਦਾ ਕਹਿੰਦੇ ਹੁਸ਼ਿਆਰੁਪਰ ਦਾ
ਤੀਆਂ ਜੁੜਨ ਮੋਗੇ ਦੇ ਵਿੱਚ ਬੜੀਆਂ
ਬਈ ਚੰਡੀਗੜ੍ਹ ਦਿਲ ਜੁੜਦੇ, ਨਾਕੇ ਲਾਉਦੀਆ ਹੁਸਨ ਦੀਆਂ ਪਰੀਆਂ......

ਪੈੱਗ ਅਤੇ ਪੱਗ ਪਟਿਆਲੇ, ਅਹਿਮਦਗੜ੍ਹ ਦੀਆਂ ਦਾਤੀਆਂ
ਸਹਿਣੇ ਦੀਆਂ ਝਾਂਜਰ ਮਸ਼ਹੂਰ ਨੇ, ਭਦੌੜ ਦੀਆਂ ਗੋਲ ਚਾਟੀਆਂ
ਕੰਬਾਇਨਾਂ ਜੁੜਨ ਭਾਦਸੋਂ ਬੜੀਆਂ
ਬਈ ਚੰਡੀਗੜ੍ਹ ਦਿਲ ਜੁੜਦੇ, ਨਾਕੇ ਲਾਉਦੀਆ ਹੁਸਨ ਦੀਆਂ ਪਰੀਆਂ......

ਮਾਨਸਾ, ਮਲੋਟ ਅਤੇ ਅਬਹੋਰ ਵਿੱਚ ਰੂੰ ਦੇ ਭੰਡਾਰ ਜਾਪਦੇ
ਵਾਹਗਾ ਬਾਰਡਰ ਤੇ ਨਿੱਤ ਹੱਥ ਜੁੜਦੇ ਨੇ ਹਿੰਦ ਅਤੇ ਪਾਕਿ ਦੇ
ਜੋੜੇ ਜੈਲੀ ਮਨਜੀਤਪੁਰੀ ਖਰੀਆਂ
ਬਈ ਚੰਡੀਗੜ੍ਹ ਦਿਲ ਜੁੜਦੇ, ਨਾਕੇ ਲਾਉਦੀਆ ਹੁਸਨ ਦੀਆਂ ਪਰੀਆਂ......
[ਸੁਖਵਿੰਦਰ ਸੁੱਖੀ (ਗੱਪ ਸ਼ੱਪ)]

09 March 2008

ਐਲਬਮ ਰੀਵਿਊ: ਰੀਬਰਥ - ਰਾਜ ਬਰਾੜ

ਰਾਜ ਬਰਾੜ - ਰੀਬਰਥ
ਆਵਾਜ਼ - ****
ਕੈਸਿਟ: **
ਗਾਣੇ: 8
ਮੇਰੀ ਲਿਸਟ ਵਿੱਚ ਗੀਤ:
*) ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ: ***
*) ਹਾਣਿਓ: ****


ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ!!

ਪੂਰਾ ਜ਼ੋਰ ਲਾ ਕੇ ਰੱਖ ਵਾਲਾਂ ਦੇ ਸਟੈਲ ਤੇ
ਬੜੀ ਸੌਖੀ ਹੋਗੀ ਆਸ਼ਕੀ ਮੋਬੈਲ ਤੇ
ਚਿੱਤ ਲੱਗਦਾ ਨੀਂ ਪਿੰਡ, ਸੋਹਣੀ ਗਰਲ-ਫਰੈਂਡ,
ਉਹਦਾ ਨਾਂ ਹੀ ਬੁੱਲ੍ਹਾਂ ਉੱਤੇ ਰੱਟਿਆ

ਲੇਕ ਦੇ ਨਜ਼ਾਰੇ ਕਦੇ ਰੌਣਕ ਸਤਾਰਾਂ ਦੀ
ਬਾਈਕ ਤੇ ਬਿਠਾ ਸੈਰ ਕਰਨੀ ਪਹਾੜਾਂ ਦੀ
ਕਿਤੇ ਹੱਲ਼ ਤੇ ਪੰਜਾਲੀ, ਕਿੱਥੇ ਤੂੜੀ ਤੇ ਪਰਾਲੀ,
ਸੋਚ ਹੁਣ ਨਹੀਂ ਜਾਂਦਾ ਪਿੱਛੇ ਹੱਟਿਆ
ਚੰਡੀਗੜ੍ਹ


ਰਾਜ ਬਰਾੜ ਨੇ ਭਾਵੇ ਕੈਸਿਟ ਦਾ ਨਾਂ ਅੰਗਰੇਜ਼ ਵਾਲਾ ਰੱਖ ਲਿਆ (ਰੀਬਰਥ), ਭਾਵੇਂ ਨਚਾਰਾਂ
ਦੇ ਕੱਪੜੇ ਵੀ ਲਹਾ ਦਿੱਤੇ, ਡਿਸਕੋ 'ਚ ਜਾ ਨੱਚ ਲਿਆ, ਪੈੱਗ ਵੀ ਪਵਾ ਲੇ,
ਪਰ ਉਸ ਦੇ ਕੋਲੋਂ ਦੇਸੀ ਪੋਪ ਦਾ ਰੰਗ ਛੁੱਟ ਨਾ ਸਕਿਆ, ਜੱਟਾਂ ਵਾਲੀਆਂ ਗੱਲਾਂ
ਕਰਨੋ ਟੱਲ ਨਾ ਸਕਿਆ "ਕਿੱਥੇ ਤੂੜੀ ਤੇ ਪਰਾਲੀ" ਨਾਲ ਇੰਝ ਲੱਗਦਾ ਹੈ,
ਜਿਵੇਂ ਆਪਣੇ ਨਵੇਂ ਰੂਪ (ਰੀਬਰਥ) ਦੀ ਹੀ ਗੱਲ਼ ਕਰਦਾ ਹੋਵੇ, ਕੁਝ ਵੀ ਹੋਵੇ,
ਆਵਾਜ਼ ਸੋਹਣੀ ਹੈ, ਬੋਲ ਵੀ ਸੋਹਣੇ ਹਨ, ਪਰ ਪੂਰੀ ਕੈਸਿਟ ਦਿਲ ਨੂੰ ਟੁੰਬਦੀ
ਨਹੀਂ ਹੈ। ਹਾਣਿਓ ਗੀਤ ਦੇ ਬੋਲ ਵੀ ਵੱਧ ਦਮਦਾਰ ਹਨ ਅਤੇ ਸੰਗੀਤ, ਪਰ
ਦੇਸੀ ਪੋਪਰ ਵਲੋਂ ਇਹ ਰੀਬਰਥ ਵਿੱਚ ਪੰਜਾਬੀ ਬੋਲਾਂ ਦੀ, ਪਿੰਡਾਂ ਦੀ ਸੋਚ
ਫੇਰ ਵੀ ਕਾਇਮ ਰਹੀ ਹੈ।
ਸਿਰਫ਼ ਦੋ ਹੀ ਗਾਣੇ ਲਿਸਟ 'ਚ ਆਏ

ਐਲਬਮ ਰੀਵਿਊ: ਖ਼ਵਾਬ - ਸ਼ੀਰਾ ਜਸਵੀਰ

ਖ਼ਵਾਬ - ਸ਼ੀਰਾ ਜਸਵੀਰ
ਆਵਾਜ਼ - ***
ਕੈਸਿਟ: ****
ਗਾਣੇ: 8
ਮੇਰੀ ਲਿਸਟ ਵਿੱਚ ਗੀਤ:
ਖ਼ਵਾਬ ਐਵੇਂ ਦੇਖ ਬੈਠੇ ਤੇਰੇ ਨਾਲ ਜੀਣ ਦਾ - ***
ਮੰਜ਼ਲ ਕਰੀਬ ਸੀ, ਪਰ ਮਾੜੇ ਨਸੀਬ - ****
ਪਿਆਰ ਤੇਰਾ - *****
ਪਿਆਰ ਦੀ ਛੋਟੀ ਜੇਹੀ ਕਹਾਣੀ - **
ਰੰਗ ਰੰਗੀਲੀ ਦੁਨਿਆਂ 'ਚੋਂ - **
ਵਿਛੋੜੇ - **

ਮੈਂ ਖੁਦ ਸ਼ੀਰਾ ਜਸਵੀਰ ਤੋਂ ਪਿਛਲੀ ਕੈਸਿਟ ਵਾਲੀ ਉਮੀਦ ਲਾਈ ਸੀ, ਭਾਵੇਂ ਕਿ ਕੁਝ ਹੱਦ ਤਾਂ ਠੀਕ ਹੈ,
ਪਰ ਫੇਰ ਵੀ ਉਸ ਦੀ ਖੁਦ ਦੀ ਆਵਾਜ਼ ਵਿੱਚ "ਬਚਪਨ" ਵਰਗੀ ਗੱਲ਼ ਨੀਂ ਬਣੀ,
ਪਰ ਜੋ ਗੀਤ ਉਸ ਨੇ ਲਿਖ ਕੇ ਹੋਰ ਗਾਇਕਾਂ ਤੋਂ ਕੈਸਿਟ 'ਚ ਗਵਾਏ ਹਨ, ਉਨ੍ਹਾਂ ਵਿੱਚੋਂ
ਦੋ ਤਾਂ ਬਹੁਤ ਹੀ ਲਾਜਵਾਬ ਹਨ "ਮੰਜ਼ਲ" ਅਤੇ "ਪਿਆਰ ਤੇਰਾ", ਇਨ੍ਹਾਂ ਦੇ ਗੀਤਾਂ ਨੇ
ਪੂਰੀ ਕੈਸਿਟ ਦੇ ਰੀਵਿਊ ਹੀ ਬਦਲ ਦਿੱਤੇ ਹਨ, ਇਹ ਗੀਤ ਸੁਣ ਕੇ ਤੁਸੀਂ ਸਮਝ
ਸਕਦੇ ਹੋ ਕਿ ਸ਼ੀਰੇ ਨੇ ਮਿਸ ਪੂਜਾ, ਸੁਦੇਸ਼ ਕੁਮਾਰੀ ਵਰਗੀਆਂ ਪੰਜਾਬੀ ਗਾਇਕਾਂ ਨੂੰ ਛੱਡ ਕੇ
ਹਿੰਦੀ ਫਿਲਮਾਂ ਦੇ ਪਲੇਅਬੈਕ ਗਾਇਕਾਂ ਤੋਂ ਇਹ ਗਾਣੇ ਕਿਓ ਗਵਾਏ ਨੇ, ਵਾਕਿਆ ਹੀ
ਅਲਕਾ ਯਾਗਨਿਕ/ਸੁਨਿਧੀ ਚੌਹਾਨ ਦੀ ਆਵਾਜ਼ ਅਤੇ ਤਜਰਬੇ ਨੇ ਗਾਣਿਆਂ ਨੂੰ ਚਾਰ ਚੰਦ ਲਾਏ ਹਨ।
ਕੁੱਲ ਮਿਲਾ ਕੇ ਕੈਸਿਟ ਵੱਡੇ ਸ਼ਹਿਰਾਂ ਤੋਂ ਆਮ ਸ਼ਹਿਰੀਂ ਟੱਚ ਵਾਲੀ ਹੈ!

ਐਲਬਮ ਰੀਵਿਊ: ਨਾਗਾਂ ਵਰਗੇ ਨੈਣ: (ਗੀਤ ਜ਼ੈਲਦਾਰ)

ਨਾਗਾਂ ਵਰਗੇ ਨੈਣ: (ਗੀਤ ਜ਼ੈਲਦਾਰ)
ਆਵਾਜ਼ - ****
ਕੈਸਿਟ: ***
ਗਾਣੇ: 8
ਮੇਰੀ ਲਿਸਟ ਵਿੱਚ ਗੀਤ:
*) ਨਾਗਾਂ ਵਰਗੇ ਨੈਣ: ****
*) ਚਾਦਰਾਂ: *
ਇੱਕ ਹੀ ਗੌਣ ਬਹੁਤ ਹੀ ਸੋਹਣਾ ਜਾਪਿਆ,
ਕੁਝ ਬਹੁਤ ਹੀ ਦੇਸੀ ਜੇਹੀ ਸ਼ਬਦ ਪੋਪ ਵਿੱਚੋਂ ਪੰਜਾਬੀ
ਨੂੰ ਛਾਣ ਕੇ ਅੱਡ ਕਰ ਸੁੱਟਦੇ ਹਨ!
"ਸ਼ਾਮ ਢਲੀ ਦੇ ਮਗਰੋਂ ਹੋਰ ਭੁਲੇਖੇ ਪੈਣ"
"ਇੰਨੀ ਪਤਲੀ ਪਤਲੋ ਜਿੱਦਾਂ _ਬਾਸੋਂ_ ਬਣੀ __ਪਰੈਣ__" (ਲਜਵਾਬ ਸ਼ਬਦ, ਬਹੁਤ ਹੀ ਸੋਹਣਾ)
"ਜ਼ੈਲਦਾਰ ਦੀ _ਜ਼ੈਲਦਾਰਨੀ_ ਕਹਿਣ" (ਮੈਨੂੰ ਸਮਝ ਨੂੰ 10 ਵਾਰ ਗਾਣਾ ਸੁਣਨਾ ਪਿਆ, ਕਦੇ "ਜ਼ੈਲਦਾਰਨੀ ਜ਼ੈਲਦਾਰਨੀ", ਕਦੇ "ਜ਼ੈਲਦਾਰ ਦੀ ਜ਼ੈਲਦਾਰ" ਦੀ ਲੱਗਿਆ, ਪਰ ਆਖਰ ਸਮਝ ਆ ਹੀ ਗਿਆ)
"ਹੂ" (ਬੇਸ਼ੱਕ ਬਿਨਾਂ ਮਤਲਬ ਹੈ, ਪਰ ਗਾਣੇ 'ਚ ਜਾਨ ਪਾਉਦਾ ਹੈ)

ਐਲਬਮ ਰੀਵਿਊ: ਆਵਾਜ਼ ਪੰਜਾਬ ਦੀ 2 - ਸੈਂਡੀ

ਸੈਂਡੀ - ਆਵਾਜ਼ ਪੰਜਾਬ ਦੀ
ਆਵਾਜ਼ - *****
ਕੈਸਿਟ: ***
ਗਾਣੇ: 8
ਮੇਰੀ ਲਿਸਟ ਵਿੱਚ ਗੀਤ:
*) ਦਿਲ ਸਾਡਾ ***
*) ਦੁਆਵਾਂ ****
*) ਤੇਰਾ ਪਿਆਰ ਸੋਹਣਿਆਂ ****
*) ਜਾਨ ਤੋਂ ਚੱਲੇ ਆਂ ****

ਮੈਨੂੰ ਐਨੀਂ ਉਮੀਦ ਨਹੀਂ ਸੀ ਸੈਂਡੀ ਤੋਂ, ਤੁਸੀਂ ਕੈਸਿਟ ਸੁਣੋਗੇ ਤਾਂ ਸ਼ਾਇਦ ਪਹਿਲੀਂ
ਵਾਰ ਠੀਕ-ਠਾਕ ਹੀ ਲੱਗੇ, ਪਰ ਇਹ ਗਾਣੇ ਕਦੇ ਵੇਹਲੇ ਬਹਿ ਕੇ ਸੁਣ ਕੇ ਵੇਖਿਓ,
ਉਸ ਦੀ ਆਵਾਜ਼ ਵਿੱਚ ਬੜੀ ਖਿੱਚ ਏ, ਕਸ਼ਿਸ਼ ਹੈ, ਜੋ ਮੈਨੂੰ ਨਰਮੀ ਅਤੇ ਸੁੱਘੜਤਾ
ਨੂਰਜਹਾਂ ਦੀ ਆਵਾਜ਼ ਵਿੱਚ ਦਿਸਦੀ ਹੈ, ਬੜੀ ਸਾਫ਼, ਡੂੰਘਾਈ ਵਾਲੀ ਹੈ।
ਕੁਝ ਲਫ਼ਜ਼ ਗਾਉਦੀ ਹੋਈ ਤਾਂ ਜਸਪਿੰਦਰ ਨਰੂਲਾ ਨਾਲੋਂ ਵੀ ਸਾਫ਼ ਲੱਗਦੀ ਹੈ!
ਸੱਚਮੁੱਚ ਹੀ ਬਹੁਤ ਸੋਹਣੀ ਆਵਾਜ਼ ਹੈ ਅਤੇ ਵਾਕਿਆ ਹੀ ਆਉਣ ਵਾਲੇ ਸਮੇਂ
ਵਿੱਚ ਕਾਮਯਾਬ ਦੇ ਲਾਇਕ ਵੀ। ਕਦੇ ਵੀ ਇੰਝ ਮਹਿਸੂਸ ਨਹੀਂ ਕਰ ਸਕਦੇ
ਕਿ ਕਿਸੇ ਦੀ ਨਕਲ ਕਰਨੀ ਦੀ ਕੋਸ਼ਿਸ਼ ਕੀਤੀ ਹੈ, ਉਸ ਦੇ ਅੰਦਰੋਂ ਆ ਰਹੀ
ਆਵਾਜ਼, ਆਪਣੀ ਆਵਾਜ਼!!
"__ਮੰਗਦੀ ਆਂ__ ਖ਼ੈਰ ਤੇਰੀ ਭਾਵੇਂ ਮੰਦਾ ਹਾਲ ਵੇ..."
"ਮਾਣ ਸੁੱਖਾਂ ਦੀਆਂ __ਛਾਂਵਾਂ__ ਵੇ.."

ਸਚਿਨ ਅਹੂਜਾ ਦੇ ਸੰਗੀਤ ਬਾਰੇ ਕੁਝ ਕਹਿਣ ਨੂੰ ਕੁਝ ਹੈ ਹੀ ਨਹੀਂ!!

ਐਲਬਮ ਰੀਵਿਊ: ਆਵਾਜ਼ ਪੰਜਾਬ ਦੀ 2 - ਮਾਸ਼ਾ ਅਲੀ

ਆਵਾਜ਼ ਪੰਜਾਬ ਦੀ 2 - ਮਾਸ਼ਾ ਅਲੀ
ਆਵਾਜ਼ - ****
ਕੈਸਿਟ: **
ਗਾਣੇ: 8
ਮੇਰੀ ਲਿਸਟ ਵਿੱਚ:
*) ਜਿੰਨੀ ਬੀਤੀ: ****
ਆਵਾਜ਼ ਤਾਂ ਸੋਹਣੀ ਲੱਗੀ, ਪਰ ਗੀਤ ਦਮਦਾਰ ਨਹੀਂ ਅਤੇ
ਸੰਗੀਤ ਵੀ ਹਲਕਾ ਜਾਪਿਆ, ਸੈਂਡ ਦੀ ਕੈਸਟਿ ਦੇ ਮੁਕਾਬਲੇ ਤਾਂ ਕੁਝ
ਵੀ ਨਹੀਂ ਹੈ। ਕੁੱਲ ਮਿਲਾ ਕੇ ਪਹਿਲੇ ਗਾਣੇ ਤੋਂ ਸਿਵਾ ਬਾਕੀ ਕੁਝ ਵੀ
ਮੇਰੀ ਲਿਸਟ ਨਹੀਂ ਆਇਆ (ਜਦੋਂ ਕਿ ਮੈਨੂੰ ਉਮੀਦ ਕਿਤੇ
ਵੱਧ ਸੀ) :-(

07 March 2008

ਐਲਬਮ ਰੀਵਿਊ: ਹਰਦੀਪ ਦੀਪਾ - ਜੋਗੀ

ਹਰਦੀਪ ਦੀਪਾ - ਜੋਗੀ
ਆਵਾਜ਼ - **
ਕੈਸਿਟ: *
ਗਾਣੇ: 8
*) ਯਾਦਾਂ : ***
*) ਜਾਨ: **
*) ਵਿਆਹ: *** (ਪੂਜਾ ਦੇ ਬੋਲਾਂ ਦੇ ਜਾਨ ਪਾਈ ਏ)
*) ਸੱਜਣਾ: ***
ਆਵਾਜ਼ ਠੀਕ ਠਾਕ ਹੀ ਹੈ, ਪੂਜਾ ਦੀ ਆਵਾਜ਼ ਕੁਝ ਦਮ
ਭਰਦੀ ਹੈ ਗਾਣਿਆਂ 'ਚ (ਜਿਵੇਂ ਕਿ ਅੱਜਕੱਲ੍ਹ ਮਾਹੌਲ ਚੱਲਦਾ ਹੈ, ਪੂਜਾ
ਫੈਕਟਰ)
ਬੋਲ ਗਾਣਿਆਂ ਦੇ ਕੁਝ ਦਮਦਾਰ ਹਨ, ਇਸਕਰਕੇ ਲਿਸਟ ਵਿੱਚ ਹੈ!

ਕੈਸਿਟ ਰਵਿਊ: ਅਮੈਜ਼ਨ (ਜੇ ਮੈਨੀ)

ਅਮੈਜ਼ਨ (ਜੇ ਮੈਨੀ)
ਆਵਾਜ਼ - ***
ਕੈਸਿਟ: **
ਗਾਣੇ: 8
ਮੇਰੀ ਲਿਸਟ ਵਿੱਚ ਗੀਤ:
*) ਚੜ੍ਹਦੇ ਨੂੰ ਟੇਕੀਏ ਨਾ ਮੱਥਾ - ****
*) ਜਵਾਨੀ - **
*) ਝਾਂਜ਼ਰ - **
*) ਨਜ਼ਰ - ***

ਗਾਣਿਆਂ ਦੇ ਬੋਲ ਸੋਹਣੇ ਹਨ, ਆਵਾਜ਼ ਵੀ ਸੋਹਣੀ ਹੈ ਅਤੇ ਲਫ਼ਜ਼ਾਂ ਦਾ ਨਿਖਾਰ
ਵੀ ਠੀਕ ਹੈ!

"ਇੱਕ ਅਸੀਂ ਚੜ੍ਹਦੇ ਨੂੰ ਟੇਕੀਏ ਨਾ ਮੱਥਾ, ਦੂਜਾ ਅਸੀਂ ਡੁੱਬਦੇ ਨੂੰ ਪਿੱਠ ਨੀਂ ਵੇਖਾਉਦੇ"
ਗਾਣਾ ਬਹੁਤ ਹੀ ਵਧੀਆ ਹੈ

19 February 2008

ਗੁਰਦਾਸ ਮਾਨ ਅਤੇ ਪੰਜਾਬੀ (ਗੁਰਮੁਖੀ) ਪਿਆਰ

ਮੈਨੂੰ ਗੁਰਦਾਸ ਮਾਨ ਉੱਤੇ ਮਾਣ ਹੈ ਤੁਹਾਡੇ ਵਾਂਗ ਹੀ, ਜੋ ਵੀ ਉਸ ਨੇ
ਕੀਤਾ ਹੈ, ਸ਼ਾਇਦ ਸਭ ਨੂੰ ਹੈ, ਪਰ ਨਵੀਂ ਆਈ ਕੈਸਿਟ ਉੱਤੇ
ਕੁਝ ਅਜੀਬ ਜੇਹਾ ਲੱਗਾ, ਜਦੋਂ ਵੇਖਿਆ ਕਿ ਪੰਜਾਬੀ ਵਿੱਚ ਕੈਸਿਟ
ਦਾ ਨਾਂ ਛੋਟਾ ਜੇਹਾ, ਸਾਰੇ ਗਾਣਿਆਂ ਬਾਰੇ ਜਾਣਕਾਰੀ ਵੀ ਕੇਵਲ
ਅੰਗਰੇਜ਼ੀ ਵਿੱਚ ਹੀ ਹੈ। ਇੱਕ ਵੀ ਲਫ਼ਜ਼ ਪੰਜਾਬੀ ਵਿੱਚ ਨਹੀਂ ਹੈ।

ਚੱਲੋਂ ਛੋਟਾ ਗਾਇਕ ਹੋਵੇ, ਹੋਰ ਕੋਈ ਵੀ ਹੋਵੇ, ਭਾਵੇਂ ਮਲਕੀਤ,
ਜ਼ੈਜੀ ਬੀ ਹੋਵੇ, ਮੈਂ ਪਰਵਾਹ ਨੀਂ ਕਰਦਾ, ਪਰ ਗੁਰਦਾਸ ਮਾਨ
ਦੀ ਕੈਸਿਟ ਹੋਵੇ ਅਤੇ ਪੰਜਾਬੀ ਦੀ ਏਡੀ ਬੇਕਦਰੀ!

ਭਾਵੇਂ ਕਿੱਡੀ ਵੀ ਵੱਡੀ ਕੰਪਨੀ ਕਿਓ ਨਾ ਹੋਵੇ, ਗੁਰਦਾਸ ਮਾਨ
ਤਾਂ ਕਹਿ ਸਕਦਾ ਹੈ ਬਾਈ ਪੰਜਾਬੀ ਵਿੱਚ "ਵੀ" ਲਿਖ ਦਿਓ,
ਜੇ ਅੰਗਰੇਜ਼ੀ ਵਿੱਚ ਨਹੀਂ ਲਿਖਣੇ ਤਾਂ, ਪਰ ਨਹੀਂ
ਲੋਕ ਵੀ ਪੁੱਛਦੇ ਨੀਂ, ਮੰਗਦੇ ਨਹੀਂ, ਅਤੇ ਕੰਪਨੀ ਨੂੰ ਲੋੜ ਹੀ
ਨਹੀਂ ਲੱਗਦੀ ਹੈ। ਇਸਕਰਕੇ ਗੁਰਦਾਸ ਮਾਨ ਅਤੇ ਲੋਕ
ਦੋਵੇਂ ਬਰੋਬਰ ਹਨ ਇਸ ਅਫਸੋਸ ਲਈ।

"ਮਾਂ ਬੋਲੀ ਦਾ ਮਰ-ਜਾਣਾ ਗੁਰਦਾਸ" ਗੱਲਾਂ ਤਾਂ ਨੀਂ ਕਿਤੇ?

06 February 2008

ਛੱਪੜਾਂ ਦੀ ਗਾਥਾ

ਪੰਜਾਬ ਦਾ ਅਜਿਹਾ ਕੋੲੀ ਵੀ ਪਿੰਡ ਨਹੀਂ ਹੋਣਾ ਜਿਥੇ ਛੱਪੜ ਨਾ ਹੋਵੇ। ਵੱਡੇ ਪਿੰਡਾਂ ਵਿਚ ਤਾਂ ਛੱਪੜ ਤਿੰਨ-ਚਾਰ ਤੱਕ ਵੀ ਹੁੰਦੇ ਹਨ। ਪੁਰਾਤਨ ਸੱਭਿਆਚਾਰ ਵਿਚ ਲੋਕ ਗੀਤਾਂ, ਕਹਾਣੀਆਂ ’ਚ ਛੱਪੜ ਦਾ ਜ਼ਿਕਰ ਆਮ ਆਉਂਦਾ ਹੈ। ਪੁਰਾਣੇ ਸਮਿਆਂ ਵਿਚ ਲੋਕ ਆਪਣੇ ਪਸ਼ੂਆਂ ਨੂੰ ਛੱਪੜ ਦੇ ਨੇੜੇ ਚਾਰਿਆ ਕਰਦੇ ਸਨ। ਪਸ਼ੂਆਂ ਨੂੰ ਪਾਣੀ ਪਿਲਾਉਂਦੇ ਤੇ ਨਹਾਉਂਦੇ ਵੀ ਸਨ। ਔਰਤਾਂ ਛੱਪੜ ਦੇ ਕੰਢੇ ’ਤੇ ਬੋਰੀ ਜਾਂ ਪੋਲੀਥੀਨ ਵਿਛਾ ਕੇ ਕੱਪੜੇ ਧੋਇਆ ਕਰਦੀਆਂ ਸਨ। ਭਾਵੇਂ ਅੱਜ ਛੱਪੜਾਂ ’ਚ ਸਾਫ ਪਾਣੀ ਪਾਉਣ ਦੀ ਵਿਵਸਥਾ ਨਾ ਹੋਣ ਕਾਰਨ ਛੱਪੜ ਬਹੁਤ ਜ਼ਿਆਦਾ ਦੂਸ਼ਿਤ ਹੋ ਚੁੱਕੇ ਹਨ ਪਰ ਇਸ ਦੇ ਬਾਵਜੂਦ ਛੱਪੜ ਨੂੰ ਪਵਿੱਤਰ ਮੰਨਿਆ ਜਾਂਦਾ ਹੈ। ਅੱਜ ਵੀ ਕੲੀ ਥਾੲੀਂ ਪ੍ਰੰਰਪਰਾ ਹੈ ਕਿ ਘਰ ’ਚ ਜਦੋਂ ਕੋੲੀ ਮੱਝ ਜਾਂ ਗਾਂ ਸੂੰਦੀ ਹੈ ਤਾਂ ਪਹਿਲੀ ਵਾਰ ਉਸ ਦਾ ਚੋਇਆ ਦੁੱਧ ਛੱਪੜ ਵਿਚ ਵਹਾ ਦਿੱਤਾ ਜਾਂਦਾ ਹੈ। ਮੌਜੂਦਾ ਦੌਰ ਵਿਚ ਲੋਕਾਂ ਦੇ ਘਰਾਂ ਵਿਚ ਬਿਜਲੲੀ ਮੋਟਰਾਂ ਆ ਗੲੀਆਂ ਹਨ। ਮੱਝਾਂ ਨਹਾਉਣ, ਉਨ੍ਹਾਂ ਨੂੰ ਪਾਣੀ ਪਿਆਉਣ ਤੇ ਔਰਤਾਂ ਕੱਪੜੇ ਧੋਣ ਦਾ ਕੰਮ ਘਰਾਂ ਅੰਦਰ ਹੀ ਕਰਦੀਆਂ ਹਨ।
ਦੂਜੇ ਪਾਸੇ ਪੇਂਡੂ ਰਹਿਣ-ਸਹਿਣ ਵਿਚ ਭਾਰੀ ਬਦਲਾਅ ਆਉਣ ਕਰਕੇ ਦੂਸ਼ਿਤ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਵਧ ਗੲੀ ਹੈ। ਇਸ ਲੲੀ ਚਾਹੀਦਾ ਤਾਂ ਇਹ ਹੈ ਕਿ ਛੱਪੜ ਸਾਬਤ-ਸਬੂਤੇ ਰਹਿਣ ਪਰ ਅਜਿਹਾ ਨਹੀਂ ਹੋ ਰਿਹਾ। ਇਨ੍ਹਾਂ ਛੱਪੜਾਂ ਦੇ ਕੰਢਿਆਂ ’ਤੇ ਵਸੇ ਘਰ ਪਹਿਲਾਂ-ਪਹਿਲ ਛੱਪੜ ’ਚ ਰੂੜੀ ਲਾਉਂਦੇ ਹਨ ਜਾਂ ਥੋੜ੍ਹੀ ਜਿਹੀ ਭਰਤੀ (ਮਿੱਟੀ) ਪਾ ਕੇ ਪਸ਼ੂ ਬੰਨ੍ਹ ਦਿੰਦੇ ਹਨ ਤੇ ਕੲੀ ਸੁੱਕਾ ਬਾਲਣ ਵੀ ਰੱਖ ਦਿੰਦੇ ਹਨ। ਅਗਲੇ ਪੜਾਅ ’ਚ ਪਸ਼ੂਆਂ ਦਾ ਵਾੜਾ ਤੇ ਕੁਝ ਸਮੇਂ ਬਾਅਦ ਉਥੇ ਮਕਾਨ ਉਸਰ ਜਾਂਦਾ ਹੈ। ਇਉਂ ਛੱਪੜ ਦੀ ਹੋਂਦ ਖਤਰੇ ਵਿਚ ਪੈ ਜਾਂਦੀ ਹੈ ਤੇ ਬਾਰਸ਼ਾਂ ਦੇ ਦਿਨਾਂ ਵਿਚ ਛੱਪੜ ਦਾ ਪਾਣੀ ਓਵਰ ਫਲੋਅ ਹੋ ਜਾਂਦਾ ਹੈ। ਛੱਪੜ ਦਾ ਆਕਾਰ ਘਟਣ ਨਾਲ ਇਸ ਦਾ ਪਾਣੀ ਵਧੇਰੇ ਬਦਬੂ ਮਾਰਦਾ ਹੈ ਤੇ ਲੋਕਾਂ ਨੂੰ ਪ੍ਰੇਸ਼ਾਨ ਕਰਦਾ ਹੈ। ‘ਕਿਹੜਾ ਦੁਸ਼ਮਣੀ ਮੁੱਲ ਲਵੇ’ ਕਹਿ ਕੇ ਪਿੰਡ ਦਾ ਕੋੲੀ ਵੀ ਜ਼ਿੰਮੇਵਾਰ ਵਿਅਕਤੀ ਛੱਪੜ ’ਤੇ ਹੋ ਰਹੇ ਨਾਜਾਇਜ਼ ਕਬਜ਼ੇ ਖਿਲਾਫ ਮੂੰਹ ਖੋਲ੍ਹਣ ਨੂੰ ਤਿਆਰ ਨਹੀਂ ਹੁੰਦਾ।

-ਮੋਹਰ ਗਿੱਲ ਸਿਰਸੜੀ,
ਪਿੰਡ ਤੇ ਡਾਕ: ਸਿਰਸੜੀ, ਫਰੀਦਕੋਟ-151207. ਮੋਬਾ: 98156-59110.
ਧੰਨਵਾਦ ਸਹਿਤ (ਰੋਜ਼ਾਨਾ ਅਜੀਤ ਜਲੰਧਰ - 7 ਫਰਵਰੀ 2008) ਵਿੱਚੋਂ

ਮਿੰਨੀ ਕਹਾਣੀ - ਸਰਪੰਚੀ

ਸਰਕਾਰ ਵੱਲੋਂ ਰਾਖਵੇਂਕਰਨ ਦੇ ਅਧੀਨ ਗਰੀਬ ਘਰ ਦਾ ਇਕ ਬੰਦਾ ਸਰਪੰਚ ਖੜ੍ਹ ਗਿਆ। ਪਿੰਡਾਂ ਵਿਚ ਜਦੋਂ ਵੀ ਕੋੲੀ ਚੋਣ ਲੜੀ ਜਾਂਦੀ ਹੈ ਤਾਂ ਧੜੇਬੰਦੀ ਕਾਰਨ ਖਰਚਾ ਵੱਧ ਹੋ ਜਾਂਦਾ ਹੈ। ਖਰਚਾ ਤਾਂ ਬਹੁਤਾ ਉਸ ਪਾਰਟੀ ਨੇ ਫੰਡ ਇਕੱਠਾ ਕਰਕੇ ਹੀ ਕਰ ਦਿੱਤਾ ਸੀ। ਫਿਰ ਵੀ ਥੋੜ੍ਹੇ-ਬਹੁਤੇ ਨਾਲ ਉਸ ਸਿਰ ਵੀ ਕਰਜ਼ਾ ਚੜ੍ਹ ਗਿਆ। ਪਰ ਸਰਪੰਚੀ ਆਖਰ ਉਹੀ ਜਿੱਤ ਗਿਆ। ਹੁਣ ਉਹ ਪਿੰਡ ਵਿਚ ਅਕਸਰ ਕਹਿੰਦਾ ਫਿਰਦਾ ਹੈ ਕਿ ਮੈਂ ਤਾਂ ਸਰਪੰਚੀ ਕਾਰਨ ਦਿਹਾੜੀ ਵੀ ਨਹੀਂ ਕਰ ਸਕਦਾ, ਲੋਕ ਕੀ ਕਹਿਣਗੇ ਕਿ ਸਰਪੰਚ ਦਿਹਾੜੀਆਂ ਕਰਦਾ ਹੈ। ਬਹੁਤੇ ਆਮ ਲੋਕ ਤਾਂ ਉਸ ਦੀ ਗੱਲ ਸੁਣ ਕੇ ਹੱਸ ਛੱਡਦੇ ਹਨ ਪਰ ਇਕ ਅੱਧ ਸੂਝਵਾਨ ਬੰਦਾ ਸਰਕਾਰ ਦੇ ਰਾਖਵੇਂਕਰਨ ਦੀ ਨੀਤੀ ਬਾਰੇ ਜ਼ਰੂਰ ਗੰਭੀਰਤਾ ਨਾਲ ਸੋਚਦਾ ਹੈ ਕਿ ਸਰਕਾਰ ਨੇ ਗਰੀਬਾਂ ਨੂੰ ਨੌਕਰੀ ਤਾਂ ਕੀ ਦੇਣੀ ਹੈ ਸਗੋਂ ਉਨ੍ਹਾਂ ਨੂੰ ਸਿਆਸਤ ਵਿਚ ਵਾੜ ਕੇ ਉਨ੍ਹਾਂ ਦੀ ਪਹਿਲਾਂ ਵਾਲੀ ਮਾੜੀ-ਮੋਟੀ ਆਮਦਨ ’ਤੇ ਵੀ ਰੋਕ ਲਗਾ ਰਹੀ ਹੈ।

-ਗੁਰਪ੍ਰੀਤ ਬਰਾੜ ਲੰਡੇ
ਪਿੰਡ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ।
(ਧੰਨਵਾਦ ਸਹਿਤ ਰੋਜ਼ਾਨਾ ਅਜੀਤ)